ਅੱਧੀ ਰਾਤ ਨੂੰ ਜੰਗਲ ਵਿੱਚ ਗਊ ਮਾਸ ਦੀ ਤਸਕਰੀ, 3 ਗਉਆਂ ਦੀ ਹੱਤਿਆ
ਗਉ ਰੱਖਿਆ ਦਲ ਅਤੇ ਪੁਲਿਸ ਦੀ ਰੇਡ ਦੌਰਾਨ ਤਸਕਰ ਫਰਾਰ
ਰਵਿੰਦਰ ਸਿੰਘ ਢਿੱਲੋਂ
ਸਮਰਾਲਾ (ਜਿਲ੍ਹਾ ਲੁਧਿਆਣਾ), 13 ਅਪਰੈਲ 2025: ਸਮਰਾਲਾ ਨੇੜੇ ਪਿੰਡ ਪਵਾਤ ਵਿਚ ਸਥਿਤ ਸਰਹੰਦ ਨਹਿਰ ਦੇ ਕਿਨਾਰੇ ਇਕ ਜੰਗਲ ਵਿੱਚ ਅੱਧੀ ਰਾਤ ਨੂੰ ਗਊ ਮਾਸ ਦੀ ਤਸਕਰੀ ਹੋ ਰਹੀ ਸੀ। ਤਕਰੀਬਨ 10 ਤੋਂ 12 ਤਸਕਰ, ਜੋ ਕਿ ਗਉਆਂ ਦਾ ਕਤਲ ਕਰ ਰਹੇ ਸਨ, ਗਉ ਰੱਖਿਆ ਦਲ ਅਤੇ ਪੁਲਿਸ ਦੇ ਪਹੁੰਚਣ ਉੱਤੇ ਮੌਕੇ ਤੋਂ ਫਰਾਰ ਹੋ ਗਏ।
ਮੌਕੇ ਤੋਂ 3 ਗਉਆਂ ਦੀ ਲਾਸ਼ਾਂ, ਵੱਡੀ ਮਾਤਰਾ ਵਿੱਚ ਗਊ ਮਾਸ, ਲਿਫਾਫੇ, ਕੰਡਾ, ਅਤੇ ਰੇਹੜੀ ਬਰਾਮਦ ਕੀਤੀ ਗਈ।
ਗਉ ਰੱਖਿਆ ਦਲ ਅਤੇ ਹਿੰਦੂ ਸੰਗਠਨਾਂ ਦਾ ਰੋਸ਼
ਸਿਵ ਸੈਨਾ ਪੰਜਾਬ ਯੂਥ ਪ੍ਰਧਾਨ ਰਮਨ ਵਡੇਰਾ ਨੇ ਦੱਸਿਆ ਕਿ ਇਹ ਘਟਨਾ ਮਾਛੀਵਾੜਾ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਹੋਈ ਜੋ ਕਿ ਬਹੁਤ ਹੀ ਸ਼ਰਮਨਾਕ ਤੇ ਮੰਦਭਾਗੀ ਹੈ। ਉਨ੍ਹਾਂ ਕਿਹਾ ਕਿ ਜੇ 48 ਘੰਟਿਆਂ ਦੇ ਅੰਦਰ ਤਸਕਰਾਂ ਦੀ ਗ੍ਰਿਫਤਾਰੀ ਨਾ ਹੋਈ ਤਾਂ ਐਸਐਸਪੀ ਦਫਤਰ ਦਾ ਘੇਰਾਓ ਅਤੇ ਰੋਡ ਜਾਮ ਕੀਤਾ ਜਾਵੇਗਾ।
ਨਿਕਸਲ ਕੁਮਾਰ (ਪੰਜਾਬ ਪ੍ਰਧਾਨ, ਗਊ ਰਕਸ਼ਾ ਦਲ) ਅਤੇ ਗੁਰਪ੍ਰੀਤ ਸਿੰਘ (ਕੌਮੀ ਪ੍ਰਧਾਨ) ਨੇ ਵੀ ਪ੍ਰਸ਼ਾਸਨ ਵਿਰੁੱਧ ਰੋਸ਼ ਪ੍ਰਗਟਾਇਆ ਅਤੇ ਤਸਕਰਾਂ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ।
? ਪੁਲਿਸ ਦੀ ਕਾਰਵਾਈ
ਡੀਐਸਪੀ ਤਰਲੋਚਨ ਸਿੰਘ (ਸਮਰਾਲਾ) ਨੇ ਦੱਸਿਆ ਕਿ ਰਾਤ ਕਰੀਬ 12:30 ਵਜੇ ਜਾਣਕਾਰੀ ਮਿਲੀ ਸੀ ਜਿਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਜੰਗਲ ਵਿੱਚ ਰੇਡ ਮਾਰੀ ਗਈ। ਤਸਕਰ ਪੁਲਿਸ ਨੂੰ ਦੇਖਕੇ ਭੱਜ ਗਏ, ਪਰ ਇਸ ਘਿਨੌਣੀ ਘਟਨਾ ਵਿੱਚ ਵਰਤੇ ਗਏ ਹਥਿਆਰ, ਮਾਸ ਅਤੇ ਇਕ ਮੋਟਰਸਾਈਕਲ ਰੇਹੜੀ ਮੌਕੇ ਤੋਂ ਬਰਾਮਦ ਹੋਏ। ਉਨ੍ਹਾਂ ਕਿਹਾ ਕਿ ਤਸਕਰਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਤੁਰੰਤ ਗ੍ਰਿਫਤਾਰੀ ਯਕੀਨੀ ਬਣਾਈ ਜਾਵੇਗੀ।