Babushahi Special: ਵਹਿਮਾਂ ਭਰਮਾਂ ਦੀ ਪੱਟੀ ਦੁਨੀਆਂ ਨੇ ਟੂਣੇ ਟੋਟਕਿਆਂ ਰਾਹੀਂ ਬਠਿੰਡਾ ਨਹਿਰ ਦਾ ਪਾਣੀ ਕੀਤਾ ਜ਼ਹਿਰੀਲਾ
ਅਸ਼ੋਕ ਵਰਮਾ
ਬਠਿੰਡਾ,12 ਅਪ੍ਰੈਲ2025: ਬਠਿੰਡਾ ’ਚ ਵਹਿਮਾਂ ਭਰਮਾਂ ਦੀ ਪੱਟੀ ਦੁਨੀਆਂ ਨੇ ਸਰਹਿੰਦ ਨਹਿਰ ਵਿੱਚ ਟੂਣੇ ਟਾਮਣ ਦੇ ਨਾਮ ਹੇਠ ਸੁੱਟੀਆਂ ਵਸਤਾਂ ਅਤੇ ਗੰਦ ਮੰਦ ਨੇ ਕਦੇ ਮਨੁੱਖੀ ਜੀਵਨ ਲਈ ਵਰਦਾਨ ਮੰਨਿਆ ਜਾਂਦਾ ਪਾਣੀ ਜਹਿਰੀਲਾ ਬਣਾ ਦਿੱਤਾ ਹੈ। ਨਹਿਰ ਦਾ ਸ਼ਹਿਰ ਨਾਲ ਲੱਗਦਾ ਕਰੀਬ ਦਸ ਕਿੱਲੋਮੀਟਰ ਹਿੱਸਾ ਬਦਸੂਰਤੀ ਦੀ ਉਹ ਤਸਵੀਰ ਪੇਸ਼ ਕਰ ਰਿਹਾ ਹੈ ਜਿਸ ਦਾ ਪਾਣੀ ਵਰਗੇ ਪਵਿੱਤਰ ਸੋਮੇ ਬਾਰੇ ਕਿਆਸ ਵੀ ਨਹੀਂ ਕੀਤਾ ਜਾ ਸਕਦਾ ਹੈ। ਜੇਕਰ ਕਿਸੇ ਨੇ ਹਕੀਕਤ ਦੇਖਣੀ ਹੋਵੇ ਤਾਂ ਇੰਨ੍ਹਾਂ ਦਿਨਾਂ ਦੌਰਾਨ ਬੰਦ ਕੀਤੀ ਨਹਿਰ ਦੇ ਅੰਦਰ ਝਾਤੀ ਮਾਰ ਸਕਦਾ ਹੈ। ਇੱਥੇ ਇਹ ਵੀ ਜਿਕਰ ਕਰਨਾ ਕੁਥਾਂ ਨਹੀਂ ਹੋਵੇਗਾ ਕਿ ਇਸ ਨਹਿਰ ਦਾ ਪਾਣੀ ਸ਼ਹਿਰ ਅਤੇ ਪੇਂਡੂ ਜਲਘਰਾਂ ਨੂੰ ਸਪਲਾਈ ਕੀਤਾ ਜਾਂਦਾ ਹੈ। ਹਾਲਾਂਕਿ ਜਲ ਸਪਲਾਈ ਵਿਭਾਗ ਪਾਣੀ ਸੋਧਣ ਦੀ ਗੱਲ ਕਰਦਾ ਹੈ ਪਰ ਸਿਹਤ ਸਬੰਧੀ ਮਾਹਿਰਾਂ ਦਾ ਕਹਿਣਾ ਹੈ ਕਿ ਜਿੰਨਾਂ ਬੈਕਟੀਰੀਆ ਗੰਦਗੀ ਕਾਰਨ ਪੈਦਾ ਹੁੰਦਾ ਹੈ ਉਸ ਨੂੰ ਸੋਧਣਾ ਨਾਂਮੁਮਕਿਨ ਹੈ।
ਮਾਹਿਰ ਡਾਕਟਰਾਂ ਦਾ ਕਹਿਣਾ ਹੈ ਕਿ ਐਨਾ ਦੂਸ਼ਿਤ ਪਾਣੀ ਪੀਕੇ ਲੋਕਾਂ ਨੂੰ ਉਲਟੀਆਂ,ਦਸਤ ਅਤੇ ਪੇਟ ਦੀਆਂ ਬਿਮਾਰੀਆਂ ਫੈਲਦੀਆਂ ਹਨ ਜੋਕਿ ਗਰਮੀ ਦੇ ਮੌਸਮ ਦੌਰਾਨ ਬੇਹੱਦ ਚਿੰਤਾਜਨਕ ਹੈ। ਸਮਾਜ ਸੇਵੀ ਧਿਰਾਂ ਦਾ ਕਹਿਣਾ ਹੈ ਕਿ ਜੇਕਰ ਸ਼ਹਿਰ ਵਾਸੀ ਸਹਿਯੋਗ ਦੇਣ ਅਤੇ ਟੂਣੇ ਟਾਮਣ ਕਰਨ ਤੋਂ ਰੋਕਣ ਲਈ ਅੱਗੇ ਆਉਣ ਤੇ ਉਹਨਾਂ ਦੇ ਆਖੇ ਲੱਗ ਕੇ ਅਜਿਹਾ ਕਰਵਾਉਣ ਵਾਲਿਆਂ ਨੂੰ ਮਿਹਰ ਰੱਖਣ ਬਾਰੇ ਕਹਿਣ ਤਾਂ ਸਥਿਤੀ ਵਿੱਚ ਕਾਫੀ ਹੱਦ ਤੱਕ ਸੁਧਾਰ ਲਿਆਂਦਾ ਜਾ ਸਕਦਾ ਹੈ। ਦਰਅਸਲ ਧਾਗੇ, ਤਵੀਤ ਕਰਨ ਵਾਲੇ ਤਾਂਤਰਿਕਾਂ ਅਤੇ ਜੋਤਸ਼ੀਆਂ ਦੇ ਕਹਿਣ ’ਤੇ ਲੋਕ ਇਹ ਸਮੱਗਰੀ ਨਹਿਰ ਵਿੱਚ ਸੁੱਟ ਜਾਂਦੇ ਹਨ। ਮੰਗਲਵਾਰ ਅਤੇ ਸ਼ਨਿੱਚਰਵਾਰ ਦੇ ਦਿਨਾਂ ਨੂੰ ਇੱਥੇ ਟੂਣੇ-ਟਾਮਣ ਕਰਨ ਵਾਲੇ ਲੋਕਾਂ ਦਾ ਜਮਾਵੜਾ ਲੱਗਿਆ ਰਹਿੰਦਾ ਹੈ। ਭਾਵੇਂ ਇਸ ਵਰਤਾਰੇ ਨੂੰ ਠੱਲ੍ਹਣ ਲਈ ਨਗਰ ਨਿਗਮ ਬਠਿੰਡਾ ਨੇ ਸ਼ਹਿਰ ਵਾਲੇ ਪਾਸੇ ਨਹਿਰ ਕੰਢੇ ਕੰਧ ਵੀ ਉਸਾਰੀ ਹੈ ਪਰ ਲੋਕ ਹਨ ਕਿ ਦੂਜੇ ਕਿਨਾਰੇ ਰਾਹੀਂ ਗੰਦਗੀ ਖਿਲਾਰ ਜਾਂਦੇ ਹਨ।
ਕੁੱਝ ਵਸਤਾਂ ਤਾਂ ਵਹਿ ਕੇ ਅੱਗੇ ਚਲੀਆਂ ਜਾਂਦੀਆਂ ਹਨ ਪਰ ਠੋਸ ਵਜ਼ਨੀ ਸਾਜ਼ੋ-ਸਾਮਾਨ ਅੱਗੇ ਤੈਰਨ ਦੀ ਬਜਾਏ ਇੱਕੋ ਜਗ੍ਹਾ ਟਿਕਿਆ ਰਹਿੰਦਾ ਹੈ ਜੋ ਨਹਿਰੀ ਪਾਣੀ ਨੂੰ ਸਾਹ ਨਹੀਂ ਲੈਣ ਦੇ ਰਿਹਾ ਹੈ । ਨਹਿਰ ਵਿੱਚ ਲਾਲ ਰੰਗ ਦੇ ਕੱਪੜੇ, ਨਾਰੀਅਲ ਦੇ ਗੁੱਟ ,ਖੱਮਣੀਆਂ, ਚੂੜੀਆਂ, ਕਾਲੇ ਰੰਗ ਦਾ ਕੱਪੜਾ,ਪਲਾਸਟਿਕ ਦੇ ਲਿਫਾਫੇ ਅਤੇ ਕੋਇਲਾ ਆਦਿ ਭਾਰੀ ਮਾਤਰਾ ’ਚ ਸੁੱਟਿਆ ਹੋਇਆ ਹੈ। ਇੱਕ ਥਾਂ ਤੇ ਤਾਂ ਮਰੇ ਹੋਏ ਜਾਨਵਰ ਤੈਰਦੇ ਦਿਖਾਈ ਦਿੱਤੇ ਹਨ। ਸਥਿਤੀ ਇਹ ਹੈ ਕਿ ਕਚਰੇ ਕਾਰਨ ਪਾਣੀ ਦਾ ਵਹਾਅ ਘੱਟ ਹੋ ਗਿਆ ਹੈ ਅਤੇ ਵੱਡੇ ਰਕਬੇ ’ਚ ਨਹਿਰ ਦਾ ਪਾਣੀ ਪੁੱਜਦਾ ਨਹੀਂ ਜਿਸ ਦਾ ਖਮਿਆਜਾ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਧਰਤੀ ਹੇਠਲਾ ਪਾਣੀ ਮਾੜਾ ਹੋਣ ਕਰਕੇ ਕਿਸਾਨਾਂ ਲਈ ਨਹਿਰੀ ਪਾਣੀ ਅੰਮ੍ਰਿਤ ਵਾਂਗ ਹੁੰਦਾ ਹੈ। ਉਨ੍ਹਾਂ ਕਿਹਾ ਕਿ ਲੋੜੀਂਦਾ ਪਾਣੀ ਨਾ ਮਿਲਣ ਕਰਕੇ ਕਿਸਾਨ ਧਰਤੀ ਹੇਠਲੇ ਪਾਣੀ ਨਾਲ ਫਸਲਾਂ ਪਾਲਣ ਲਈ ਮਜਬੂਰ ਹਨ।
ਕਰੀਬ 65 ਹਜ਼ਾਰ ਘਰਾਂ ਨੂੰ ਸਪਲਾਈ
ਇਕੱਲੇ ਬਠਿੰਡਾ ਸ਼ਹਿਰ ਦੇ 65 ਹਜ਼ਾਰ ਘਰਾਂ ’ਚ ਵੱਸਦੇ ਤਿੰਨ ਲੱਖ ਤੋਂ ਜਿਆਦਾ ਅਬਾਦੀ ਨੂੰ ਸਿੱਧੇ ਤੌਰ ਤੇ 3 ਜਲ ਘਰਾਂ ਤੋਂ 84 ਲੱਖ 76 ਹਜ਼ਾਰ ਗੈਲਨ ਪਾਣੀ ਸਪਲਾਈ ਕੀਤਾ ਜਾਂਦਾ ਹੈ। ਜਲ ਸਪਲਾਈ ਵਿਭਾਗ ਦੇ ਇੱਕ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਮੰਨਿਆ ਕਿ ਨਹਿਰ ਚੋਂ ਟੈਂਕ ’ਚ ਜੋ ਪਾਣੀ ਆਉਂਦਾ ਹੈ ਉਸ ਵਿੱਚ ਕਾਫੀ ਕਚਰਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਪਾਣੀ ਫਿਲਟਰ ਕਰਕੇ ਅੱਗੇ ਭੇਜਿਆ ਜਾਂਦਾ ਹੈ। ਜੇਕਰ ਸਿੱਧਾ ਭੇਜ ਦਿੱਤਾ ਜਾਏ ਤਾਂ ਸਿਹਤ ਖਰਾਬ ਹੋਣ ਦਾ ਖਤਰਾ ਹੈ। ਮਹੱਤਵਪੂਰਨ ਹੈ ਕਿ ਇਹ ਸਿਰਫ ਬਠਿੰਡਾ ਸ਼ਹਿਰ ਦਾ ਅੰਕੜਾ ਹੈ ਜਦੋਂਕਿ ਪੇਂਡੂ ਖੇਤਰਾਂ ਵਿਚਲੇ ਜਲ ਘਰਾਂ ਨੂੰ ਸਪਲਾਈ ਹੋਣ ਵਾਲਾ ਪਾਣੀ ਇਸ ਤੋਂ ਵੱਖਰਾ ਹੈ।
ਸਖਤੀ ਨਾਲ ਰੋਕ ਲੱਗੇ
