NIA ਦੀ ਹਿਰਾਸਤ ’ਚ ਤਹੱਵੁਰ ਰਾਣਾ ਨੇ ਕੀਤੀਆਂ ਤਿੰਨ ਮੰਗਾਂ
ਨਵੀਂ ਦਿੱਲੀ, 13 ਅਪ੍ਰੈਲ 2025 — 26/11 ਮੁੰਬਈ ਹਮਲਿਆਂ ਦੇ ਮਾਸਟਰਮਾਈਂਡ ਤਹਵੁਰ ਹੁਸੈਨ ਰਾਣਾ ਨਾਲ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਵੱਲੋਂ ਦੂਜੇ ਦਿਨ ਵੀ ਸਖ਼ਤ ਪੁੱਛਗਿੱਛ ਜਾਰੀ ਹੈ। ਰਾਣਾ ਨੂੰ ਐਨਆਈਏ ਦੇ ਦਿੱਲੀ ਸਥਿਤ ਸੀਜੀਓ ਕੰਪਲੈਕਸ ਵਿਖੇ ਇੱਕ ਉੱਚ-ਸੁਰੱਖਿਆ ਵਾਲੀ ਕੋਠੜੀ ਵਿੱਚ ਰੱਖਿਆ ਗਿਆ ਹੈ।
ਸੂਤਰਾਂ ਮੁਤਾਬਕ, ਰਾਣਾ ਨੇ ਆਪਣੇ ਲਈ ਕੁਝ ਚੋਣਵੀਆਂ ਚੀਜ਼ਾਂ ਦੀ ਮੰਗ ਕੀਤੀ ਹੈ, ਜਿਸ ’ਚ ਕੁਰਾਨ ਦੀ ਇੱਕ ਕਾਪੀ, ਲਿਖਣ ਲਈ ਕਲਮ ਅਤੇ ਕਾਗਜ਼ ਸ਼ਾਮਲ ਹਨ। ਤਿੰਨੋ ਚੀਜ਼ਾਂ ਉਨ੍ਹਾਂ ਨੂੰ ਉਪਲਬਧ ਕਰਵਾਈਆਂ ਗਈਆਂ ਹਨ। ਐਨਆਈਏ ਦੇ ਇਕ ਅਧਿਕਾਰੀ ਨੇ ਦੱਸਿਆ ਕਿ,
“ਉਸਨੂੰ ਕੁਰਾਨ ਦੀ ਕਾਪੀ ਦਿੱਤੀ ਗਈ ਹੈ ਅਤੇ ਉਹ ਹਰ ਰੋਜ਼ ਪੰਜ ਵਾਰ ਨਮਾਜ਼ ਅਦਾ ਕਰਦਾ ਹੈ।"
ਕਲਮ ਅਤੇ ਕਾਗਜ਼ ’ਤੇ ਰਾਣਾ ਦੀ ਹਿਰਾਸਤ ਦੌਰਾਨ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ ਤਾਂ ਜੋ ਉਹ ਕਿਸੇ ਤਰ੍ਹਾਂ ਆਪਣੇ ਆਪ ਨੂੰ ਨੁਕਸਾਨ ਨਾ ਪਹੁੰਚਾ ਲਏ। ਇਨ੍ਹਾਂ ਤੋਂ ਇਲਾਵਾ, ਉਸ ਵੱਲੋਂ ਕੋਈ ਹੋਰ ਮੰਗ ਨਹੀਂ ਕੀਤੀ ਗਈ।
ਕਾਨੂੰਨੀ ਸਹੂਲਤਾਂ ਤੇ ਤੰਦਰੁਸਤੀ ਦੀ ਨਿਗਰਾਨੀ
ਅਦਾਲਤ ਦੇ ਨਿਰਦੇਸ਼ ਅਨੁਸਾਰ, ਰਾਣਾ ਨੂੰ ਹਰ 48 ਘੰਟਿਆਂ ਬਾਅਦ ਡਾਕਟਰੀ ਜਾਂਚ ਲਈ ਲਿਆ ਜਾਂਦਾ ਹੈ ਅਤੇ ਦਿੱਲੀ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਨਿਯੁਕਤ ਵਕੀਲ ਨਾਲ ਮਿਲਣ ਦੀ ਵੀ ਆਗਿਆ ਦਿੱਤੀ ਗਈ ਹੈ।
ਜਾਂਚ ਵਿੱਚ ਜ਼ੋਰਦਾਰ ਗ੍ਰਿੱਲਿੰਗ
ਐਨਆਈਏ ਦੀ ਟੀਮ ਰਾਣਾ ਤੋਂ ਉਸ ਦੀ ਭੂਮਿਕਾ ਅਤੇ ਸਾਜ਼ਿਸ਼ ਨਾਲ ਜੁੜੇ ਕਈ ਪਹਿਲੂਆਂ 'ਤੇ ਪੁੱਛਗਿੱਛ ਕਰ ਰਹੀ ਹੈ। ਖ਼ਾਸ ਕਰਕੇ ਉਹ ਦਰਜਨਾਂ ਫੋਨ ਕਾਲਾਂ ਜੋ ਉਸ ਅਤੇ ਡੇਵਿਡ ਕੋਲਮੈਨ ਹੈਡਲੀ (ਉਰਫ਼ ਦਾਊਦ ਗਿਲਾਨੀ) ਵਿਚਕਾਰ ਹੋਈਆਂ ਸਨ, ਜਾਂਚ ਦਾ ਕੇਂਦਰ ਹਨ। ਹੈਡਲੀ ਹੁਣ ਅਮਰੀਕਾ ਵਿੱਚ 26/11 ਨਾਲ ਜੁੜੇ ਮਾਮਲੇ 'ਚ ਕੈਦ ਕੱਟ ਰਿਹਾ ਹੈ।
ਸੂਤਰਾਂ ਅਨੁਸਾਰ, ਜਾਂਚਕਰਤਾ ਰਾਣਾ ਦੇ ਦੁਬਈ ਵਿਖੇ ਹੋ ਸਕਦੇ ਸੰਪਰਕਾਂ ਬਾਰੇ ਵੀ ਜਾਣਕਾਰੀ ਇਕੱਠੀ ਕਰ ਰਹੇ ਹਨ, ਜਿਨ੍ਹਾਂ ਦੀ ਭੂਮਿਕਾ ਹਮਲੇ ਦੀ ਯੋਜਨਾ ਵਿੱਚ ਹੋ ਸਕਦੀ ਹੈ।