ਭੋਗ ਤੇ ਵਿਸ਼ੇਸ਼: ਸਿੱਖਿਆ ਅਤੇ ਸਾਹਿਤ ਦਾ ਸੁਮੇਲ, ਪ੍ਰਿੰਸੀਪਲ ਕੇਵਲ ਕ੍ਰਿਸ਼ਨ ਸ਼ਰਮਾ
ਅਸ਼ੋਕ ਵਰਮਾ
ਬਠਿੰਡਾ, 15 ਅਪ੍ਰੈਲ 2025: ਸਕੂਲ ਸਿੱਖਿਆ ਵਿਭਾਗ ਵਿੱਚੋਂ ਸਵੈ- ਇੱਛਾ ਨਾਲ ਸੇਵਾ ਮੁਕਤ ਹੋਏ ਪ੍ਰਿੰਸੀਪਲ ,ਸਮਰੱਥ ਸ਼ਾਇਰ ਅਤੇ ਦੋਸਤੀ ਦੀ ਅਨੋਖੀ ਤੇ ਅਨੂਠੀ ਮਿਸਾਲ ਕੇਵਲ ਕ੍ਰਿਸ਼ਨ ਸ਼ਰਮਾ ਜੋ ਕਿ 3 ਅਪ੍ਰੈਲ, 2025 ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਦਾ ਜਨਮ 24 ਸਤੰਬਰ 1967 ਈ. ਨੂੰ ਮਰਹੂਮ ਪਿਤਾ ਸ਼੍ਰੀ ਤੀਰਥ ਰਾਮ ਤਿਵਾੜੀ ਦੇ ਗ੍ਰਹਿ ਵਿਖੇ ਮਾਤਾ ਸ਼੍ਰੀਮਤੀ ਕੌਸ਼ੱਲਿਆ ਦੇਵੀ ਦੀ ਕੁੱਖੋਂ ਹੋਇਆ। ਉਸਨੇ ਮੁੱਢਲੀ ਤਾਲੀਮ ਬਠਿੰਡਾ ਦੇ ਸੈਂਟ ਜੌਸਫ ਕਾਨਵੈਂਟ ਸਕੂਲ ਤੋਂ ਪ੍ਰਾਪਤ ਕੀਤੀ। ਉੱਚ ਸਿੱਖਿਆ ਬੀ.ਐਸ.ਸੀ., ਬੀ. ਐੱਡ, ਐਮ.ਐੱਡ ਫਰੀਦਕੋਟ ਦੀਆਂ ਨਾਮੀ ਸੰਸਥਾਵਾਂ ਤੋੰ ਪ੍ਰਾਪਤ ਕਰਨ ਉਪਰੰਤ ਐਮ.ਏ. ਅੰਗਰੇਜ਼ੀ ਸਥਾਨਕ ਰੀਜਨਲ ਸੈਂਟਰ ਤੋਂ ਪ੍ਰਾਪਤ ਕੀਤੀ।
ਉਸਨੇ ਆਪਣਾ ਸੇਵਾ ਸਫ਼ਰ 1991 ਈ. ਵਿੱਚ ਬਤੌਰ ਪ੍ਰਾ. ਅਧਿਆਪਕ ਗੌਰਮੈਂਟ ਪ੍ਰਾਇਮਰੀ ਸਕੂਲ, ਬੰਗੀ ਰੁੱਘੂ ਤੋਂ ਸ਼ੁਰੂ ਕੀਤਾ ਅਤੇ ਫਿਰ ਬਤੌਰ ਸਾਇੰਸ ਮਾਸਟਰ ਅਤੇ ਅੰਗਰੇਜ਼ੀ ਲੈਕਚਰਰ ਵੱਖ ਵੱਖ ਪਿੰਡਾਂ ਦੇ ਸਕੂਲਾਂ ਜਿਵੇਂ ਗੰਗਾ, ਝੁਨੀਰ, ਰਾਏਪੁਰ ਮਾਖਾ, ਦਿਆਲਪੁਰਾ ਭਾਈ ਕਾ ਆਦਿ ਵਿਖੇ ਸੇਵਾ ਕਰਦਿਆਂ ਗੌ. ਸੀਨੀ. ਸਕੈਂ. ਸਕੂਲ, ਬੀੜ ਬਹਿਮਣ ਤੋਂ ਸਿਹਤ ਦੀ ਸਮੱਸਿਆ ਕਾਰਨ ਸਵੈ- ਇੱਛਾ ਨਾਲ ਸੇਵਾ ਮੁਕਤੀ ਲੈ ਲਈ।
