ਚੈਅਰਮੈਨ ਪੰਜਾਬ ਵਕਫ਼ ਬੋਰਡ ਨੇ ਅਸਟੇਟ ਅਫਸਰਾਂ, ਆਰ ਸੀਜ਼ ਅਤੇ ਹੋਰ ਅਮਲੇ ਨਾਲ ਕੀਤੀ ਮੀਟਿੰਗ
ਮੀਟਿੰਗ ਦੌਰਾਨ ਬੋਰਡ ਦੀ ਆਮਦਨ ਵਧਾਉਣ ਅਤੇ ਹੋਰ ਕਈ ਮੁੱਦਿਆਂ ਤੇ ਕੀਤਾ ਗਿਆ ਵਿਚਾਰ ਵਟਾਂਦਰਾ
ਮਾਲੇਰਕੋਟਲਾ 14 ਅਪ੍ਰੈਲ 2025,ਪੰਜਾਬ ਵਕਫ਼ ਬੋਰਡ ਦੇ ਚੇਅਰਮੈਨ ਵੱਲੋਂ ਅਸਟੇਟ ਅਫਸਰਾਂ ਅਤੇ ਹੋਰ ਅਮਲੇ ਦੀ ਇੱਕ ਅਹਿਮ ਮੀਟਿੰਗ "ਦਾ ਟਾਊਨ ਸਕੂਲ" ਮਲੇਰਕੋਟਲਾ ਵਿਖੇ ਬੁਲਾਈ ਗਈ । ਚੇਅਰਮੈਨ ਹਾਜੀ ਮੁਹੰਮਦ ਓਵੈਸ ਦੀ ਪ੍ਰਧਾਨਗੀ 'ਚ ਆਯੋਜਿਤ ਉਕਤ ਮੀਟਿੰਗ ਦੌਰਾਨ ਕਈ ਅਹਿਮ ਫੈਸਲੇ ਕੀਤੇ ਗਏ। ਮੀਟਿੰਗ ਉਪਰੰਤ ਮੀਟਿੰਗ ਦੀ ਕਾਰਵਾਈ ਦੱਸਦਿਆਂ ਹਾਜੀ ਮੁਹੰਮਦ ਓਵੇਸ ਨੇ ਕਿਹਾ ਕਿ ਉਹਨਾਂ ਇਸ ਮੀਟਿੰਗ ਦੌਰਾਨ ਕਈ ਅਹਿਮ ਫੈਸਲੇ ਕੀਤੇ ਹਨ ਜਿਨਾਂ ਚੋਂ ਅਸਟੇਟ ਅਫਸਰਾਂ ਨੂੰ ਮਹੀਨੇ ਅਤੇ ਹਫਤੇ ਦੇ ਟਾਰਗਟ ਦਿੱਤੇ ਗਏ ਹਨ ਤਾਂ ਕਿ ਵਕਫ ਬੋਰਡ ਦੀ ਆਮਦਨ ਨੂੰ ਵਧਾ ਕੇ ਜਰੂਰਤਮੰਦਾਂ ਨੂੰ ਫਾਇਦਾ ਪਹੁੰਚਾਇਆ ਜਾ ਸਕੇ। ਉਹਨਾਂ ਕਿਹਾ ਕਿ ਪਹਿਲਾਂ ਇਹ ਮੀਟਿੰਗ ਸਾਲ ਬਾਅਦ ਹੁੰਦੀ ਸੀ ਅਤੇ ਹੁਣ ਤੋਂ ਇਸ ਤਰ੍ਹਾਂ ਦੀ ਮੀਟਿੰਗ ਹਰ ਤਿੰਨ ਮਹੀਨਿਆਂ ਬਾਅਦ ਹੋਇਆ ਕਰੇਗੀ।ਇੱਕ ਮੈਂਬਰ ਵੱਲੋਂ ਕਿਸੇ ਸਕੂਲ ਨੂੰ 5 ਲੱਖ ਰੁਪਏ ਦਾ ਐਲਾਨ ਕਰਨ ਬਾਰੇ ਮੈਂਬਰਾਂ ਨੂੰ ਦਿੱਤੇ ਗਏ ਅਧਿਕਾਰਾਂ ਸਬੰਧੀ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਉਹਨਾਂ ਨੇ ਉਕਤ ਮਾਮਲੇ ਨੂੰ ਦਰੁਸਤ ਮੰਨ ਲਿਆ ਹੈ। ਚੇਅਰਮੈਨ ਨੇ ਫਿਰ ਦੋਹਰਾਇਆ ਕਿ ਉਹ ਪੁਰਾਣੇ ਜਾਂ ਐਕਸਟੈਨਸ਼ਨ ਤੇ ਰੱਖਣ ਨਾਲੋਂ ਨਵੇਂ ਅਸਟੇਟ ਅਫਸਰਾਂ ਨੂੰ ਕੰਮ ਕਰਨ ਵਜੋਂ ਤਰਜੀਹ ਦੇਣਗੇ। ਜਦੋਂ ਕਿ ਮੈਂਬਰ ਅਨਵਰ ਭਸੋੜ ਨੇ ਕਿਹਾ ਕਿ ਉਕਤ ਕਮੇਟੀ ਜਨਾਬ ਉਵੈਸ ਸਾਹਿਬ ਦੀ ਅਗਵਾਈ ਚ ਵਧੀਆ ਕੰਮ ਕਰੇਗੀ ਅਤੇ ਉਹਨਾਂ ਦਾ ਫੋਕਸ ਸਿਹਤ ਅਤੇ ਸਿੱਖਿਆ ਸਹੂਲਤਾਂ ਤੇ ਵਧੇਰੇ ਹੋਵੇਗਾ। ਉਹਨਾਂ ਹੋਰ ਕਿਹਾ ਕਿ ਅਸਟੇਟ ਅਫਸਰ ਅਤੇ ਆਰਸੀ ਪਹਿਲਾਂ ਫੀਲਡ ਵਿੱਚ ਜਾ ਕੇ ਨਜਾਇਜ਼ ਕਬਜ਼ੇ ਛੁਡਵਾਉਣ ਅਤੇ ਹੋਰ ਅਜਿਹੇ ਕੰਮਾਂ ਮੌਕੇ ਅਫਸਰਾਂ ਨੂੰ ਫੋਨ ਕਰਨ ਤੋਂ ਬਚਦੇ ਰਹਿੰਦੇ ਸਨ ਪਰ ਹੁਣ ਅਸੀਂ ਉਹਨਾਂ ਨੂੰ ਪੂਰਨ ਭਰੋਸਾ ਦਿੱਤਾ ਹੈ ਕਿ ਉਹ ਮੈਂਬਰਾਂ ਸਮੇਤ ਚੇਅਰਮੈਨ ਸਾਹਿਬ ਨਾਲ ਅਜਿਹੇ ਮੌਕੇ ਸੰਪਰਕ ਕਰ ਸਕਦੇ ਹਨ ਅਤੇ ਉਹਨਾਂ ਦੀ ਪੂਰੀ ਮਦਦ ਕੀਤੀ ਜਾਵੇਗੀ ਕਿਉਂ ਜੋ ਉਹ ਇਸ ਮੌਕੇ ਸਰਕਾਰ ਵਿੱਚ ਹਨ ਅਤੇ ਸਾਡੇ ਮੁੱਖ ਮੰਤਰੀ ਇੱਕ ਇਮਾਨਦਾਰ ਇਨਸਾਨ ਹਨ ਅਤੇ ਉਹ ਕਿਸੇ ਵੀ ਤਰ੍ਹਾਂ ਦੇ ਨਜਾਇਜ਼ ਕਬਜ਼ੇ ਨੂੰ ਉਕਾ ਹੀ ਪਸੰਦ ਨਹੀਂ ਕਰਦੇ। ਲੁਧਿਆਣਾ ਤੋਂ ਮੈਂਬਰ ਐਡਵੋਕੇਟ ਕਾਦਿਰ ਨੇ ਕਿਹਾ ਕਿ ਉਹ ਨਜਾਇਜ਼ ਕਬਜ਼ਾਧਾਰੀਆਂ ਨੂੰ ਵਾਰਨਿੰਗ ਦਿੰਦੇ ਹਨ ਕਿ ਉਹ ਅਜਿਹੇ ਕਬਜ਼ੇ ਛੱਡ ਦੇਣ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਵਕਫ਼ ਬੋਰਡ ਉਹਨਾਂ ਤੋਂ ਜ਼ਬਰਦਸਤੀ ਇਹ ਕਬਜ਼ੇ ਛਡਵਾਏਗਾ ਅਤੇ ਇਸ ਤਰ੍ਹਾਂ ਦੇ ਲੋਕਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਵੀ ਅਮਲ ਚ ਲਿਆਂਦੀ ਜਾਵੇ। ਮੀਟਿੰਗ ਦੌਰਾਨ ਇੱਕ ਮਹਿਲਾ ਮੈਂਬਰ ਸਮੇਤ ਸਥਾਨਕ ਵਿਧਾਇਕ ਗੈਰ ਹਾਜ਼ਰ ਰਹੇ।