2 ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਵਪਾਰੀ ਦੀ ਲੱਤ ਵਿੱਚ ਗੋਲੀ ਮਾਰ ਕੇ ਲੁੱਟੇ 9 ਲੱਖ ਰੁਪਏ
ਬਲਜੀਤ ਸਿੰਘ ਦੀ ਰਿਪੋਰਟ
- ਲੁਟੇਰਿਆਂ ਦੀ ਸੀਸੀਟੀਵੀ ਵੀਡੀਓ ਵੀ ਆਈ ਸਾਹਮਣੇ
ਤਰਨਤਾਰਨ, 15 ਅਪ੍ਰੈਲ 2025 - ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅਧੀਨ ਪੈਂਦੇ ਪਿੰਡ ਮੁਗਲਾਨੀ ਵਿਖੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਵਪਾਰੀ ਦੀ ਲੱਤ ਵਿੱਚ ਗੋਲੀ ਮਾਰ ਕੇ 9 ਲੱਖ ਰੁਪਏ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਪਾਰੀ ਭਗਵੰਤ ਸਿੰਘ ਦੇ ਨਾਲ ਕੰਮ ਕਰਦੇ ਕਰਿੰਦੇ ਅੰਮ੍ਰਿਤਪਾਲ ਸਿੰਘ ਅਤੇ ਵਜੀਰ ਸਿੰਘ ਨੇ ਦੱਸਿਆ ਕਿ ਉਹ ਵਪਾਰ ਦਾ ਕੰਮ ਕਰਦੇ ਹਨ ਅਤੇ ਉਹ ਅੱਜ ਵਪਾਰ ਦੇ ਸਾਰੇ ਪੈਸੇ ਇਕੱਠੇ ਕਰਕੇ ਗੱਡੀ 'ਤੇ ਘਰ ਆਏ ਤਾਂ ਇਨੇ ਨੂੰ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀ ਆਏ ਜਿੰਨਾਂ ਨੇ ਆਉਂਦੇ ਸਾਰੇ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਇੱਕ ਗੋਲੀ ਭਗਵੰਤ ਸਿੰਘ ਦੇ ਲੱਤ ਵਿੱਚ ਲੱਗੀ ਅਤੇ ਉਹ ਡਿੱਗ ਪਿਆ ਅਤੇ ਭਗਵੰਤ ਸਿੰਘ ਕੋਲ ਜੋ ਪੈਸਿਆਂ ਦਾ ਥੈਲਾ ਸੀ ਉਹ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ ਹਨ।
ਉਹਨਾਂ ਦੱਸਿਆ ਕਿ ਉਹ ਥੈਲੇ ਵਿੱਚ ਤਕਰੀਬਨ 9 ਲੱਖ ਰੁਪਏ ਸੀ ਅਤੇ ਇਹ ਵਿਅਕਤੀ ਉਹਨਾਂ ਦਾ ਪਹਿਲਾ ਹੀ ਪਿੱਛਾ ਕਰਦੇ ਆ ਰਹੇ ਸਨ। ਮੌਕੇ ਤੇ ਪਹੁੰਚੀ ਥਾਣਾ ਵੈਰੋਵਾਲ ਦੀ ਪੁਲਿਸ ਦਾ ਕਹਿਣਾ ਕਿ ਉਹਨਾਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।