ਕੌਲ ਦੇ ਹਮੇਸ਼ਾਂ ਪੱਕੇ ਰਹੋ
ਕੌਲ ਜਾਂ ਇਕਰਾਰ,ਦੋਹਾਂ ਸ਼ਬਦਾਂ ਦਾ ਅਰਥ ਇੱਕੋ ਹੈ,ਵਾਅਦਾ।ਜੋ ਤੁਸੀਂ ਕਿਸੇ ਨਾਲ ਕਰਦੇ ਹੋ ਜਾਂ ਤੁਹਾਡੇ ਨਾਲ ਕੋਈ ਕਰਦਾ ਹੈ।ਲੋਕ ਭਾਸ਼ਾ ਚ ਇਸ ਨੂੰ ਜੁਬਾਨ ਵੀ ਕਹਿੰਦੇ ਹਨ।ਭਾਵ ਜੋ ਤੁਸੀਂ ਕਿਸੇ ਨੂੰ ਜ਼ੁਬਾਨ ਦਿੰਦੇ ਹੋ ਉਸ ਨੂੰ ਪੂਰਾ ਕਰੋ।ਕਿਉਂਕਿ ਜ਼ੁਬਾਨ ਤੋਂ ਨਿਕਲੇ ਬੋਲਾਂ ਦਾ ਮੁੱਲ ਹੁੰਦਾ ਹੈ।ਇਸ ਵਾਸਤੇ ਜੇ ਤੁਸੀਂ ਕਿਸੇ ਨਾਲ ਜ਼ੁਬਾਨ ਕਰਦੇ ਹੋ,ਉਸ ਨੂੰ ਹਰ ਹਾਲ ਚ ਪੁਗਾਉ।ਜੇ ਮੁੱਕਰੋਗੇ ਤਾਂ ਬੇ ਜ਼ੁਬਾਨੇ ਅਖਵਾਉਗੇ।ਪੁਰਾਣੇ ਸਮਿਆਂ ਚ ਲੋਕ ਜ਼ੁਬਾਨ ਦੇ ਬੜੇ ਪੱਕੇ ਹੁੰਦੇ ਸਨ।ਜੋ ਕਹਿ ਤਾ,ਸੋ ਕਹਿ ਤਾ।ਇਸ ਲਈ ਰਿਸ਼ਤੇ ਨਾਤੇ ਬਣੇ ਰਹਿੰਦੇ ਸਨ ਤੇ ਲੰਬਾ ਸਮਾਂ ਨਿਭਦੇ ਸਨ।ਵਜ੍ਹਾ ਇਹ ਕੇ ਲੋਕ ਕੌਲ ਨੂੰ ਨਿਭਾਉਂਦੇ ਸਨ।
ਹਮੇਸ਼ਾਂ ਯਾਦ ਰੱਖੋ ਜ਼ੁਬਾਨ ਦੇ ਪੱਕੇ ਹੋਣ ਤੇ ਕਾਮਯਾਬੀ ਜਲਦੀ ਹਾਸਲ ਹੁੰਦੀ ਹੈ।ਜੇ ਤੁਸੀਂ ਜ਼ੁਬਾਨ ਦੇ ਪੱਕੇ ਹੋ ਤਾਂ ਲੋਕ ਤੁਹਾਡੇ ਤੇ ਭਰੋਸਾ ਕਰਨਗੇ ਜਿਸ ਦੇ ਆਸਰੇ ਤੁਸੀਂ ਲੱਖਾਂ ਕਰੋੜਾਂ ਦਾ ਵਿਉਪਾਰ ਕਰ ਸਕਦੇ ਹੋ।ਪਰ ਜੇ ਤੁਸੀਂ ਇਕਰਾਰ ਦੇ ਪੱਕੇ ਨਹੀਂ ਤਾਂ ਤੁਹਾਡੇ ਉੱਤੇ ਕੋਈ ਯਕੀਨ ਨਹੀਂ ਕਰੇਗਾ।ਚਾਹੇ ਤੁਸੀਂ ਲੱਖ ਮਿੰਨਤਾਂ ਕਰੋ। ਸਿਆਣੇ ਆਖਦੇ ਹਨ ਕਿ ਕੌਲ ਦੇ ਇੰਨੇ ਪੱਕੇ ਹੋਵੋ ਕੇ ਤੁਹਾਡੇ ਨਿੱਕੇ ਜਿੰਨੇ ਬੋਲ ਤੇ ਲੋਕ ਤੁਹਾਡੇ ਪਿੱਛੇ ਲੱਗ ਤੁਰਨ।