ਕੇਵਲ ਸ਼ਰਮਾ ਜਿੱਥੇ ਇੱਕ ਵਧੀਆ ਅਧਿਆਪਕ ਅਤੇ ਕੁਸ਼ਲ ਸਕੂਲ ਪ੍ਰਬੰਧਕ ਸੀ, ਉੱਥੇ ਉਹ ਇੱਕ ਸੰਵੇਦਨਸ਼ੀਲ ਅਤੇ ਸਮਰੱਥ ਸ਼ਾਇਰ ਵੀ ਸੀ। ਉਸ ਨੇ 'ਬਾਬੀਹਾ' 'ਤੇਰੀਆਂ-ਮੇਰੀਆਂ' ਨਾਮਿਕ ਦੋ ਕਾਵਿ ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾਏ। ਉਹ ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਸਾਹਿਤ ਸਿਰਜਣਾ ਮੰਚ, ਬਠਿੰਡਾ ਦਾ ਸਨਮਾਨ ਯੋਗ ਮੈਂਬਰ ਵੀ ਸੀ। ਉਸ ਦੀ ਦੋਸਤੀ ਦੇ ਘੇਰੇ ਵਿੱਚ ਵੱਖ ਵੱਖ ਖੇਤਰਾਂ ਦੀਆਂ ਨਾਮੀ ਸ਼ਖਸ਼ੀਅਤਾਂ ਸ਼ਾਮਿਲ ਸਨ। ਜਿਗਰ ਦੀ ਨਾਮੁਰਾਦ ਬਿਮਾਰੀ ਨਾਲ ਜੂਝਦਿਆਂ ਕੇਵਲ ਕ੍ਰਿਸ਼ਨ ਆਖੀਰ
3 ਅਪ੍ਰੈਲ, 2025 ਨੂੰ ਆਪਣੀ ਸੁਪਤਨੀ ਪਰਮਜੀਤ ਕੌਰ, ਦੋ ਸਪੁੱਤਰਾਂ ਹਸਰਤ ਅਤੇ ਸਾਹਿਲ ਅਤੇ ਨੂੰਹ ਰਾਣੀ ਨੇਚਰਦੀਪ ਨੂੰ ਸਦੀਵੀ ਵਿਛੋੜਾ ਦੇ ਗਿਆ।
ਉਸ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਗਰੁੜ ਪੁਰਾਣ ਦੇ ਪਾਠ ਦੇ ਭੋਗ ਕੱਲ੍ਹ 16ਅਪ੍ਰੈਲ, ਦਿਨ ਬੁੱਧਵਾਰ, 12 ਵਜੇ ਤੋਂ 1 ਵਜੇ ਤਕ ਲਾਰਡ ਰਾਮਾ ਹਾਲ, ਨੇੜੇ ਰਾਮਬਾਗ , ਅਨਾਜ ਮੰਡੀ ਬਠਿੰਡਾ ਵਿਖੇ ਪਾਏ ਜਾਣਗੇ।
ਇਸ ਮੌਕੇ ਵੱਖ ਵੱਖ ਖੇਤਰਾਂ ਦੀਆਂ ਉੱਘੀਆਂ ਸ਼ਖ਼ਸੀਅਤਾਂ ਵਿਛੜੀ ਆਤਮਾ ਨੂੰ ਸ਼ਰਧਾਂਜਲੀਆਂ ਭੇਂਟ ਕਰਨਗੀਆਂ।