ਲਿਖਾਰੀ ਸਭਾ ਫ਼ਤਹਿਗੜ੍ਹ ਸਾਹਿਬ ਵੱਲੋਂ ਬਲਤੇਜ ਸਿੰਘ ਬਠਿੰਡਾ ਦੀ ਕਾਵਿ-ਪੁਸਤਕ `ਇਬਾਦਤ ਤੋਂ ਸ਼ਹਾਦਤ ਤੱਕ` ਲੋਕ ਅਰਪਣ
ਗੁਰਪ੍ਰੀਤ ਸਿੰਘ ਜਖਵਾਲੀ
ਫਤਹਿਗੜ੍ਹ ਸਾਹਿਬ 14 ਅਪ੍ਰੈਲ 2025:-ਜ਼ਿਲ੍ਹਾ ਲਿਖਾਰੀ ਸਭਾ (ਰਜਿ:) ਫ਼ਤਹਿਗੜ੍ਹ ਸਾਹਿਬ ਵੱਲੋਂ ਬਲਤੇਜ ਸਿੰਘ ਬਠਿੰਡਾ ਦੀ ਕਾਵਿ-ਪੁਸਤਕ "ਇਬਾਦਤ ਤੋਂ ਸ਼ਹਾਦਤ ਤੱਕ" ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਰਿਲੀਜ਼ ਕੀਤੀ ਗਈ। ਜਿਸਦੀ ਪ੍ਰਧਾਨਗੀ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਨੇ ਕੀਤੀ ਤੇ ਕੇਂਦਰੀ ਸਭਾ ਦੇ ਮੀਤ ਪ੍ਰਧਾਨ ਸੁਰਿੰਦਰਪ੍ਰੀਤ ਘਣੀਆਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਮਾਲਵਾ ਲਿਖਾਰੀ ਸਭਾ ਸੰਗਰੂਰ ਤੋਂ ਕਰਮ ਸਿੰਘ ਜ਼ਖ਼ਮੀ ਨੇ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕੀਤੀ। ਪ੍ਰਿੰਸੀਪਲ ਜਲੌਰ ਸਿੰਘ ਖੀਵਾ ਨੇ ਮੁੱਖ ਵਕਤਾ ਦੀ ਭੂਮਿਕਾ ਬਾਖੂਬੀ ਨਿਭਾਈ ਤੇ ਭਾਸ਼ਾ ਵਿਭਾਗ ਵੱਲੋਂ ਖੋਜ ਅਫ਼ਸਰ ਸਨਦੀਪ ਸਿੰਘ ਭਾਸ਼ਾ ਦਫ਼ਤਰ ਫ਼ਤਹਿਗੜ੍ਹ ਤੋਂ ਵਿਸ਼ੇਸ਼ ਸਹਿਯੋਗੀ ਰਹੇ। ਬਠਿੰਡਾ ਤੋਂ ਮੀਤ ਬਠਿੰਡਾ ਵੀ ਪੁੱਜੇ। ਮੰਚ ਸੰਚਾਲਨ ਸਭਾ ਦੀ ਪ੍ਰਧਾਨ ਪਰਮਜੀਤ ਕੌਰ ਸਰਹਿੰਦ ਤੇ ਪ੍ਰੈਸ ਸਕੱਤਰ ਅਮਰਬੀਰ ਸਿੰਘ ਚੀਮਾ ਨੇ ਸਾਂਝੇ ਤੌਰ 'ਤੇ ਕੀਤਾ ਤੇ ਆਏ ਮਹਿਮਾਨਾਂ ਨੂੰ ਭਾਵਭਿੰਨੇ ਸ਼ਬਦਾਂ ਵਿੱਚ ਜੀ ਆਇਆਂ ਕਿਹਾ। ਸਮਾਗਮ ਵਿੱਚ ਬਠਿੰਡਾ, ਸੰਗਰੂਰ, ਨਾਭਾ, ਪਟਿਆਲਾ, ਖੰਨਾ, ਭੈਣੀ ਸਾਹਿਬ, ਮੋਰਿੰਡਾ ਤੇ ਰੋਪੜ ਦੀਆਂ ਸਾਹਿਤ ਸਭਾਵਾਂ ਦੇ ਨੁਮਾਇੰਦੇ ਹਾਜ਼ਰ ਹੋਏ। ਗੁਰਪ੍ਰੀਤ ਸਿੰਘ ਜਖਵਾਲੀ ਨੇ ਪ੍ਰੋਗਰਾਮ ਦੀ ਕਵਰੇਜ ਕੀਤੀ। ਸਮਾਗਮ ਦੀ ਰਸਮੀ ਸ਼ੁਰੂਆਤ ਮਨਜੀਤ ਸਿੰਘ ਘੁੰਮਣ ਤੇ ਗੁਰਪ੍ਰੀਤ ਸਿੰਘ ਬਰਗਾੜੀ ਦੇ ਤਰੰਨੁਮ ਵਿੱਚ ਗਾਏ ਗੀਤਾਂ ਨਾਲ਼ ਕੀਤੀ ਗਈ। ਉਪਰੰਤ ਪਰਮਜੀਤ ਕੌਰ ਸਰਹਿੰਦ ਨੇ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸ਼੍ਰੋਮਣੀ ਸਾਹਿਤਕਾਰ ਤੇ ਨਾਮਵਰ ਲੇਖਕ/ ਸ਼ਾਇਰ ਸਾਡੇ ਸਨਿਮਰ ਸੱਦੇ ਦਾ ਮਾਣ ਰੱਖਦੇ ਇੱਥੇ ਪੁੱਜੇ ਹਨ। ਉਨ੍ਹਾਂ ਕਿਹਾ ਕਿ ਸਾਡੀ ਲਿਖਾਰੀ ਸਭਾ ਸੰਨ 1992-93 ਤੋਂ ਨਿਰੰਤਰ ਕਾਰਜਸ਼ੀਲ ਹੈ ਇਸ ਵਿੱਚੋਂ ਨਵੇਂ ਕਲਮਕਾਰ ਉਭਰਕੇ ਸਾਹਮਣੇ ਆਏ ਹਨ। ਬਲਤੇਜ ਸਿੰਘ ਬਠਿੰਡਾ ਉਨ੍ਹਾਂ ਵਿੱਚੋਂ ਇੱਕ ਹੈ ਜਿਸਦੀ ਪੰਜਾਬੀ ਸਾਹਿਤ ਵਿੱਚ ਚੰਗੀ ਪਹਿਚਾਣ ਹੈ ਉਨ੍ਹਾਂ ਨੇ ਆਪਣੀ ਸਭਾ ਵੱਲੋਂ ਲੇਖਕ ਅਤੇ ਉਸਦੇ ਸਮੂਹ ਪਰਿਵਾਰ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਜਲੌਰ ਸਿੰਘ ਖੀਵਾ ਨੇ ਪੁਸਤਕ ਬਾਰੇ ਪਰਚਾ ਪੜ੍ਹਿਆ ਤੇ ਰਚਨਾਵਾਂ 'ਤੇ ਚਰਚਾ ਕਰਦਿਆਂ ਕਿਹਾ ਕਿ ਜਦੋਂ ਬਲਤੇਜ ਸਮਾਜ ਬਾਰੇ, ਵਿਵਸਥਾ ਬਾਰੇ ਜਾਂ ਹੋਰ ਚਲੰਤ ਮਾਮਲਿਆਂ ਸਬੰਧੀ ਗੱਲ ਕਰਦਾ ਹੈ ਤਾਂ ਮੈਨੂੰ ਆਪਣਾ ਗਰਾਈਂ ਜਾਪਦਾ ਹੈ ਕਿਉਂਕਿ ਸਾਡਾ ਪਿਛੋਕੜ ਇੱਕੋ ਖੇਤਰ ਦਾ ਹੈ। ਜਦੋਂ ਸ਼ਹੀਦਾਂ-ਮੁਰੀਦਾਂ ਤੇ ਗ਼ਦਰੀ ਬਾਬਿਆਂ ਬਾਰੇ ਲਿਖਦਾ ਹੈ ਤਾਂ ਇਹ ਫਤਿਹਗੜ੍ਹ ਸਾਹਿਬ ਦਾ ਹੀ ਜੰਮਪਲ ਲੱਗਦਾ ਹੈ। ਉਨ੍ਹਾਂ ਨੇ ਕਿਹਾ ਕਿ ਪੁਸਤਕ ਇਤਿਹਾਸਕ ਵੀ ਹੈ ਤੇ ਸਮਾਜਿਕ ਵੀ। ਸ਼੍ਰੋਮਣੀ ਕਵੀ ਦਰਸ਼ਨ ਬੁੱਟਰ ਨੇ ਕਿਹਾ ਕਿ ਬਲਤੇਜ ਬਠਿੰਡਾ ਇੱਕ ਵਧੀਆ ਲੇਖਕ ਹੀ ਨਹੀਂ ਚੰਗਾ ਸਰੋਤਾ ਤੇ ਸੂਝਵਾਨ ਪਾਠਕ ਵੀ ਹੈ। ਉਨ੍ਹਾਂ ਕਵਿਤਾਵਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਲੇਖਕ ਨੇ ਨਿੱਜ ਨੂੰ ਨਹੀਂ ਪਰ ਨੂੰ ਮਹਿਸੂਸ ਕਰਕੇ ਰਚਨਾ ਕੀਤੀ ਹੈ ਜਦੋਂਕਿ ਆਮ ਲੇਖਕ ਦੀ ਪਹਿਲੀ ਪੁਸਤਕ ਨਿੱਜ ਵਿੱਚੋਂ ਨਿੱਕਲ਼ਦੀ ਹੈ। ਸੁਰਿੰਦਰਪ੍ਰੀਤ ਘਣੀਆਂ ਨੇ ਕਿਹਾ ਕਿ ਬਲਤੇਜ ਤੇ ਮੈਂ ਬਠਿੰਡੇ ਦੇ ਨੇੜਲੇ ਪਿੰਡਾਂ ਦੇ ਜਾਏ ਹਾਂ ਤੇ ਪੇਂਡੂ ਰਹਿਤਲ ਨਾਲ਼ ਜੁੜੇ ਜੀਵਨ ਦੀਆਂ ਔਖਾਂ ਤੋਂ ਜਾਣੂੰ ਹਾਂ ਤੇ ਉਹ ਭਾਵਨਾਵਾਂ ਸਾਡੀਆਂਨਜ਼ਮਾਂ-ਗ਼ਜ਼ਲਾਂ ਬਣ ਜਾਂਦੀਆਂ ਹਨ। ਉਨ੍ਹਾਂ ਨੇ ਲੇਖਕ ਦੀ ਲੇਖਣੀ ਇਤਿਹਾਸਕ ਪੱਖ ਨੂੰ ਵੀ ਸਲਾਹਿਆ। ਕਰਮ ਸਿੰਘ ਜ਼ਖ਼ਮੀ ਨੇ ਕਿਹਾ ਕਿ ਬਲਤੇਜ ਸਿੰਘ ਨੇ ਚਲਦੇ ਚਲਦੇ ਕਾਵਿ ਸਿਰਜਣਾ ਨਹੀਂ ਕੀਤੀ ਬਲਕਿ ਠਰੰਮੇ ਨਾਲ਼ ਕੰਮ ਕੀਤਾ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਲੇਖਕ ਵੱਲੋਂ ਕੀਤੇ ਅਧਿਐਨ ਦਾ ਸਾਰਥਿਕ ਸਿੱਟਾ ਹੈ। ਖੋਜ ਅਫ਼ਸਰ ਸਨਦੀਪ ਸਿੰਘ ਨੇ ਕਿਹਾ ਬਲਤੇਜ ਸਿੰਘ ਦੀਆਂ ਕਵਿਤਾਵਾਂ ਵਿੱਚ ਜੋ ਇਤਿਹਾਸਕ ਤੇ ਧਾਰਮਿਕ ਤੱਥ ਮਿਲਦੇ ਹਨ ਉਹ ਇਸਦੀ ਖੋਜੀ ਬਿਰਤੀ ਦਾ ਸਬੂਤ ਹਨ। ਬੱਗਾ ਸਿੰਘ ਬਠਿੰਡਾ ਨੇ ਇਸ ਕਾਰਜ ਨੂੰ ਲੇਖਕ ਦੇ ਨਾਲ਼ ਲਿਖਾਰੀ ਸਭਾ ਦੀ ਪ੍ਰਾਪਤੀ ਕਿਹਾ। ਸਮੁੱਚੇ ਸਮਾਗਮ ਦੀ ਸਮੀਖਿਆ ਰੂਪ ਵਿੱਚ ਸਾਰੇ ਬੁਲਾਰਿਆਂ ਨੇ ਕਿਹਾ ਕਿ ਇਨ੍ਹਾਂ ਨਵੇਂ ਲੇਖਕਾਂ ਨੂੰ ਅੱਗੇ ਲਿਆਉਣ ਵਿੱਚ ਪਰਮਜੀਤ ਕੌਰ ਸਰਹਿੰਦ ਦਾ ਬਹੁਤ ਯੋਗਦਾਨ ਹੈ ਜੋ ਇਨ੍ਹਾਂ ਨੂੰ ਉਂਗਲ਼ ਫੜ ਕੇ ਨਾਲ ਤੋਰਦੀ ਹੈ ਤੇ ਅਜਿਹੇ ਸਮਾਗਮਾਂ ਦੀ ਸਮੁੱਚੀ ਦੇਖ ਭਾਲ਼ ਦੀ ਜ਼ਿੰਮੇਵਾਰੀ ਨਿਭਾਉਂਦੀ ਆਪਣੀ ਕਲਮ ਵੀ ਚਲਾਉਂਦੀ ਹੈ। ਬਲਤੇਜ ਸਿੰਘ ਬਠਿੰਡਾ ਨੇ ਕਿਹਾ ਕਿ ਇਹ ਪੁਸਤਕ ਸਾਡੀ ਸਭਾ ਦੀ ਪ੍ਰਧਾਨ ਤੇ ਸਾਡੀ ਮਾਂ ਸਮਾਨ ਬੀਬੀ ਪਰਮਜੀਤ ਕੌਰ ਸਰਹਿੰਦ ਦੀ ਰਾਹਨੁਮਾਈ ਤੇ ਸਹਿਯੋਗ ਸਦਕਾ ਸੰਪੂਰਨ ਹੋਈ। ਬਠਿੰਡਾ ਨੇ ਇਸ ਮੌਕੇ ਸਭਾ ਲਈ ਪਾਏ ਯੋਗਦਾਨ ਲਈ ਉਨ੍ਹਾਂ ਦੇ ਵਿੱਛੜੇ ਸਾਥੀ ਮੈਨੇਜਰ ਊਧਮ ਸਿੰਘ ਨੂੰ ਯਾਦ ਕੀਤਾ। ਬਲਤੇਜ ਸਿੰਘ ਨੇ ਕਿਹਾ ਕਿ ਗ਼ਦਰੀ ਬਾਬਿਆਂ ਦੇ ਇਤਿਹਾਸ ਤੋਂ ਪ੍ਰਭਾਵਿਤ ਹੋ ਕੇ ਉਸਨੇ ਕਈ ਕਵਿਤਾਵਾਂ ਲਿਖੀਆਂ। ਲੇਖਕ ਨੇ ਸਾਰਿਆਂ ਦਾ ਧੰਨਵਾਦ ਕੀਤਾ। ਪਰਮਜੀਤ ਕੌਰ ਸਰਹਿੰਦ ਅਨੁਸਾਰ ਸਭਾ ਦਾ "ਹਰਿਆਵਲ ਦਸਤਾ" ਟੀਮ ਜਸ਼ਨ ਮੱਟੂ, ਗੁਰਪ੍ਰੀਤ ਬਰਗਾੜੀ, ਗੁਰਜੀਤ ਸਿੰਘ ਗਰਚਾ, ਰਵਿੰਦਰ ਰਵੀ, ਸਚਿਨ ਕੁਮਾਰ, ਮਨਦੀਪ ਕੁਮਾਰ, ਮਨਦੀਪ ਲੋਟੇ, ਅਤੇ ਕਬੀਰ ਸਿੰਘ ਨੇ ਆਏ ਮਹਿਮਾਨਾਂ ਦੀ ਤਨੋਂ ਮਨੋਂ ਸੇਵਾ ਕੀਤੀ। ਪ੍ਰਧਾਨਗੀ ਮੰਡਲ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਆਏ ਕਵੀਆਂ ਸੁਖਵੰਤ ਸਿੰਘ ਭੱਟੀ, ਹਰਜਿੰਦਰ ਸਿੰਘ ਗੋਪਾਲੋਂ, ਪ੍ਰਿੰਸੀਪਲ ਸੁਖਵਿੰਦਰ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਬੀੜ ਕਿਸ਼ਨ, ਅਮਰਬੀਰ ਸਿੰਘ ਚੀਮਾ, ਪ੍ਰੋ. ਸਾਧੂ ਸਿੰਘ ਪਨਾਗ, ਗੁਰਨਾਮ ਸਿੰਘ ਬਿਜਲੀ, ਲਛਮਣ ਸਿੰਘ ਤਰੌੜਾ, ਮੀਤ ਬਠਿੰਡਾ, ਪਵਨ ਕੁਮਾਰ, ਰਾਜਿੰਦਰ ਸਿੰਘ ਰਾਜਨ, ਬਹਾਦਰ ਸਿੰਘ ਧੌਲਾ, ਹਰਬੰਸ ਸਿੰਘ ਸ਼ਾਨ ਤੇ ਮਨਦੀਪ ਸਿੰਘ ਮਾਣਕੀ ਨੇ ਆਪਣੀਆਂ ਰਚਨਾਵਾਂ ਪੜ੍ਹੀਆਂ। ਇਸ ਮੌਕੇ ਖ਼ਾਸ ਤੌਰ 'ਤੇ ਪੁੱਜੇ ਚਿੱਤਰਕਾਰ ਗੁਰਪ੍ਰੀਤ ਸਿੰਘ ਧਰਮ ਗੜ੍ਹ ਤੇ ਨਵਰੂਪ ਕੌਰ ਗੌਰਖੀ ਨੇ ਸਭਾ ਦਾ ਮਾਣ ਵਧਾਇਆ। ਜ਼ਿਲ੍ਹਾ ਲਿਖਾਰੀ ਸਭਾ ਫ਼ਤਹਿਗੜ੍ਹ ਸਾਹਿਬ ਵੱਲੋਂ ਸ਼੍ਰੋਮਣੀ ਕਵੀ ਦਰਸ਼ਨ ਬੁੱਟਰ, ਸੁਰਿੰਦਰਪ੍ਰੀਤ ਘਣੀਆਂ, ਕਰਮ ਸਿੰਘ ਜ਼ਖ਼ਮੀ, ਪ੍ਰਿੰਸੀਪਲ ਜਲੌਰ ਸਿੰਘ ਖੀਵਾ ਤੇ ਭਾਸ਼ਾ ਅਫ਼ਸਰ ਸਨਦੀਪ ਸਿੰਘ ਦਾ ਦਸਤਾਰਾਂ ਅਤੇ ਸਨਮਾਨ ਚਿੰਨ੍ਹ ਦੇ ਕੇ ਮਾਣ ਕੀਤਾ ਗਿਆ। ਪੁਸਤਕ ਦੀ ਸਿਰਜਣਾ ਲਈ ਸਭਾ ਵੱਲੋਂ ਬਲਤੇਜ ਸਿੰਘ ਬਠਿੰਡਾ ਨੂੰ ਲੋਈ ਸਮੇਤ ਯਾਦਗਾਰੀ ਚਿੰਨ੍ਹ ਤੇ ਉਸਦੀ ਪਤਨੀ ਪਰਮਜੀਤ ਕੌਰ ਬਠਿੰਡਾ ਨੂੰ ਫੁਲਕਾਰੀ ਦੇ ਕੇ ਸਨਮਾਨਿਤ ਕੀਤਾ ਗਿਆ। ਲੇਖਕ ਦੇ ਪਰਿਵਾਰ ਵੱਲੋਂ ਬੀਬੀ ਸਰਹਿੰਦ ਦੇ ਨਾਲ਼ ਉਨ੍ਹਾਂ ਦੇ ਵਿੱਛੜੇ ਸਾਥੀ ਊਧਮ ਸਿੰਘ ਲਈ ਵੀ ਵਿਸ਼ੇਸ਼ ਮਾਣ ਦਿੱਤਾ ਗਿਆ। ਲੇਖਕ ਦੇ ਪੁੱਤਰ-ਪੁੱਤਰੀ ਜਪਕੀਰਤ , ਨਵਰੋਜ਼, ਪਿਤਾ ਮੁਖਤਿਆਰ ਸਿੰਘ ਦੇ ਨਾਲ ਉਨ੍ਹਾਂ ਦੀ ਮਾਤਾ ਅਤੇ ਭੈਣਾਂ ਵੀਓ ਸਮੇਤ ਪਰਿਵਾਰ ਹਾਜ਼ਰ ਰਹੀਆਂ। ਪਟਿਆਲਾ ਤੋਂ ਉਨ੍ਹਾਂ ਦੇ ਸਹੁਰਾ ਸਾਹਿਬ ਅਜਾਇਬ ਸਿੰਘ ਅਤੇ ਨੂੰਹਾਂ-ਪੁੱਤਰ ਵੀ ਪੁੱਜੇ।