ਜੇ ਇਕਰਾਰ ਟੁੱਟਦਾ ਹੈ ਤਾਂ ਵਿਸ਼ਵਾਸ਼ ਟੁੱਟਦਾ ਹੈ।ਇਸ ਲਈ ਜਦੋ ਵੀ ਤੁਸੀਂ ਕਿਸੇ ਨਾਲ ਕੋਈ ਇਕਰਾਰ ਕਰੋ ਤਾਂ ਸੋਚ ਸਮਝ ਕੇ ਕਰੋ।ਜੇ ਉਸ ਨੂੰ ਪੂਰਾ ਨਹੀਂ ਕਰ ਸਕਦੇ ਤਾਂ ਕਦੇ ਨਾ ਕਰੋ।ਜਿਸ ਨਾਲ ਤੁਸੀਂ ਇਕਰਾਰ ਕਰਦੇ ਹੋ ਜਾਂ ਤੁਹਾਡੇ ਨਾਲ ਕੋਈ ਇਕਰਾਰ ਕਰਦਾ ਹੈ ਤਾਂ ਇਸ ਦਾ ਮਤਲਬ ਕੇ ਤੁਸੀਂ ਇਕ ਦੂਜੇ ਤੇ ਭਰੋਸਾ ਕਰਦੇ ਹੋ।ਭਰੋਸਾ ਟੁੱਟਣ ਨਾਲ ਮਨ ਨੂੰ ਠੇਸ ਪੁੱਜਦੀ ਹੈ,ਮਨ ਉਦਾਸ ਹੁੰਦਾ ਹੈ।ਰਿਸ਼ਤਿਆਂ ਦੀ ਪਕੜ ਢਿੱਲੀ ਪੈਂਦੀ ਹੈ ਤੇ ਰਿਸ਼ਤੇ ਕਮਜ਼ੋਰ ਹੁੰਦੇ ਹਨ ਤੇ ਖ਼ਰਾਬ ਵੀ।ਪੁਰਾਣੇ ਸਮਿਆਂ ਜੇ ਕੋਈ ਕਿਸੇ ਨਾਲ ਇਕਰਾਰ ਜਾਂ ਜ਼ੁਬਾਨ ਕਰ ਲੈਂਦਾ ਸੀ ਤਾਂ ਉਸ ਨੂੰ ਪੂਰੀ ਸ਼ਿੱਦਤ ਤੇ ਦ੍ਰਿੜਤਾ ਨਾਲ ਨਿਭਾਉਂਦਾ ਸੀ।ਇਕਰਾਰ ਨੂੰ ਨਿਭਾਉਣ ਲਈ ਕਈ ਵਾਰ ਤੁਹਾਨੂੰ ਨੁਕਸਾਨ ਵੀ ਉਠਾਉਣਾ ਪੈ ਸਕਦਾ ਹੈ।ਉਨਾਂ ਵਕਤਾਂ ਚ ਜ਼ੁਬਾਨ ਤੋਂ ਮੁਕਰਨ ਵਾਲੇ ਨੂੰ ਬੇ ਜੁਬਾਨਾਂ ਕਿਹਾ ਜਾਂਦਾ ਸੀ।ਜਿਸ ਕਰਕੇ ਛੇਤੀ ਦੇ ਕੇ ਇਕਰਾਰ ਨਹੀਂ ਤੋੜਿਆ ਜਾਂਦਾ ਸੀ ਸਗੋਂ ਪੂਰਾ ਕੀਤਾ ਜਾਂਦਾ ਸੀ ਤੇ ਕੋਈ ਟਾਂਵਾਂ ਵਿਅਕਤੀ ਹੀ ਹੁੰਦਾ ਸੀ ਜੋ ਜ਼ੁਬਾਨ ਤੋ ਮੁਕਰਦਾ ਸੀ।