‘ਅੱਗਿਓਂ ਸਿੰਗ ਤੇ ਪਿੱਛੋਂਂ ਗਧਿਆਂ ਵਾਂਗ ਦੁਲੱਤੇ’ ਮਾਰਨ ਲੱਗਿਆ ਲੋਕਾਂ ਨੂੰ ਬਠਿੰਡਾ ਦਾ ਕਚਰਾ ਪਲਾਂਟ
ਅਸ਼ੋਕ ਵਰਮਾ
ਬਠਿੰਡਾ, 15 ਅਪ੍ਰੈਲ 2025: ਬਠਿੰਡਾ ਮਾਨਸਾ ਰੋਡ ਤੇ ਲੱਗੇ ਸਾਲਿਡ ਵੇਸਟ ਮੈਨੇਜਮੈਂਟ ਪ੍ਰਜੈਕਟ ਦੇ ਮੁਸ਼ਕ ਕਾਰਨ ਖੁਸ਼ਕ ਕਰਵਾਈ ਬੈਠੇ ਨੱਕ ਨੂੰ ਲੈਕੇ ਭਾਣਾ ਮੰਨਣ ਵਾਲੀਆਂ ਇੱਕ ਦਰਜਨ ਕਲੋਨੀਆਂ ਲਈ ਇਸ ਕਚਰਾ ਪਲਾਂਟ ਨੇ ਨਵੀਂ ਮੁਸੀਬਤ ਖੜ੍ਹੀ ਕਰ ਦਿੱਤੀ ਹੈ ਜਿਸ ਨੂੰ ਲੈਕੇ ਲੋਕ ਹੁਣ ਲਾਮਬੰਦ ਹੋਣ ਦੀ ਤਿਆਰੀ ਕਰਨ ਲੱਗੇ ਹਨ। ਇਸ ਇਲਾਕੇ ’ਚ ਪੈਂਦੀ ਹਾਊਸਫੈਡ ਕਲੋਨੀ ਨੇ ਹੁਣ ਕੂੜਾ ਪਲਾਂਟ ਚੋਂ ਨਿਕਲਦੀਆਂ ਗੈਸਾਂ ਕਾਰਨ ਖਰਾਬ ਹੋਣ ਲੱਗੇ ਏਸੀ ਆਦਿ ਇਲੈਕਟਰਾਨਿਕ ਵਸਤਾਂ ਨੂੰ ਮੁੱਦਾ ਬਣਾਇਆ ਹੈ। ਕਲੋਨੀ ’ਚ ਅਜਿਹਾ ਨੁਕਸਾਨ ਹੋਣ ਦੀ ਗੱਲ ਸਾਹਮਣੇ ਆਉਣ ਤੇ ਕਲੋਨੀ ਪ੍ਰਬੰਧਕਾਂ ਨੇ ਕੌਮੀ ਗ੍ਰੀਨ ਟ੍ਰਿਬਿਊਨਲ, ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਅਤੇ ਬਠਿੰਡਾ ਪ੍ਰਸ਼ਾਸ਼ਨ ਨੂੰ ਸਮੱਸਿਆ ਤੋਂ ਪੱਤਰ ਰਾਹੀਂ ਜਾਣੂੰ ਕਰਵਾਇਆ ਹੈ। ਕਲੋਨੀ ਵਾਸੀਆਂ ਨੇ ਕਚਰਾ ਪਲਾਂਟ ਦੀਆਂ ਗੈਸਾਂ ਕਾਰਨ ਮਨੁੱਖੀ ਸਿਹਤ ਤੇ ਪੈਣ ਵਾਲੇ ਪ੍ਰਭਾਵ ਅਤੇ ਏਸੀ ਆਦਿ ਖਰਾਬ ਹੋਣ ਸਬੰਧੀ ਵਿਸ਼ਲੇਸ਼ਣ ਕਰਵਾਉਣ ਦੀ ਮੰਗ ਕੀਤੀ ਹੈ।

ਪੱਤਰ ’ਚ ਦੱਸਿਆ ਹੈ ਕਿ ਸਾਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਵਾਲੀ ਥਾਂ ਦੇ ਲਾਗੇ ਪੈਂਦੀਆਂ ਮਤੀ ਦਾਸ ਨਗਰ, ਜੋਗਾ ਨਗਰ, ਨਛੱਤਰ ਨਗਰ, ਹਰਬੰਸ ਨਗਰ, ਸਿਲਵਰ ਸਿਟੀ ਕਲੋਨੀ,ਗੁਰੂ ਰਾਮ ਦਾਸ ਨਗਰ ,ਸ਼ੀਸ਼ ਮਹਿਲ ਤੇ ਗਣਪਤੀ ਐਨਕਲੇਵ ਆਦਿ ਕਲੋਨੀਆਂ ਵੀ ਪ੍ਰਭਾਵਿਤ ਹਨ। ਹਾਊਸਫੈਡ ਕਲੋਨੀ ਦੇ ਚੇਅਰਮੈਨ ਕੁਲਦੀਪ ਸਿੰਘ ਸਿੱਧੂ ਦਾ ਪ੍ਰਤੀਕਰਮ ਸੀ ਕਿ ਕਚਰਾ ਪਲਾਂਟ ਹੁਣ ਲੋਕਾਂ ਨੂੰ ਸਿਹਤ ਦੇ ਨਾਲ ਨਾਲ ਆਰਥਿਕ ਤੌਰ ਤੇ ਵੱਡੀ ਸੱਟ ਮਾਰਨ ਲੱਗਿਆ ਹੈ। ਉਨ੍ਹਾਂ ਦੱਸਿਆ ਕਿ ਹਾਊਸਫੈਡ ਕਲੋਨੀ ’ਚ ਤਕਰੀਬਨ 400 ਪ੍ਰੀਵਾਰ ਵੱਸਦੇ ਹਨ ਅਤੇ ਹੁਣ ਗਰਮੀ ਕਾਰਨ ਏਸੀ ਦੀ ਸਰਵਿਸ ਕਰਵਾਉਣ ਮੌਕੇ ਇਹ ਦਿੱਕਤ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਇਹ ਅੰਕੜਾ ਇੱਕ ਕਲੋਨੀ ਦਾ ਹੈ ਅਤੇ ਸਮੁੱਚੇ ਤੌਰ ਤੇ ਬੇਹੱਦ ਵੱਡੇ ਆਰਥਿਕ ਨੁਕਸਾਨ ਦਾ ਖਦਸ਼ਾ ਹੈ। ਚੇਅਰਮੈਨ ਨੇ ਪੱਤਰ ਰਾਹੀਂ ਸਮੂਹ ਅਦਾਰਿਆਂ ਨੂੰ ਵਿਸ਼ਲੇਸ਼ਣ ਕਰਕੇ ਕਲੋਨੀਆਂ ਦੀ ਅਬਾਦੀ ਨੂੰ ਇਸ ਸੰਕਟ ਚੋਂ ਕੱਢਣ ਦੀ ਅਪੀਲ ਕੀਤੀ ਹੈ।
ਗੌਰਤਲਬ ਹੈ ਕਿ ਅਕਾਲੀ ਭਾਜਪਾ ਸਰਕਾਰ ਦੇ ਰਾਜ ਭਾਗ ਦੌਰਾਨ ਇਹ ਪ੍ਰਜੈਕਟ ਲਾਉਣ ਦਾ ਫੈਸਲਾ ਹੋਇਆ ਸੀ ਜਿਸ ਲਈ ਮਾਨਸਾ ਰੋਡ ਤੇ ਇੱਕ ਪ੍ਰਾਈਵੇਟ ਕੰਪਨੀ ਨੂੰ ਬਹੁਤ ਹੀ ਘੱਟ ਪੈਸਿਆਂ ’ਚ ਬੇਸ਼ਕੀਮਤੀ ਜਮੀਨ ਲੀਜ਼ ਤੇ ਦਿੱਤੀ ਗਈ ਸੀ। ਇਹ ਪ੍ਰਜੈਕਟ ਸਾਲ 2036 ਤੱਕ 25 ਸਾਲ ਲਈ ਚਲਾਇਆ ਜਾਣਾ ਹੈ। ਜਦੋਂ ਇਹ ਸਾਲਿਡ ਵੇਸਟ ਮੈਨੇਜਮੈਂਟ ਪਲਾਂਟ ਲਾਉਣ ਦੀ ਗੱਲ ਤੁਰੀ ਤਾਂ ਉਦੋਂ ਵੀ ਬਹੁਤ ਜਬਰਦਸਤ ਵਿਰੋਧ ਹੋਇਆ ਸੀ ਜਿਸ ਦੇ ਚੱਲਦਿਆਂ ਇਲਾਕੇ ਦੇ ਲੋਕਾਂ ਤੇ ਪੁਲਿਸ ਕੇਸ ਵੀ ਦਰਜ ਹੋਏ ਸਨ। ਇੱਕ ਵਾਰ ਤਾਂ ਨਗਰ ਨਿਗਮ ਦੇ ਜਰਨਲ ਹਾਊਸ ਦੀ ਮੀਟਿੰਗ ’ਚ ਕਚਰਾ ਪਲਾਂਟ ਹਟਾਉਣ ਦਾ ਮਤਾ ਵੀ ਪਾਸ ਕਰ ਦਿੱਤਾ ਸੀ ਪਰ ਲੋਕਾਂ ਵੱਲੋਂ ਕੀਤੇ ਯਤਨਾਂ ਦੇ ਬਾਵਜੂਦ ਇਹ ਪਲਾਂਟ ਸ਼ਿਫਟ ਨਾਂ ਕੀਤਾ ਜਾ ਸਕਿਆ। ਮਹੱਤਵਪੂਰਨ ਇਹ ਵੀ ਹੈ ਕਿ ਤੱਤਕਾਲੀ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਭਰੋਸੇ ਵੀ ਕਿਸੇ ਕੰਮ ਨਾਂ ਆਏ।
ਉਸ ਮਗਰੋਂ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸੀ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੇ ਚੁਟਕੀਆਂ ’ਚ ਕਚਰਾ ਪਲਾਂਟ ਤਬਦੀਲ ਕਰਵਾਉਣ ਦੀ ਗੱਲ ਆਖੀ ਸੀ। ਇੰਨ੍ਹਾਂ ਕਲੋਨੀਆਂ ਦੇ ਲੋਕਾਂ ਦਾ ਤਾਂ ਅੱਜ ਵੀ ਕਹਿਣਾ ਹੈ ਕਿ ਉਨ੍ਹਾਂ ਨੇ ਪੰਜ ਸਾਲ ਮਨਪ੍ਰੀਤ ਬਾਦਲ ਦੇ ਭਰੋਸੇ ਵੀ ਹਵਾ ਹੁੰਦੇ ਦੇਖੇ ਹਨ ਜੋ ਚੋਣਾਂ ਵੇਲੇ ਆਖਦੇ ਸਨ ਕਿ ਕੂੜਾ ਡੰਪ ਚੁਕਾਉਣਾ ਉਨ੍ਹਾਂ ਦੇ ਖੱਬੇ ਹੱਥ ਦਾ ਕੰਮ ਹੈ। ਉਨ੍ਹਾਂ ਕਿਹਾ ਕਿ ਖਜਾਨਾ ਮੰਤਰੀ ਵਰਗਾ ਅਹਿਮ ਮਹਿਕਮਾ ਹੋਣ ਦੇ ਬਾਵਜੂਦ ਸਰਕਾਰ ਦੇ ਅੰਤ ਤੱਕ ਮਸਲੇ ਦਾ ਹੱਲ ਨਹੀਂ ਕੱਢ ਸਕੇ ਸਨ। ਤੱਤਕਾਲੀ ਅਕਾਲੀ ਵਿਧਾਇਕ ਸਰੂਪ ਸਿੰਗਲਾ ਦੇ ਵਾਅਦਿਆਂ ਨਾਲ ਵੀ ਇੰਜ ਹੀ ਹੋਇਆ ਸੀ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਵੋਟਾਂ ਮੰਗਦਿਆਂ ਆਮ ਆਦਮੀ ਪਾਰਟੀ ਲੀਡਰਸ਼ਿਪ ਨੇ ਸਰਕਾਰ ਆਉਣ ਤੇ ਸਮੱਸਿਆ ਹੱਲ ਕਰਨ ਦਾ ਵਾਅਦਾ ਕੀਤਾ ਸੀ ਜੋ ਤਿੰਨ ਸਾਲ ਬਾਅਦ ਵੀ ਵਫਾ ਨਹੀਂ ਹੋਇਆ ਹੈ।
ਕਿਸ ਖੂਹ ਖਾਤੇ ਪੈਣ ਲੋਕ ਚੇਅਰਮੈਨ
ਚੇਅਰਮੈਨ ਕੁਲਦੀਪ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਏਨੇ ਜਿਆਦਾ ਗੰਦੇ ਮਹੌਲ ’ਚ ਜਦੋਂ ਭਿਆਨਕ ਬੀਮਾਰੀਆਂ ਫੈਲਣ ਲੱਗੀਆਂ ਹੋਣ ਅਤੇ ਇਸ ਇਲਾਕੇ ’ਚ ਰਹਿਣਾ ਮੌਤ ਨੂੰ ਮਾਸੀ ਕਹਿਣ ਵਾਂਗ ਹੋਵੇ ਤਾਂ ਫਿਰ ਵੀ ਉਹ ਮਜਬੂਰੀ ਵੱਸ ਸਭ ਕੁੱਝ ਸਹਿਣ ਕਰ ਰਹੇ ਹਨ ਪਰ ਹੁਣ ਇਸ ਨਵੇਂ ਸੰਕਟ ਨੇ ਲੋਕਾਂ ਨੂੰ ਆਰਥਿਕ ਤੌਰ ਤੇ ਕੱਖੋਂ ਹੌਲੇ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਸਵਾਲ ਕੀਤਾ ਕਿ ਲੱਖਾਂ ਰੁਪਿਆ ਆਪਣੇ ਘਰਾਂ ਤੇ ਖਰਚਣ ਤੋਂ ਬਾਅਦ ਲੋਕ ਹੁਣ ਕਿਸ ਖੂਹ ਖਾਤੇ ਪੈਣ ਇਸ ਦਾ ਜਵਾਬ ਸਰਕਾਰਾਂ ਨੂੰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਕੰਪਨੀ ਨੂੰ ਖੁਸ਼ ਕਰਨ ਵਾਸਤੇ ਲੋਕਾਂ ਦੀ ਸਿਹਤ ਅਤੇ ਜੇਬਾਂ ਨਾਲ ਖਿਲਵਾੜ ਦਾ ਦੂਸਰਾ ਨਾਮ ਕਚਰਾ ਪਲਾਂਟ ਹੈ।
ਚੁੱਪ ਨਾਂ ਬੈਠਣ ਲੋਕ:ਜਲਾਲ
ਐਡਵੋਕੇਟ ਰਣਜੀਤ ਸਿੰਘ ਜਲਾਲ ਦਾ ਕਹਿਣਾ ਹੈ ਕਿ ਲੋਕਾਂ ਨੂੰ ਹੁਣ ਚੁੱਪ ਕਰਕੇ ਨਹੀਂ ਬੈਠਣਾ ਚਾਹੀਦਾ, ਕਿਉਂਕਿ ਇੰਨ੍ਹਾਂ ਮੁਹੱਲਿਆਂ ਵਿੱਚ ਨਿੱਤ ਦਿਨ ਸਮੱਸਿਆਵਾਂ ਵਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨੈਸ਼ਨਲ ਗਰੀਨ ਟਿ੍ਰਬਿਊਨਲ ਨੂੰ ਇਸ ਸਮੱਸਿਆ ਦਾ ਤਿੱਖਾ ਨੋਟਿਸ ਲੈਣਾ ਚਾਹੀਦਾ ਹੈ। ਕਚਰਾ ਪਲਾਂਟ ਨੂੰ ਸਰਕਾਰ ਦੀ ਵੱਡੀ ਗਲਤੀ ਕਰਾਰ ਦਿੰਦਿਆਂ ਐਡਵੋਕੇਟ ਜਲਾਲ ਨੇ ਸਮੱਸਿਆ ਕਾਰਨ ਲੋਕਾਂ ’ਚ ਬਣੇ ਰਹੇ ਵਿਦਰੋਹ ਦੇ ਮੱਦੇਨਜ਼ਰ ਸਰਕਾਰ ਅਤੇ ਪ੍ਰਸ਼ਾਸ਼ਨ ਤੋਂ ਮਸਲਾ ਤੁਰੰਤ ਹੱਲ ਕਰਨ ਦੀ ਮੰਗ ਕੀਤੀ ਹੈ।