ਡਾ. ਦਰਸ਼ਨ ਸਿੰਘ ‘ਆਸ਼ਟ' ਦੀ ਪੁਸਤਕ ‘ਨਾਟਕ ਵੰਨ ਸੁਵੰਨੇ' ਕੁਰਕਸ਼ੇਤਰ ਯੂਨੀਵਰਸਿਟੀ ਦੇ ਸਿਲੇਬਸ ਵਿਚ ਸ਼ਾਮਿਲ
ਪਟਿਆਲਾ, 14 ਅਪ੍ਰੈਲ 2025 : ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਾਰਜਸ਼ੀਲ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ, ਸਾਹਿਤ ਅਕਾਦਮੀ ਬਾਲ ਸਾਹਿਤ ਐਵਾਰਡੀ, ਸਟੇਟ ਐਵਾਰਡੀ ਅਤੇ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਦੇੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ* ਦੀ ਬਾਲ ਨਾਟ—ਪੁਸਤਕ ‘ਨਾਟਕ ਵੰਨ ਸੁਵੰਨੇ* ਕੁਰਕਸ਼ੇਤਰ ਯੂਨੀਵਰਸਿਟੀ ਕੁਰਕਸ਼ੇਤਰ ਦੇ ਪੰਜਾਬੀ ਵਿਭਾਗ ਦੇ ਪੋਸਟਗ੍ਰੈਜੂਏਟ ਕਲਾਸਾਂ ਦੇ ਸਿਲੇਬਸ ਵਿਚ ਸ਼ਾਮਿਲ ਕੀਤੀ ਗਈ ਹੈ।ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋਫ਼ੈਸਰ ਡਾ. ਕੁਲਦੀਪ ਸਿੰਘ ਅਨੁਸਾਰ ਪੰਜਾਬੀ ਅਕਾਦਮੀ, ਦਿੱਲੀ ਵੱਲੋਂ ਛਾਪੀ ਗਈ ਇਸ ਪੁਸਤਕ ਨੂੰ ਪੰਜਾਬੀ ਵਿਭਾਗ ਦੇ ਨਵੇਂ ਅਕਾਦਮਿਕ ਸੈਸ਼ਨ ਤੋਂ ਲਾਗੂ ਕੀਤਾ ਗਿਆ ਹੈ।ਇਸ ਸੰਬੰਧੀ ਹੋਰ ਵੇਰਵੇ ਦਿੰਦਿਆਂ ਉਘੇ ਵਿਦਵਾਨ ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਇਸ ਨਾਲ ਜਿੱਥੇ ਪੰਜਾਬ ਤੋਂ ਬਾਹਰ ਦੇ ਵਿਦਿਆਰਥੀ ਪੰਜਾਬੀ ਬਾਲ ਸਾਹਿਤ ਪਰੰਪਰਾ ਤੋਂ ਜਾਣੂੰ ਹੋਣਗੇ ਉਥੇ ਵਿਦਿਆਰਥੀਆਂ ਵਿਚ ਅਕਾਦਮਿਕ ਪੱਧਰ ਤੇ ਪੰਜਾਬੀ ਬਾਲ—ਮਨ ਦੀ ਸੰਵੇਦਨਾ ਨੂੰ ਸਮਝਣ ਦੀ ਸੂਝ ਵੀ ਪੈਦਾ ਹੋਵੇਗੀ।