ਸਮਰਾਲਾ ਵਿਖੇ ਪੁਲਿਸ ਅਤੇ ਮੁਲਜ਼ਮਾਂ ਵਿੱਚ ਝੜਪ, ਰਿਵਾਲਵਰ ਖੋਹਣ ਦੀ ਕੋਸ਼ਿਸ਼ ਦੌਰਾਨ ਗੋਲੀ ਲੱਗਣ ਕਾਰਨ ਇਕ ਜ਼ਖਮੀ
ਰਵਿੰਦਰ ਸਿੰਘ
ਸਮਰਾਲਾ : ਅੱਜ ਸਵੇਰੇ ਤਕਰੀਬਨ 3 ਵਜੇ ਸਮਰਾਲਾ ਪੁਲਿਸ ਅਤੇ ਮੁਲਜ਼ਮਾਂ ਦਰਮਿਆਨ ਝੜਪ ਹੋ ਗਈ, ਜਦੋਂ ਪੁਲਿਸ ਡਕੈਤੀ ਦੇ ਮਾਮਲੇ ਵਿੱਚ ਵਰਤੇ ਗਏ ਰਿਵਾਲਵਰ ਦੀ ਰਿਕਵਰੀ ਲਈ ਸਮਰਾਲਾ ਬਾਈਪਾਸ ਨੇੜੇ ਪਿੰਡ ਬੌਂਦਲੀ 'ਚ ਬੰਦ ਇੱਟਾਂ ਦੇ ਭੱਠੇ 'ਤੇ ਪੁੱਜੀ ਸੀ।
ਇਸ ਦੌਰਾਨ, ਇਕ ਮੁਲਜ਼ਮ ਸਤਨਾਮ ਸਿੰਘ ਨੇ ਐਸਐਚਓ ਪਵਿੱਤਰ ਸਿੰਘ ਤੋਂ ਰਿਵਾਲਵਰ ਖੋਹਣ ਦੀ ਕੋਸ਼ਿਸ਼ ਕੀਤੀ। ਹਾਲਾਤ ਉਲਝਣ ਕਾਰਨ ਪੁਲਿਸ ਨੂੰ ਫਾਇਰਿੰਗ ਕਰਨੀ ਪਈ, ਜਿਸ ਵਿਚ ਸਤਨਾਮ ਸਿੰਘ ਦੀ ਲੱਤ ਵਿੱਚ ਗੋਲੀ ਲੱਗ ਗਈ। ਜ਼ਖਮੀ ਹਾਲਤ ਵਿੱਚ ਉਸਨੂੰ ਤੁਰੰਤ ਸਮਰਾਲਾ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ।
ਘਟਨਾ ਦੌਰਾਨ ਪੁਲਿਸ ਦਾ ਐਸਐਚਓ ਵੀ ਹਲਕਾ ਜ਼ਖਮੀ ਹੋਇਆ। ਦੋਵੇਂ ਮੁਲਜ਼ਮ—ਜਿਨ੍ਹਾਂ ਦੀ ਉਮਰ ਲਗਭਗ 19 ਤੋਂ 20 ਸਾਲ ਦਰਜ ਕੀਤੀ ਗਈ ਹੈ—ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਕ ਮੁਲਜ਼ਮ ਸੋਹਾਣਾ ਝੌਂਪੜੀ ਤੋਂ ਅਤੇ ਦੂਜਾ ਅੰਮ੍ਰਿਤਸਰ ਤੋਂ ਸੰਬੰਧਿਤ ਹੈ।
ਇਸ ਸੰਬੰਧੀ ਸੂਚਨਾ ਮਿਲਣ 'ਤੇ ਖੰਨਾ ਜ਼ਿਲ੍ਹੇ ਦੇ ਸੀਨੀਅਰ ਪੁਲਿਸ ਅਧਿਕਾਰੀ ਪਵਨਜੀਤ ਸਿੰਘ ਸਮੇਤ ਇਕ ਵਿਸ਼ੇਸ਼ ਟੀਮ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ।
ਪਵਨਜੀਤ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਕੁਝ ਦਿਨ ਪਹਿਲਾਂ ਪਿੰਡ ਦਿਆਲਪੁਰਾ ਨੇੜੇ ਦੋ ਅਣਪਛਾਤੇ ਲੁਟੇਰਿਆਂ ਨੇ ਤਿੰਨ ਪਰਵਾਸੀ ਮਜ਼ਦੂਰਾਂ 'ਤੇ ਗੋਲੀਆਂ ਚਲਾਈਆਂ ਅਤੇ ਉਨ੍ਹਾਂ ਦੀ ਮੋਟਰਸਾਈਕਲ ਖੋਹ ਕੇ ਭੱਜ ਗਏ। ਇੱਕ ਮਜ਼ਦੂਰ ਨੂੰ ਚੰਡੀਗੜ੍ਹ ਰੈਫਰ ਕਰਨਾ ਪਿਆ ਸੀ।
ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਮੁਲਜ਼ਮ ਨਸ਼ੇ ਦੀ ਹਾਲਤ ਵਿੱਚ ਸਨ ਅਤੇ ਨਿਹੰਗਾਂ ਦੇ ਭੇਸ ਵਿੱਚ ਅਪਰਾਧ ਅੰਜਾਮ ਦੇ ਰਹੇ ਸਨ। ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਗੰਭੀਰਤਾ ਨਾਲ ਪੁੱਛਗਿੱਛ ਲਈ ਰਿਮਾਂਡ 'ਤੇ ਲਿਆ ਗਿਆ ਹੈ ਅਤੇ ਮਾਮਲੇ ਦੀ ਤਫਤੀਸ਼ ਚੱਲ ਰਹੀ ਹੈ।