ਕੇਵਲ ਇਕ ਤਿਉਹਾਰ ਤੋਂ ਕਿਤੇ ਵੱਧ ਸਾਰਥਕ ਹੈ ਵਿਸਾਖੀ ਦਾ ਸੰਦੇਸ਼
ਪ੍ਰੋ. (ਡਾ.) ਕਰਮਜੀਤ ਸਿੰਘ
ਵਾਈਸ-ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ
13 ਅਪ੍ਰੈਲ ਸਮੁੱਚੇ ਭਾਰਤ ਵਿੱਚ ਇੱਕ ਖ਼ਾਸ ਦਿਨ ਹੈ, ਜਿਸ ਵਿੱਚੋਂ ਖੁਸ਼ੀ ਅਤੇ ਅਧਿਆਤਮਿਕਤਾ ਸਾਂਝੇ ਰੂਪ ਵਿਚ ਝਲਕਦੀ ਹੈ। ਅਸਾਮ ਦੇ ਬੋਹਾਗ ਬਿਹੂ ਤੋਂ ਲੈ ਕੇ ਤਾਮਿਲਨਾਡੂ ਦੇ ਪੁਥੰਡੂ, ਕੇਰਲਾ ਦੇ ਵਿਸ਼ੂ ਅਤੇ ਪੱਛਮੀ ਬੰਗਾਲ ਦੇ ਪੋਇਲਾ ਵਿਸਾਖ ਤੱਕ, ਲੋਕ ਨਵੇਂ ਸਾਲ ਦਾ ਸਵਾਗਤ ਜੀਵੰਤ ਰਵਾਇਤਾਂ ਅਤੇ ਉਮੀਦਾਂ ਨਾਲ ਕਰਦੇ ਹਨ। ਇਹ ਤਿਉਹਾਰ ਕੁਦਰਤ ਨਾਲ ਮਨੁੱਖ ਦੇ ਤਾਲ-ਮੇਲ ਅਤੇ ਖੇਤੀ-ਆਧਾਰਿਤ ਸਮਾਜਾਂ ਦੇ ਕੁਦਰਤ ਪ੍ਰਤੀ ਸ਼ੁਕਰਾਨੇ ਦੀ ਭਾਵਨਾ ਨੂੰ ਦਰਸਾਉਂਦੇ ਹਨ ਪਰ ਪੰਜਾਬ ਅਤੇ ਸਿੱਖ ਭਾਈਚਾਰੇ ਲਈ ਇਹ ਦਿਨ ਹੋਰ ਵੀ ਡੂੰਘੇ ਅਰਥ ਰੱਖਦਾ ਹੈ। ਇਹ ਦਿਹਾੜਾ 1699 ਈ. ਵਿਚ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖ਼ਾਲਸਾ ਦੀ ਸਿਰਜਣਾ ਦੀ ਯਾਦ ਦਿਵਾਉਂਦਾ ਹੈ – ਇਕ ਅਜਿਹੀ ਘਟਨਾ ਜਿਸ ਨੇ ਨਾ ਸਿਰਫ਼ ਸਿੱਖ ਭਾਈਚਾਰੇ ਦਾ ਕਾਇਆ-ਕਲਪ ਕਰ ਦਿੱਤਾ ਬਲਕਿ ਭਾਰਤ ਦੇ ਅਧਿਆਤਮਿਕ ਅਤੇ ਸਮਾਜਿਕ-ਰਾਜਨੀਤਿਕ ਤਾਣੇ-ਬਾਣੇ ਨੂੰ ਵੀ ਮੁੜ ਆਕਾਰ ਦਿੱਤਾ। ਅਨੰਦਪੁਰ ਸਾਹਿਬ ਵਿਖੇ, ਇਸ ਇਤਿਹਾਸਕ ਦਿਨ, ਗੁਰੂ ਗੋਬਿੰਦ ਸਿੰਘ ਜੀ ਨੇ ਹਜ਼ਾਰਾਂ ਪੈਰੋਕਾਰਾਂ ਨੂੰ ਬੁਲਾਇਆ ਅਤੇ ਇਕ ਸਵਾਲ ਪੁੱਛਿਆ ਕਿ ਉਨ੍ਹਾਂ ਵਿੱਚੋਂ ਕੌਣ ਆਪਣਾ ਸਿਰ ਕੁਰਬਾਨ ਕਰਨ ਲਈ ਤਿਆਰ ਸੀ? ਇਸ ਸਵਾਲ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਸ ਦੇ ਜਵਾਬ ਵਿਚ ਭਾਰਤ ਦੇ ਵੱਖ-ਵੱਖ ਹਿੱਸਿਆਂ ਅਤੇ ਵਿਭਿੰਨ ਸਮਾਜਿਕ ਪਿਛੋਕੜਾਂ ਤੋਂ, ਇਕ-ਇਕ ਕਰਕੇ ਪੰਜ ਵਿਅਕਤੀ ਅੱਗੇ ਆਏ। ਲਾਹੌਰ ਤੋਂ ਭਾਈ ਦਯਾ ਸਿੰਘ ਖੱਤਰੀ, ਹਸਤਿਨਾਪੁਰ ਤੋਂ ਭਾਈ ਧਰਮ ਸਿੰਘ ਜਾਟ, ਪੁਰੀ, ਉੜੀਸਾ ਤੋਂ ਭਾਈ ਹਿੰਮਤ ਸਿੰਘ ਝਿਊਰ, ਦਵਾਰਕਾ ਤੋਂ ਭਾਈ ਮੋਹਕਮ ਸਿੰਘ ਛੀਂਬਾ ਅਤੇ ਬਿਦਰ ਤੋਂ ਭਾਈ ਸਾਹਿਬ ਸਿੰਘ ਨਾਈ। ਇਹ ਪੰਜ ਵਿਅਕਤੀ ਪੰਜ ਪਿਆਰੇ ਬਣ ਗਏ – ਖ਼ਾਲਸੇ ਦੀ ਸ਼ੁੱਧਤਾ ਦੇ ਪਹਿਲੇ ਦੀਖਿਆ-ਪਾਤਰ।
ਇਸ ਪਲ ਨੂੰ ਇਨਕਲਾਬੀ ਬਣਾਉਣ ਵਾਲੀ ਗੱਲ ਸਿਰਫ਼ ਇੱਕ ਨਵੇਂ ਅਧਿਆਤਮਿਕ ਮਾਰਗ ਦੀ ਸ਼ੁਰੂਆਤ ਹੀ ਨਹੀਂ ਸੀ, ਸਗੋਂ ਇਸ ਦਾ ਮਕਸਦ ਸਮਾਜਿਕ ਵੰਡਾਂ ਨੂੰ ਕ੍ਰਾਂਤੀਕਾਰੀ ਢੰਗ ਨਾਲ ਖ਼ਤਮ ਕਰਨਾ ਵੀ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਐਲਾਨ ਕੀਤਾ ਕਿ ਇਹ ਪੰਜ, ਜਾਤ ਜਾਂ ਇਲਾਕਾਈ ਸੀਮਾਵਾਂ ਤੋਂ ਪਾਰ ਹਿੰਮਤ, ਵਿਸ਼ਵਾਸ ਅਤੇ ਸਮਾਨਤਾ ਦੇ ਪ੍ਰਤੀਕ ਹਨ। ਅਤਿ ਨਿਮਰਤਾ ਅਤੇ ਸਮਾਨਤਾ ਦੇ ਇਸ ਪ੍ਰਤੀਕਾਤਮਕ ਕਾਰਜ ਵਿਚ, ਗੁਰੂ ਜੀ ਨੇ ਖ਼ੁਦ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕਿਆ। ਇਹ ਸਮਾਜ ਲਈ ਇੱਕ ਗਹਿਰਾ ਸੰਦੇਸ਼ ਸੀ ਕਿ ਰਹਿਨੁਮਾਈ ਹੁਕਮ-ਆਧਾਰਿਤ ਨਹੀਂ, ਸਗੋਂ ਸੇਵਾ-ਆਧਾਰਿਤ ਹੁੰਦੀ ਹੈ। ਹਰੇਕ ਵਿਅਕਤੀ ਅੰਦਰ ਸਵੈ-ਮਾਣ ਅਤੇ ਗੌਰਵ ਦੀ ਭਾਵਨਾ ਹੁੰਦੀ ਹੈ ਅਤੇ ਬ੍ਰਹਮ ਦਾ ਪ੍ਰਕਾਸ਼ ਸਾਰਿਆਂ ਨੂੰ ਸਮਾਨ ਰੂਪ ਵਿੱਚ ਰੁਸ਼ਨਾਉਂਦਾ ਹੈ।
ਖ਼ਾਲਸੇ ਦੀ ਕਲਪਨਾ ਸੰਤ-ਸਿਪਾਹੀਆਂ ਦੇ ਇੱਕ ਅਜਿਹੇ ਭਾਈਚਾਰੇ ਵਜੋਂ ਕੀਤੀ ਗਈ ਸੀ, ਜੋ ਅਧਿਆਤਮਿਕ ਅਭਿਆਸ ਨੂੰ ਸਮਰਪਿਤ ਅਤੇ ਸਮਾਜਿਕ ਨਿਆਂ ਲਈ ਵਚਨਬੱਧ ਸੀ। ਨਿਡਰਤਾ ਨਾਲ ਸਰਸ਼ਾਰ ਅਤੇ ਨਫ਼ਰਤ ਤੋਂ ਰਹਿਤ, ਖ਼ਾਲਸਾ ਮਨੁੱਖੀ ਸਮਾਜ ਤੋਂ ਤੋਂ ਦੂਰੀ 'ਤੇ ਨਹੀਂ ਵਿਚਰਦਾ ਸਗੋਂ ਇਸ ਦਾ ਮਕਸਦ ਮਨੁੱਖਤਾ ਦੀ ਸੇਵਾ ਕਰਨਾ, ਦੱਬੇ-ਕੁਚਲੇ ਲੋਕਾਂ ਦੀ ਰੱਖਿਆ ਕਰਨਾ ਅਤੇ ਹਰ ਹਾਲਾਤ ਵਿੱਚ ਸੱਚ ਨੂੰ ਕਾਇਮ ਰੱਖਣਾ ਸੀ। ਗੁਰੂ ਗੋਬਿੰਦ ਸਿੰਘ ਜੀ ਦਾ ਦ੍ਰਿਸ਼ਟੀਕੋਣ ਗੁਰੂ ਨਾਨਕ ਦੇਵ ਜੀ ਦੁਆਰਾ ਸ਼ੁਰੂ ਕੀਤੀ ਗਈ ਅਧਿਆਤਮਿਕ ਜਾਗ੍ਰਿਤੀ ਦਾ ਵਿਸਥਾਰ ਸੀ ਜਿਨ੍ਹਾਂ ਨੇ ਹਰਿਦੁਆਰ ਵਿਚ ਵਿਸਾਖੀ ਵਾਲੇ ਦਿਨ ਭੀੜ ਤੋਂ ਉਲਟ ਦਿਸ਼ਾ ਵਿੱਚ ਜਲ ਅਰਪਿਤ ਕੇ ਥੋਥੀਆਂ ਰਸਮਾਂ ਨੂੰ ਚੁਨੌਤੀ ਦਿੱਤੀ। ਗੁਰੂ ਨਾਨਕ ਦੇਵ ਜੀ ਦਾ ਇਹ ਕਾਰਜ ਤਰਕ-ਆਧਾਰਿਤ ਚਿੰਤਨਸ਼ੀਲ ਵਿਸ਼ਵਾਸ, ਦਇਆ ਅਤੇ ਸਰਬ-ਸਾਂਝੀਵਾਲਤਾ ਦਾ ਸੱਦਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਇਸੇ ਨੂਰ ਦਾ ਅਗਾਂਹ ਪ੍ਰਕਾਸ਼ ਕਰਦਿਆਂ ਇਸ ਨੂੰ ਇੱਕ ਅਨੁਸ਼ਾਸਿਤ, ਦਲੇਰ ਤੇ ਅਧਿਆਤਮਿਕ ਤੌਰ ‘ਤੇ ਸੁਚੇਤ ਰੂਪ ਵਿਚ ਲਗਾਤਾਰ ਵਿਕਸਿਤ ਕੀਤਾ।
ਜਦੋਂ ਅਸੀਂ ਅੱਜ ਵਿਸਾਖੀ ਮਨਾ ਰਹੇ ਹਾਂ ਤਾਂ ਸਾਡੇ ਸਾਹਮਣੇ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ ਕੀ ਅਸੀਂ ਸੱਚ-ਮੁੱਚ ਗੁਰੂ ਸਾਹਿਬਾਨ ਦੀ ਵਿਰਾਸਤ ਦਾ ਸਨਮਾਨ ਕਰ ਰਹੇ ਹਾਂ? ਕੀ ਅਸੀਂ ਉਨ੍ਹਾਂ ਦੇ ਨਿਰਭੈਤਾ, ਸਮਾਨਤਾ, ਸੱਚਾਈ ਅਤੇ ਸੇਵਾ ਦੇ ਸੰਦੇਸ਼ ਨੂੰ ਆਤਮਸਾਤ ਕੀਤਾ ਹੈ? ਜਾਂ ਫਿਰ ਅਸੀਂ ਇਨ੍ਹਾਂ ਆਦਰਸ਼ਾਂ ਨੂੰ ਸਿਰਫ਼ ਰਸਮਾਂ ਅਤੇ ਉਤਸਵਾਂ ਤਕ ਘਟਾ ਕੇ ਰੱਖ ਦਿੱਤਾ ਹੈ ? ਵਿਸਾਖੀ ਦੀ ਸਾਰਥਕਤਾ ਕੇਵਲ ਇਤਿਹਾਸ ਤਕ ਸੀਮਤ ਨਹੀਂ ਹੈ ਬਲਕਿ ਇਹ ਅੱਜ ਦੇ ਵੰਡੇ ਹੋਏ ਪਦਾਰਥਵਾਦੀ ਅਤੇ ਅਖੌਤੀ ਸਫਲਤਾਵਾਂ ਤੇ ਕੇਂਦਰਿਤ ਸੰਸਾਰ ਵਿਚ ਆਤਮ-ਨਿਰੀਖਣ ਲਈ ਇੱਕ ਅਹਿਮ ਸੱਦਾ ਹੈ।
ਨੌਜਵਾਨਾਂ ਲਈ ਵਿਸਾਖੀ ਦਾ ਸੰਦੇਸ਼ ਵਿਸ਼ੇਸ਼ ਤੌਰ ਉੱਤੇ ਮਹੱਤਵਪੂਰਨ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਸਿਖਾਉਂਦਾ ਹੈ ਕਿ ਮਹਾਨਤਾ ਦੌਲਤ ਜਾਂ ਪ੍ਰਸਿੱਧੀ ਨਾਲ ਨਹੀਂ, ਸਗੋਂ ਸੁੱਚੇ ਕਿਰਦਾਰ, ਕੁਰਬਾਨੀ ਅਤੇ ਦਇਆ ਨਾਲ ਮਾਪੀ ਜਾਂਦੀ ਹੈ। ਉਨ੍ਹਾਂ ਦੀ ਉਦਾਹਰਨ ਨੌਜਵਾਨਾਂ ਨੂੰ ਨਿੱਜੀ ਇੱਛਾਵਾਂ ਤੋਂ ਉੱਪਰ ਉੱਠਣ, ਸਰਬੱਤ ਦੇ ਭਲੇ ਲਈ ਕਰਮਸ਼ੀਲ ਹੋਣ, ਇਮਾਨਦਾਰੀ ਵਾਲਾ ਜੀਵਨ ਜਿਊਣ ਅਤੇ ਨਿਡਰ ਹੋ ਕੇ ਨਿਆਂ ਤੇ ਸੱਚ ਦੇ ਰਸਤੇ ਉੱਤੇ ਚੱਲਣ ਦਾ ਸੰਦੇਸ਼ ਦਿੰਦੀ ਹੈ।
ਇਨ੍ਹਾਂ ਆਦਰਸ਼ਾਂ ਦਾ ਪ੍ਰਸਾਰ ਕਰਨ ਵਿਚ ਵਿੱਦਿਅਕ ਸੰਸਥਾਵਾਂ ਦੀ ਮਹੱਤਵਪੂਰਨ ਭੂਮਿਕਾ ਹੈ। ਸਿੱਖ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਕਿਸੇ ਇਕ ਧਰਮ ਤਕ ਸੀਮਿਤ ਨਹੀਂ ਹਨ – ਇਹ ਇਕ ਵਿਸ਼ਵ-ਵਿਆਪੀ ਨੈਤਿਕ ਸੰਦੇਸ਼ ਦਿੰਦੀਆਂ ਹਨ। ਯੂਨੀਵਰਸਿਟੀਆਂ ਨੂੰ ਸਿੱਖ ਦਰਸ਼ਨ ਦੇ ਨੈਤਿਕ, ਅਧਿਆਤਮਿਕ ਅਤੇ ਸਮਾਜਿਕ ਪਹਿਲੂਆਂ ਨੂੰ ਆਪਣੇ ਪਾਠਕ੍ਰਮ, ਖੋਜ ਅਤੇ ਅਗਵਾਈ ਵਾਲੇ ਪ੍ਰੋਗਰਾਮਾਂ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਸੇਵਾ, ਸਿਮਰਨ ਅਤੇ ਸੰਤ-ਸਿਪਾਹੀ ਵਰਗੇ ਸੰਕਲਪ ਵਿਦਿਆਰਥੀਆਂ ਦੇ ਵਿਕਾਸ ਦੀ ਰੂਪ-ਰੇਖਾ ਦਾ ਹਿੱਸਾ ਬਣਨੇ ਚਾਹੀਦੇ ਹਨ। ਯੂ.ਜੀ.ਸੀ. ਅਤੇ ਏ.ਆਈ.ਸੀ.ਟੀ.ਈ. ਵਰਗੀਆਂ ਰਾਸ਼ਟਰੀ ਅਕਾਦਮਿਕ ਸੰਸਥਾਵਾਂ ਨੂੰ ਭਾਰਤੀ ਬਹੁਲਵਾਦ, ਨੈਤਿਕਤਾ ਅਤੇ ਨਾਗਰਿਕ ਜ਼ਿੰਮੇਵਾਰੀ ਵਿੱਚ ਸਿੱਖ ਵਿਚਾਰਾਂ ਦੇ ਯੋਗਦਾਨ ਉੱਤੇ ਖੋਜ ਦਾ ਸਮਰਥਨ ਕਰਨਾ ਚਾਹੀਦਾ ਹੈ।
ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿੱਖਿਆਵਾਂ ਸਿਰਫ਼ ਇਕ ਗ੍ਰੰਥ ਜਾਂ ਦਾ ਇਕ ਸਮੂਹ ਤਕ ਸੀਮਿਤ ਨਹੀਂ ਹਨ ਸਗੋਂ ਉਨ੍ਹਾਂ ਨੇ ਇੱਕ ਜੀਵੰਤ ਪਰੰਪਰਾ ਸਥਾਪਤ ਕੀਤੀ ਹੈ। ਖ਼ਾਲਸੇ ਦੀ ਕੋਈ ਸੀਮਾ ਨਹੀਂ ਹੈ ਬਲਕਿ ਇਹ ਇਕ ਵਿਸ਼ਵ-ਵਿਆਪੀ ਆਦਰਸ਼ ਹੈ ਜੋ ਉਨ੍ਹਾਂ ਸਾਰਿਆਂ ਲਈ ਖੁੱਲ੍ਹਾ ਹੈ ਜੋ ਸੱਚ ਸੇਵਾ ਅਤੇ ਦਇਆ ਦੇ ਮਾਰਗ ਉੱਤੇ ਚੱਲਣਾ ਚਾਹੁੰਦੇ ਹਨ। ਇਹ ਪਰੰਪਰਾ ਇਹ ਚੇਤੇ ਕਰਵਾਉਂਦੀ ਹੈ ਕਿ ਅਧਿਆਤਮਿਕਤਾ ਰੋਜ਼ਮਰਾ ਦੀ ਜ਼ਿੰਦਗੀ ਤੋਂ ਵੱਖ ਨਹੀਂ ਹੈ। ਇਸ ਦੀ ਸਾਰਥਕਤਾ ਇਸ ਗੱਲ ਵਿਚ ਹੈ ਕਿ ਅਸੀਂ ਅਗਵਾਈ, ਸੇਵਾ ਅਤੇ ਦੂਜਿਆਂ ਨਾਲ ਸੰਬੰਧ ਕਿਵੇਂ ਸਿਰਜਦੇ ਹਾਂ?
