ਫ਼ਲਸਤੀਨੀ ਲੋਕਾਂ ਦੀ ਨਸਲਕੁਸ਼ੀ ਵਿਰੁੱਧ ਕੈਨੇਡਾ ‘ਚ ਵਿਸ਼ਾਲ ਮਾਰਚ
- ਮਾਇਸੋ ਵੱਲੋਂ ਮਾਰਚ ‘ਚ ਸ਼ਮੂਲੀਅਤ
ਦਲਜੀਤ ਕੌਰ
ਔਟਵਾ/ਕੇਨੈਡਾ, 12 ਅਪ੍ਰੈਲ 2025: ਅੱਜ ਕੈਨੇਡਾ ਦੀ ਰਾਜਧਾਨੀ ਔਟਵਾ ‘ਚ ‘ਫ਼ਲਸਤੀਨੀਅਨ ਯੂਥ ਮੂਵਮੈਂਟ’ ਅਤੇ ਭਰਾਤਰੀ ਜੱਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਇਜ਼ਰਾਈਲ ਤੇ ਉਸਦੇ ਭਾਈਵਾਲ ਸਾਮਰਾਜੀ ਮੁਲਕਾਂ ਵੱਲੋਂ ਫ਼ਲਸਤੀਨੀ ਲੋਕਾਂ ਦੀ ਕੀਤੀ ਜਾ ਰਹੀ ਨਸਲਕੁਸ਼ੀ ਖਿਲਾਫ਼ ਵਿਸ਼ਾਲ ਰੋਸ ਰੈਲੀ ਅਤੇ ਮਾਰਚ ਕੀਤਾ ਗਿਆ। ਇਸ ਵਿਸ਼ਾਲ ਰੋਸ ਪ੍ਰਦਰਸ਼ਨ ‘ਚ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਤੋਂ ਸੈਂਕੜੇ ਜੱਥੇਬੰਦੀਆਂ ਦੀ ਅਗਵਾਈ ‘ਚ ਹਜ਼ਾਰਾਂ ਲੋਕਾਂ ਨੇ ਭਾਗ ਲਿਆ। ਦੂਰੋਂ-ਦੂਰੋਂ ਆਏ ਨੌਜਵਾਨਾਂ-ਵਿਦਿਆਰਥੀਆਂ ਦੇ ਰੋਹਲੇ ਕਾਫਲਿਆਂ ਨੇ ਨਗਾਰੇ ਵਜਾਕੇ ਔਟਵਾ ਦੀ ਠੰਡੀ ਫਿਜ਼ਾ ‘ਚ ਰੋਹਲੀਆਂ ਤਰੰਗਾਂ ਛੇੜ ਦਿੱਤੀਆਂ। ਜੋਸ਼ ਅਤੇ ਰੋਹ ‘ਚ ਨੌਜਵਾਨਾਂ ਦੇ ਨਾਅਰਿਆਂ ਦੀ ਗੂੰਜ ਪਾਰਲੀਮੈਂਟ ਤੱਕ ਪੈ ਰਹੀ ਸੀ।
ਇਸ ਵਿਰੋਧ ਪ੍ਰਦਰਸ਼ਨ ਵਿੱਚ ‘ਮੌਂਟਰੀਅਲ ਯੂਥ ਸਟੂਡੈਂਟ ਆਰਗੇਨਾਈਜੇਸ਼ਨ’ ਵੱਲੋਂ ਖੁਸ਼ਪਾਲ ਗਰੇਵਾਲ, ਵਰੁਣ ਖੰਨਾ, ਰਿਸ਼ੀ ਗਰੇਵਾਲ, ਮਨਦੀਪ, ਹਰਜਿੰਦਰ, ਰੂਵਲਪ੍ਰੀਤ ਕੌਰ ਅਤੇ ‘ਇਨਕਲਾਬੀ ਕੇਂਦਰ ਪੰਜਾਬ’ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਆਦਿ ਆਗੂਆਂ ਨੇ ਹਿੱਸਾ ਲਿਆ। ਰੈਲੀ ‘ਚ ਫ਼ਲਸਤੀਨ ਉੱਤੇ ਜਿਊਨਵਾਦੀ ਇਜ਼ਰਾਈਲੀ ਰਾਜ ਵੱਲੋਂ ਕੀਤੀ ਜਾ ਰਹੀ ਬਰਬਰ ਨਸਲਕੁਸ਼ੀ ਦਾ ਵਿਰੋਧ ਕਰਦਿਆਂ ਜੰਗਬੰਦੀ ਦੀ ਮੰਗ ਕੀਤੀ ਗਈ।
ਆਗੂਆਂ ਨੇ ਕਿਹਾ ਕਿ ਫਲਸਤੀਨੀ ਲੋਕਾਂ ਦੀ ਨਸਲਕੁਸ਼ੀ ਲ਼ਈ ਇਜ਼ਰਾਈਲ, ਅਮਰੀਕੀ ਸਾਮਰਾਜ, ਕੈਨੇਡਾ, ਯੂਰਪੀ ਦੇਸ਼ ਤੇ ਉਸਦੇ ਭਾਈਵਾਲ ਉਹ ਸਾਰੇ ਪੱਛਮੀ ਮੁਲਕ ਜਿੰਮੇਵਾਰ ਹਨ ਜੋ ਗਾਜਾ ਦੇ ਲੋਕਾਂ ਦੇ ਕਤਲ ਲਈ ਇਜਰਾਇਲ ਨੂੰ ਵਿੱਤੀ ਤੇ ਫੌਜੀ ਸਹਾਇਤਾ ਭੇਜਕੇ ਨਹੱਕੀ ਜੰਗ ‘ਚ ਹਿੱਸਾ ਪਾ ਰਹੇ ਹਨ। ਉਹਨਾਂ ਕਿਹਾ ਕਿ ਇਜ਼ਰਾਈਲ ਤੇ ਪੱਛਮੀ ਮੁਲਕ ਹਮਾਸ ਨੂੰ ਬਹਾਨਾ ਬਣਾਕੇ 1948 ਦੇ ਨਕਬਾ ਨੂੰ ਜਾਰੀ ਰੱਖ ਰਹੇ ਹਨ। ਸਾਮਰਾਜੀ ਤਾਕਤਾਂ ਫ਼ਲਸਤੀਨ ਦੀ ਧਰਤੀ ਦੇ ਕੀਮਤੀ ਸ੍ਰੋਤਾਂ ਦੀ ਲੁੱਟ ਕਰਕੇ ਉੱਥੇ ਰੀਅਲ ਅਸਟੇਟ ਦਾ ਧੰਦਾ ਕਰਨ ਦੇ ਨਾਲ-ਨਾਲ ਮੱਧ ਪੂਰਬ ਵਿੱਚ ਇਜ਼ਰਾਈਲ ਦੇਸ਼ ਨੂੰ ਇੱਕ ਫੌਜੀ ਤੇ ਜਾਸੂਸੀ ਅੱਡਾ ਬਣਾਉਣਾ ਚਾਹੁੰਦੇ ਹਨ ਤੇ ਫਲਸਤੀਨ ਨੂੰ ਦੁਨੀਆ ਦੇ ਨਕਸ਼ੇ ਤੋਂ ਮਿਟਾਉਣਾ ਚਾਹੁੰਦੇ ਹਨ। ਕੈਨੇਡਾ-ਅਮਰੀਕਾ ਸਮੇਤ ਦੁਨੀਆ ਭਰ ਵਿੱਚ ਫਲਸਤੀਨ ਲੋਕਾਂ ਦੀ ਖੁਦਮੁਖਤਿਆਰੀ ਦੇ ਪੱਖ ‘ਚ ਤੇ ਜੰਗਬੰਦੀ ਖਿਲਾਫ ਅਵਾਜਾਂ ਉੱਠ ਰਹੀਆਂ ਹਨ, ਜਿਸਨੂੰ ਯਹੂਦੀ-ਵਿਰੋਧੀ ਤੇ ਗੈਰਕਾਨੂੰਨੀ ਗਤੀਵਿਧੀਆਂ ਆਖਕੇ ਦਬਾਇਆ ਜਾ ਰਿਹਾ ਹੈ। ਅਮਰੀਕਾ ‘ਚੋਂ ਫ਼ਲਸਤੀਨ ਪੱਖੀ 400 ਅੰਤਰਰਾਸ਼ਟਰੀ ਵਿਦਿਆਰਥੀਆਂ ਸਮੇਤ ਮਹਿਮੂਦ ਖਲੀਲ ਦੇ ਦੇਸ਼-ਨਿਕਾਲੇ ਦਾ ਫੁਰਮਾਨ ਇਸ ਜੁਬਾਨਬੰਦੀ ਦੀ ਉਘੜਵੀਂ ਮਿਸਾਲ ਹੈ।
ਪ੍ਰਦਰਸ਼ਨਕਾਰੀਆਂ ਨੇ ਕੈਨੇਡਾ ਸਰਕਾਰ ਨੂੰ ਇਜ਼ਰਾਈਲੀ ਹਾਕਮਾਂ ਨੂੰ ਗਾਜਾ ਦੇ ਨਿਰਦੋਸ਼ ਲੋਕਾਂ ਦੇ ਕਤਲੇਆਮ ਲਈ ਭੇਜੇ ਜਾਣ ਵਾਲੇ ਹਥਿਆਰਾਂ ਅਤੇ ਵਿੱਤੀ ਸਹਾਇਤਾ ਉੱਤੇ ਰੋਕ ਲਾਉਣ ਦੀ ਅਵਾਜ਼ ਬੁਲੰਦ ਕੀਤੀ। ਦੁਨੀਆ ਭਰ ‘ਚ ਸਰਕਾਰਾਂ ਲੋਕਾਂ ਦੀਆਂ ਬੁਨਿਆਦੀ ਲੋੜਾਂ ਤੇ ਕੱਟ ਲਾਕੇ ਫੌਜੀ ਖ਼ਰਚੇ ਵਧਾਕੇ ਸੰਸਾਰ ਨੂੰ ਜੰਗੀ ਤੇ ਵਾਤਾਵਰਣ ਤਬਾਹੀ ਵੱਲ ਧੱਕ ਰਹੀਆਂ ਹਨ। ਫ਼ਲਸਤੀਨ ਵਿੱਚ ਭੋਜਨ-ਪਾਣੀ ਤੇ ਦਵਾਈਆਂ ਦੀ ਸਪਲਾਈ ਬੰਦ ਕਰਨ ਦੇ ਨਾਲ-ਨਾਲ ਵਿਦਿਅਕ ਅਦਾਰਿਆਂ, ਹਸਪਤਾਲਾਂ, ਰਫ਼ਿਊਜੀ ਕੈਂਪਾਂ, ਲਾਈਬ੍ਰੇਰੀਆਂ, ਵਿਰਾਸਤੀ ਇਮਾਰਤਾਂ ਨੂੰ ਮਲਬੇ ਦਾ ਢੇਰ ਬਣਾ ਦਿੱਤਾ ਗਿਆ ਹੈ। ਫ਼ਲਸਤੀਨ ਜੰਗ ਅਜੋਕੇ ਦੌਰ ਦਾ ਸਭ ਤੋਂ ਭਿਆਨਕ ਨਸਲਘਾਤ ਹੈ। ਮਾਇਸੋ ਦੇ ਆਗੂਆਂ ਨੇ ਵਿਦੇਸ਼ਾ ‘ਚ ਵਸਦੇ ਭਾਰਤੀ-ਏਸ਼ੀਆਈ ਭਾਈਚਾਰਿਆਂ ਨੂੰ ਇਸ ਨਸਲਘਾਤ ਖਿਲਾਫ਼ ਆਵਾਜ਼ ਉਠਾਉਣ ਦਾ ਸੁਨੇਹਾ ਦਿੱਤਾ।