ਬਾਜਵਾ ਖਿਲਾਫ਼ FIR ਦੀਆਂ ਧਾਰਾਵਾਂ ਆਈਆਂ ਸਾਹਮਣੇ! ਕੀ ਨੇ ਦੋਸ਼, ਕਿੰਨੀ ਹੋ ਸਕਦੀ ਸਜ਼ਾ? ਪੜ੍ਹੋ FIR ਦੀ ਕਾਪੀ
ਪੰਜਾਬ ਪੁਲਿਸ ਦੇ ਸੋਸ਼ਲ ਮੀਡੀਆ ਸੈੱਲ ਦੀ ਕਰਮਚਾਰੀ ਦੀ ਸ਼ਿਕਾਇਤ 'ਤੇ ਦਰਜ ਹੋਇਆ ਹੈ ਬਾਜਵਾ ਖ਼ਿਲਾਫ਼ ਕੇਸ
ਰਵੀ ਜੱਖੂ
ਚੰਡੀਗੜ੍ਹ, 14 ਅਪ੍ਰੈਲ 2025- ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਖ਼ਿਲਾਫ਼ ਸਾਈਬਰ ਕ੍ਰਾਈਮ ਪੁਲਿਸ ਥਾਣਾ 7 ਫ਼ੇਜ਼ ਮੋਹਾਲੀ ਵਿਖੇ BNS ਦੀ ਧਾਰਾ 353(2) ਅਤੇ 197(1)(d) ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਪੁਲਿਸ ਦੇ ਸੋਸ਼ਲ ਮੀਡੀਆ ਸੈੱਲ ਦੀ ਕਰਮਚਾਰੀ ਤਰਨਪ੍ਰੀਤ ਕੌਰ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਵੱਲੋਂ ਦਰਜ ਕੀਤਾ ਗਿਆ ਹੈ।
ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦਰਜ ਕਰਵਾਏ ਆਪਣੇ ਬਿਆਨਾਂ ਵਿੱਚ ਦੱਸਿਆ ਹੈ ਕਿ ਉਹ ਮੋਹਾਲੀ ਪੁਲਿਸ ਦੇ ਸੋਸ਼ਲ ਮੀਡੀਆ ਸੈੱਲ ਵਿਖੇ ਤੈਨਾਤ ਹੈ ਅਤੇ ਰੋਜ਼ਾਨਾ ਦੀ ਤਰ੍ਹਾਂ ਬੀਤੇ ਦਿਨ ਵੀ ਉਹ ਸੋਸ਼ਲ ਮੀਡੀਆ ਸਾਈਟਾਂ ਤੇ ਕੰਟੈਂਟ ਦੇਖ ਰਹੀ ਸੀ ਤਾਂ, ਇਸੇ ਦੌਰਾਨ ਹੀ ਉਸਨੂੰ ਇੱਕ ਵੀਡੀਓ ਮਿਲੀ, ਜਿਸ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦਾ ਇੱਕ ਇੰਟਰਵਿਊ ਸੀ, ਜਿਸ ਵਿੱਚ ਉਹ ਦਾਅਵਾ ਕਰਦੇ ਵਿਖਾਈ ਦੇ ਰਹੇ ਹਨ ਕਿ 50 ਗ੍ਰਨੇਡ ਪੰਜਾਬ ਵਿੱਚ ਪਹੁੰਚ ਗਏ ਹਨ, ਜਿਨ੍ਹਾਂ ਵਿੱਚੋਂ 18 ਦੀ ਵਰਤੋਂ ਹੋ ਚੁੱਕੀ ਹੈ, ਜਦੋਂਕਿ 32 ਸੂਬਾ ਪੰਜਾਬ ਦੇ ਅੰਦਰ ਪਏ ਹਨ, ਜੋ ਵਿਸਫੋਟ ਕੀਤੇ ਜਾਣਗੇ ਹਨ।
ਸ਼ਿਕਾਇਤਕਰਤਾ ਨੇ ਆਪਣੇ ਬਿਆਨ ਵਿੱਚ ਅੱਗੇ ਇਹ ਵੀ ਦੱਸਿਆ ਹੈ ਕਿ ਬਾਜਵਾ ਦੇ ਬਿਆਨ ਤੋਂ ਸਪੱਸ਼ਟ ਹੁੰਦਾ ਹੈ ਕਿ ਉਸਨੇ ਇਸ ਜਾਣਕਾਰੀ ਦੇ ਸਰੋਤ ਜਾਂ ਸੰਭਾਵਿਤ ਟੀਚਿਆਂ ਦਾ ਖ਼ੁਲਾਸਾ ਨਹੀਂ ਕੀਤਾ, ਜਿਨ੍ਹਾਂ ਵਿਰੁੱਧ ਇਹ ਗ੍ਰਨੇਡ ਵਰਤੇ ਜਾਣੇ ਹਨ। ਅਜਿਹਾ ਬਿਆਨ ਦੇ ਕੇ ਉਨ੍ਹਾਂ (ਬਾਜਵਾ) ਦਾ ਇਰਾਦਾ ਜਨਤਕ ਸ਼ਾਂਤੀ ਨੂੰ ਭੰਗ ਕਰਨਾ ਹੈ, ਜਿਸ ਨਾਲ ਵੱਖ ਵੱਖ ਭਾਈਚਾਰਿਆਂ ਵਿੱਚ ਡਰ ਅਤੇ ਦੁਸ਼ਮਣੀ ਦੀ ਭਾਵਨਾ ਪੈਦਾ ਹੁੰਦੀ ਹੈ। ਇਹ ਇੰਟਰਵਿਊ ਜਾਣਬੁੱਝ ਕੇ ਝੂਠੀ ਅਤੇ ਗੁਮਰਾਹਕੁਨ ਜਾਣਕਾਰੀ ਫੈਲਾਅ ਕੇ ਅਸ਼ਾਂਤੀ ਪੈਦਾ ਕਰਨ ਲਈ ਦਿੱਤਾ ਗਿਆ ਜਾਪਦਾ ਹੈ, ਜੋ ਜਨਤਕ ਸ਼ਾਂਤੀ, ਏਕਤਾ ਅਤੇ ਅਖੰਡਤਾ ਨੂੰ ਖ਼ਤਰੇ ਵਿੱਚ ਪਾਉਂਦੀ ਹੈ।
ਇਸ ਲਿੰਕ 'ਤੇ ਕਲਿੱਕ ਕਰਕੇ ਪੜ੍ਹੋ FIR ਦੀ ਕਾਪੀ- https://drive.google.com/file/d/1Z_ddgwriqyWV-Vi3IlkpknlVbVpydHbz/view?usp=sharing
ਬਾਜਵਾ ਖਿਲਾਫ਼ ਦਰਜ ਧਾਰਾਵਾਂ ਅਨੁਸਾਰ ਕੀ ਲੱਗੇ ਦੋਸ਼
ਪ੍ਰਤਾਪ ਸਿੰਘ ਬਾਜਵਾ ਖਿਲਾਫ਼ ਦਰਜ ਕੀਤੇ ਗਏ ਕੇਸ ਵਿੱਚ ਸ਼ਾਮਲ ਧਾਰਾਵਾਂ ਅਨੁਸਾਰ, BNS ਸੈਕਸ਼ਨ 353(2) ਜਨਤਕ ਨੁਕਸਾਨ ਪਹੁੰਚਾਉਣ ਵਾਲੇ ਬਿਆਨਾਂ ਨਾਲ ਸਬੰਧਤ ਹੈ, ਜਿਸ ਵਿੱਚ ਬੁਰੀ ਭਾਵਨਾ ਨੂੰ ਉਤਸ਼ਾਹਿਤ ਕਰਨ ਵਾਲੇ ਬਿਆਨ ਸ਼ਾਮਲ ਹਨ, ਜਦਕਿ BNS ਸੈਕਸ਼ਨ 197(1)(d) ਰਾਸ਼ਟਰੀ ਏਕਤਾ ਲਈ ਨੁਕਸਾਨਦੇਹ ਆਰੋਪਾਂ ਜਾਂ ਦਾਅਵਿਆਂ ਨਾਲ ਸਬੰਧਤ ਹੈ। BNS ਦੀਆਂ ਇਨ੍ਹਾਂ ਧਾਰਾਵਾਂ ਦੇ ਤਹਿਤ ਮੁਜ਼ਰਮ ਨੂੰ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।