ਵਿਸਾਖੀ ਸਿਰਫ਼ ਇੱਕ ਜਸ਼ਨ ਨਹੀਂ ਹੈ ਬਲਕਿ ਇਹ ਆਤਮ-ਚਿੰਤਨ ਦਾ ਸੱਦਾ ਹੈ। ਇਹ ਦਿਨ ਸਾਡੇ ਸਾਹਮਣੇ ਚੁਨੌਤੀ ਪੂਰਨ ਪ੍ਰਸ਼ਨ ਖੜ੍ਹਾ ਕਰਦਾ ਹੈ ਕਿ ਕੀ ਅਸੀਂ ਸੱਚਮੁੱਚ ਗੁਰੂ ਗੋਬਿੰਦ ਸਿੰਘ ਜੀ ਦੇ ਆਦਰਸ਼ਾਂ ਅਨੁਸਾਰ ਜੀਵਨ ਜਿਊਂ ਰਹੇ ਹਾਂ ਜਾਂ ਕੀ ਅਸੀਂ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਸਿਰਫ਼ ਪਰੰਪਰਾ ਤੱਕ ਘਟਾ ਦਿੱਤਾ ਹੈ। ਭੌਤਿਕਵਾਦੀ ਅਤੇ ਨਿੱਜੀ ਸਵਾਰਥਾਂ ਵਾਲੇ ਇਸ ਯੁੱਗ ਵਿਚ ਵਿਸਾਖੀ ਸਾਨੂੰ ਪੰਜ ਸਦੀਵੀ ਸਿੱਖਿਆਵਾਂ ਦੀ ਯਾਦ ਕਰਵਾਉਂਦੀ ਹੈ: ਪਹਿਲੀ ਇਹ ਕਿ ਸੱਚੀ ਰਹਿਨੁਮਾਈ, ਕੁਰਬਾਨੀ ਅਤੇ ਨਿਮਰਤਾ ਨਾਲ ਭਰਪੂਰ ਹੁੰਦੀ ਹੈ। ਦੂਸਰੀ ਇਹ ਕਿ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਦੇ ਹੋਏ ਸਮਾਨਤਾ ਅਤੇ ਸਮਾਜਿਕ ਨਿਆਂ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਤੀਸਰੀ ਇਹ ਕਿ ਨੈਤਿਕ ਹਿੰਮਤ ਅਤੇ ਨਿਡਰਤਾ ਨਾਲ ਜਿਊਂਣਾ ਜ਼ਰੂਰੀ ਹੈ। ਚੌਥੀ ਇਹ ਕਿ ਨਿਰਸਵਾਰਥ ਸੇਵਾ ਨਾ ਸਿਰਫ਼ ਦੂਜਿਆਂ ਨੂੰ ਸਗੋਂ ਖ਼ੁਦ ਨੂੰ ਵੀ ਉੱਚਾ ਚੁੱਕਦੀ ਹੈ। ਪੰਜਵੀਂ ਇਹ ਕਿ ਨੌਜਵਾਨਾਂ ਨੂੰ ਗੁਰੂ ਸਾਹਿਬ ਦੇ ਜੀਵਨ ਤੋਂ ਪ੍ਰੇਰਨਾ ਲੈਂਦੇ ਹੋਏ ਖ਼ੁਦ ਦੇ ਚਰਿੱਤਰ, ਦਇਆ-ਭਾਵਨਾ ਅਤੇ ਉਦੇਸ਼ ਨੂੰ ਰੁਤਬੇ ਅਤੇ ਦੌਲਤ ਨਾਲੋਂ ਉੱਪਰ ਰੱਖਣਾ ਚਾਹੀਦਾ ਹੈ।