ਜ਼ਿਕਰਯੋਗ ਹੈ ਕਿ ਡਾ. ‘ਆਸ਼ਟ* ਦੀ ਇਹ ਬਾਲ ਨਾਟਕ ਪੁਸਤਕ ਪੰਜਾਬੀ ਅਕਾਦਮੀ ਦਿੱਲੀ ਦੇ ਤਤਕਾਲੀਨ ਸਕੱਤਰ ਐਮ.ਐਸ.ਬਤਰਾ ਦੀ ਅਗਵਾਈ ਅਧੀਨ ਪੰਜਾਬੀ ਦੇ ਉਘੇ ਵਿਦਵਾਨ ਡਾ.ਹਰਿਭਜਨ ਸਿੰਘ,ਗਲਪਕਾਰ ਗੁਰਬਚਨ ਸਿੰਘ ਭੁੱਲਰ ਅਤੇ ਸਿੱਖਿਆ ਸ਼ਾਸਤਰੀ ਸ੍ਰੀ ਜਗਦੀਸ਼ ਕੌਸ਼ਲ ਤੇ ਆਧਾਰਿਤ ਬਾਲ ਸਾਹਿਤ ਕਮੇਟੀ ਨੇ ਛਾਪੀ ਸੀ ਜਿਸ ਦਾ ਕੁਝ ਸਾਲ ਪਹਿਲਾਂ ਦੂਜਾ ਸੰਸਕਰਣ ਖ਼ਤਮ ਹੋਣ ਉਪਰੰਤ ਤੀਜਾ ਸੰਸਕਰਣ ਛਾਪਣ ਦੀ ਤਿਆਰੀ ਹੈ।ਇਹਨਾਂ ਬਾਲ ਨਾਟਕਾਂ ਵਿਚ ਬੱਚਿਆਂ ਨੂੰ ਪੰਜਾਬੀ ਭਾਸ਼ਾ,ਸਾਹਿਤ ਅਤੇ ਸਭਿਆਚਾਰ ਦੇ ਬਹੁਦਿਸ਼ਾਵੀ ਵਿਕਾਸ ਦੇ ਆਸ਼ੇ ਅਧੀਨ ਗਿਆਨ—ਵਿਗਿਆਨ ਅਤੇ ਉਸਾਰੂ ਜੀਵਨ ਮੁੱਲਾਂ ਨਾਲ ਜੋੜਨ ਦੀ ਪ੍ਰੇਰਣਾ ਦਿੱਤੀ ਗਈ ਹੈ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਭਾਰਤ ਦੀ ਕਿਸੇ ਯੂਨੀਵਰਸਿਟੀ ਨੇ ਪਹਿਲੀ ਵਾਰੀ ਪੰਜਾਬੀ ਬਾਲ ਸਾਹਿਤ ਨੂੰ ਅਕਾਦਮਿਕ ਪੱਧਰ ਤੇ ਪ੍ਰਮਾਣਿਕਤਾ ਅਤੇ ਪ੍ਰਵਾਨਗੀ ਦਿੰਦੇ ਹੋਏ ਆਪਣੇ ਸਿਲੇਬਸ ਦਾ ਹਿੱਸਾ ਬਣਾਇਆ ਹੈ।ਇਸ ਸਾਰਥਿਕ ਉੁਦਮ ਨਾਲ ਭਵਿੱਖ ਵਿਚ ਬਾਲ ਸਾਹਿਤ ਵਿਸ਼ੇਸ਼ ਕਰਕੇ ਪੰਜਾਬੀ ਬਾਲ ਨਾਟਕ ਪਰੰਪਰਾ ਹੋਰ ਡੂੰਘੀ ਖੋਜ ਦੀਆਂ ਸੰਭਾਵਨਾਵਾਂ ਮੋਕਲੀਆਂ ਹੋ ਗਈਆਂ ਹਨ।ਇਸ ਪੁਸਤਕ ਤੋਂ ਪਹਿਲਾਂ ਵੀ ਡਾ. ‘ਆਸ਼ਟ* ਦੀਆਂ ਪੰਜਾਬ,ਹਰਿਆਣਾ,ਮਹਾਰਾਸ਼ਟਰ,ਦਿੱਲੀ ਆਦਿ ਪ੍ਰਾਂਤਾਂ ਦੇ ਸਰਕਾਰੀ ਸਕੂਲਾਂ ਦੀਆਂ ਵੱਖ ਵੱਖ ਸ਼੍ਰੇਣੀਆਂ ਦੀਆਂ ਪੰਜਾਬੀ ਪਾਠ—ਪੁਸਤਕਾਂ ਵਿਚ ਸਿਲੇਬਸ ਵਜੋਂ ਪਿਛਲੇ ਕਾਫੀ ਅਰਸੇ ਤੋਂ ਪੜ੍ਹਾਇਆ ਜਾ ਰਿਹਾ ਹੈ।