ਉਸ ਵਕਤ ਲੋਕਾਂ ਦੀ ਸੋਚ ਬੜੀ ਸ਼ਪਸ਼ਟ ਤੇ ਪਾਏਦਾਰ ਹੁੰਦੀ ਸੀ।ਇਸੇ ਲਈ ਉਦੋਂ ਆਮ ਲੋਕਾਂ ਦੀ ਸੋਚ ਸੀ ਕੇ ‘ਜਾਨ ਜਾਏ ਪਰ ਵਚਨ ਨਾ ਜਾਏ’।ਪੁਰਾਣੇ ਵਕਤਾਂ ਚ ਲੋਕ ਜ਼ੁਬਾਨ ਦੇ ਬੜੇ ਪੱਕੇ ਹੁੰਦੇ ਸਨ।ਕੁੜੀ ਮੁੰਡੇ ਦਾ ਰਿਸ਼ਤਾ ਬਿਨ ਦੇਖੇ ਹਾਂ ਕਰ ਦਿੱਤੀ ਜਾਂਦੀ ਸੀ ਜੋ ਨਿਭਾਈ ਵੀ ਜਾਂਦੀ ਸੀ।ਪਰ lਅੱਜ ਲੋਕ ਜ਼ੁਬਾਨ ਦੇ ਪੱਕੇ ਨਹੀਂ ਹਨ।ਲਿਖਤੀ ਇਕਰਾਰ ਕਰਕੇ ਵੀ ਮੁੱਕਰ ਜਾਂਦੇ ਹਨ ਜਾਂ ਤੋੜ ਦਿੰਦੇ ਹਨ।ਇਕਰਾਰ ਟੁੱਟਣ ਕਰਕੇ ਤਕਰਾਰ ਹੁੰਦਾ ਹੈ।ਕਿਸੇ ਨਾਲ ਕੀਤਾ ਇਕਰਾਰ ਕਦੇ ਨਾ ਤੋੜੋ।ਇਕਰਾਰ ਇਕ ਭਰੋਸਾ ਹੈ।ਜਿਸ ਨਾਲ ਜਿੰਦਗੀ ਦੀ ਗੱਡੀ ਚੱਲਦੀ ਹੈ।ਜ਼ੁਬਾਨ ਤੇ ਦੁਨੀਆ ਦੇ ਕਾਰੋਬਾਰ ਚਲਦੇ ਹਨ।ਸੋ ਇਕਰਾਰ ਤੋੜ ਕੇ ਤਕਰਾਰ ਪੈਦਾ ਨਾ ਕਰੋ।ਇਹ ਤੁਹਾਡੇ ਵਕਾਰ ਨੂੰ ਢਾਹ ਲਾਉਂਦਾ ਹੈ।ਸੋ ਜ਼ੁਬਾਨ ਕਰੋ ਤਾਂ ਉਸ ਨੂੰ ਨਿਭਾਉ।ਕਿਉਂਕਿ ਜ਼ੁਬਾਨ ਦਾ ਮੁੱਲ ਹੈ।ਇਹ ਤੁਹਾਡੇ ਉੱਤੇ ਨਿਰਭਰ ਕਰਦਾ ਹੈ ਕੇ ਤੁਸੀਂ ਮੁੱਲ ਪਵਾਉਣਾ ਜਾਂ ਨਹੀਂ।
ਲੈਕਚਰਾਰ ਅਜੀਤ ਖੰਨਾ
ਐਮਏ ਐਮਫਿਲ ਐਮਜੇਐਮਸੀ ਬੀ ਐਡ
ਮੋਬਾਈਲ:76967-54669

-
ਅਜੀਤ ਖੰਨਾ , ਲੈਕਚਰਾਰ
khannaajitsingh@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.