ਵਿਸਾਖੀ ਨੂੰ ਕੇਵਲ ਇਕ ਤਿਉਹਾਰ ਤੋਂ ਵੱਡੇ ਅਰਥਾਂ ਵਿਚ ਗ੍ਰਹਿਣ ਕਰਨ ਦੀ ਜ਼ਰੂਰਤ ਹੈ। ਇਸ ਨੂੰ ਅੰਦਰੂਨੀ ਜਾਗ੍ਰਿਤੀ ਦਾ ਇੱਕ ਪਲ ਬਣਨ ਦਿਓ। ਇਸ ਨੂੰ ਆਪਣੀਆਂ ਨਿੱਜੀ ਅਤੇ ਸਮੂਹਿਕ ਜ਼ਿੰਮੇਵਾਰੀਆਂ ਦੀ ਜਾਂਚ ਲਈ ਇਕ ਪ੍ਰੇਰਨਾ ਬਣਨ ਦਿਓ। ਕੀ ਅਸੀਂ ਇਕ ਅਜਿਹੀ ਪੀੜ੍ਹੀ ਦਾ ਨਿਰਮਾਣ ਕਰ ਰਹੇ ਹਾਂ ਜੋ ਨੈਤਿਕ ਤੌਰ ਉੱਤੇ ਜਾਗ੍ਰਿਤ, ਅਧਿਆਤਮਿਕ ਤੌਰ ਉੱਤੇ ਮਜ਼ਬੂਤ ਜੜ੍ਹਾਂ ਵਾਲੀ ਅਤੇ ਸਮਾਜਿਕ ਤੌਰ ਉੱਤੇ ਦਲੇਰ ਹੋਵੇ? ਕੀ ਅਸੀਂ ਸੰਸਥਾਵਾਂ ਅਤੇ ਕੌਮਾਂ ਨੂੰ ਅਜਿਹਾ ਰੂਪ ਦੇ ਰਹੇ ਹਾਂ ਜੋ ਨਿਆਂ, ਨਿਮਰਤਾ ਅਤੇ ਨਿਰਸਵਾਰਥ ਸੇਵਾ ਦੇ ਸਿਧਾਂਤਾਂ ਅਨੁਸਾਰ ਜਿਊਣ ਲਈ ਪ੍ਰੇਰਿਤ ਕਰਨ? ਅਸੀਂ ਇਸ ਪਵਿੱਤਰ ਦਿਨ ਦਾ ਸਨਮਾਨ ਕਰਦੇ ਹੋਏ ਅਰਦਾਸ ਕਰਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਰੂਹਾਨੀ ਪ੍ਰੇਰਨਾ ਸਾਡੇ ਵਿਚਾਰਾਂ ਅਤੇ ਕਾਰਜਾਂ ਦੀ ਅਗਵਾਈ ਕਰੇ। ਆਓ ਅਸੀਂ ਇਕ ਸਾਂਝੇ ਉਦੇਸ਼ ਅਤੇ ਹਿੰਮਤ ਨਾਲ ਅਤੇ ਸਾਰੀ ਮਨੁੱਖਤਾ ਦੀ ਏਕਤਾ ਵਿੱਚ ਅਟੁੱਟ ਵਿਸ਼ਵਾਸ ਨਾਲ ਜ਼ਿੰਦਗੀ ਬਿਤਾਈਏ। ਅਰਦਾਸ ਕਰੀਏ ਕਿ ਵਿਸਾਖੀ ਸਾਨੂੰ ਸਦੀਆਂ ਪਹਿਲਾਂ ਇਸ ਦਿਨ ਕੀਤੇ ਗਏ ਬਲੀਦਾਨਾਂ ਦੇ ਯੋਗ ਸਮਾਜ ਸਿਰਜਣ ਲਈ ਪ੍ਰੇਰਿਤ ਕਰੇ।

-
ਪ੍ਰੋ. (ਡਾ.) ਕਰਮਜੀਤ ਸਿੰਘ , ਵਾਈਸ-ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ
surnoorkaur7@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.