ਸਮਾਜਿਕ ਕਾਰਕੁੰਨ ਸੋਨੂੰ ਮਹੇਸ਼ਵਰੀ ਦਾ ਕਹਿਣਾ ਸੀ ਕਿ ਅਸਲ ’ਚ ਨਹਿਰ ਵਿੱਚ ਟੂਣੇ ਟੋਟਕੇ ਕਰਨ ਅਤੇ ਕਰਵਾਉਣ ਵਾਲਿਆਂ ਖਿਲਾਫ ਸਖਤੀ ਨਾਲ ਰੋਕ ਲਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨਹਿਰ ਵਿਚਲੀ ਗੰਦਗੀ ਪ੍ਰਤੀ ਹਰ ਵਿਅਕਤੀ ਨੂੰ ਆਪਣੀ ਹੀ ਪੀੜ੍ਹੀ ਹੇਠ ਸੋਟਾ ਫੇਰਨ ਦੀ ਵੀ ਲੋੜ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਨਹਿਰ ’ਚ ਸਮਾਨ ਤਾਰਨ ਤੋਂ ਰੋਕਣ ਲਈ ਸਖਤ ਕਾਨੂੰਨ ਬਨਾਉਣ ਦੀ ਮੰਗ ਵੀ ਕੀਤੀ ਹੈ।
ਦੂਸ਼ਿਤ ਪਾਣੀ ਬਿਮਾਰੀ ਦਾ ਘਰ
ਸੇਵਾਮੁਕਤ ਡਿਪਟੀ ਮੈਡੀਕਲ ਕਮਿਸ਼ਨਰ ਬਠਿੰਡਾ ਡਾਕਟਰ ਅਜੀਤਪਾਲ ਸਿੰਘ ਦਾ ਕਹਿਣਾ ਸੀ ਕਿ ਦੂਸ਼ਿਤ ਪਾਣੀ ਕਾਰਨ ਡਾਇਰੀਆ,ਪੀਲੀਆ,ਟਾਈਫਾਈਡ ਅਤੇ ਉਲਟੀਆਂ ਸਮੇਤ ਪੇਟ ਦੀਆਂ ਕਈ ਭਿਆਨਕ ਬਿਮਾਰੀਆਂ ਲੱਗ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਦੌਰਾਨ ਲੋਕਾਂ ਨੂੰ ਪਾਣੀ ਉਬਾਲ ਕੇ ਪੀਣਾ ਚਾਹੀਦਾ ਹੈ। ਉਨ੍ਹਾਂ ਨਹਿਰ ਵਿੱਚ ਸਮਾਨ ਸੁੱਟਣ ਤੇ ਸੁਟਵਾਉਣ ਵਾਲਿਆਂ ਨੂੰ ਆਮ ਆਦਮੀ ਦੀ ਸਿਹਤ ਨਾਲ ਖਿਲਵਾੜ ਬੰਦ ਕਰਨ ਦੀ ਅਪੀਲ ਕੀਤੀ ਹੈ।
ਸਖਤ ਕਾਰਵਾਈ ਕਰੇ ਸਰਕਾਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਦਾ ਕਹਿਣਾ ਹੈ ਕਿ ਨਹਿਰ ਵਿੱਚ ਫੈਲੀ ਗੰਦਗੀ ਕਾਰਨ ਪੂਰੀ ਮਾਤਰਾ ’ਚ ਪਾਣੀ ਨਾਂ ਮਿਲਦਾ ਹੋਣ ਕਰਕੇ ਕਿਸਾਨ ਧਰਤੀ ਹੇਠਲੇ ਮਾੜੇ ਪਾਣੀ ਨਾਲ ਫਸਲਾਂ ਪਾਲਣ ਲਈ ਮਜਬੂਰ ਹਨ ਜੋਕਿ ਪਾਣੀ ਦੇ ਮੌਜੂਦਾ ਸੰਕਟ ਦੌਰਾਨ ਫਿਕਰਾਂ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਗੰਦਗੀ ਰਾਹੀਂ ਨਹਿਰ ਨੂੰ ਦੂਸ਼ਿਤ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।