ਨੌਵੇਂ ਗੁਰੂ ਸਾਹਿਬ ਦੀ ਸ਼ਹੀਦੀ ਅਤੇ ਦਸਵੇਂ ਗੁਰੂ ਸਾਹਿਬ ਦੀ ਗੁਰਤਾਗੱਦੀ ਦੀ 350 ਸਾਲਾਂ ਸ਼ਤਾਬਦੀ ਮੌਕੇ ਮਹਾਰਾਸ਼ਟਰ ਸਰਕਾਰ ਕਰੇਗੀ ਰਾਜ ਪੱਧਰੀ ਸਮਾਗਮ - ਫੜਨਵੀਸ
ਮੁੰਬਈ ਵਿਖੇ ਬਾਬਾ ਹਰਨਾਮ ਸਿੰਘ ਖਾਲਸਾ ਦੀ ਅਗਵਾਈ ਵਿੱਚ ਹੋਏ ਵਿਸਾਖੀ ਸਮਾਗਮ ਵਿੱਚ ਮੁੱਖ ਮੰਤਰੀ ਵਲੋਂ ਅਹਿਮ ਐਲਾਨ
ਬਲਰਾਜ ਸਿੰਘ ਰਾਜਾ
ਬਾਬਾ ਬਕਾਲਾ 14 ਅਪ੍ਰੈਲ 2025- ਮਹਾਰਾਸ਼ਟਰ ਦੇ ਮੁੱਖ ਮੰਤਰੀ ਸ੍ਰੀ ਦੇਵੇਂਦਰ ਫੜਨਵੀਸ ਨੇ ਦਮਦਮੀ ਟਕਸਾਲ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਵਲੋਂ ਰੱਖੀਆਂ ਗਈਆਂ ਸਿੱਖਾਂ ਦੀਆ ਧਾਰਮਿਕ ਅਤੇ ਮਹਾਂਰਾਸ਼ਟਰ ਵਿੱਚ ਵਸਦੇ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੀਆ ਮੰਗਾਂ ਨੂੰ ਸਹਿਮਤੀ ਦਿੰਦੇ ਹੋਏ ਖਾਲਸਾ ਸਿਰਜਨਾ ਦਿਵਸ (ਵਿਸਾਖੀ) ਦੇ ਪਵਿੱਤਰ ਦਿਹਾੜੇ ਮੌਕੇ ਸਿੱਖ ਸਮਾਜ ਮਹਾਰਾਸ਼ਟਰ ਲਈ ਕਈ ਇਤਿਹਾਸਕ ਐਲਾਨ ਕੀਤੇ ਗਏ ਹਨ।
ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸਰਕਾਰ ਨੂੰ ਇਕ ਵਿਸਥਾਰਕ ਪੱਤਰ ਸੌਂਪਦੇ ਹੋਏ ਸਿੱਖ ਭਾਈਚਾਰੇ ਦੀਆਂ ਧਾਰਮਿਕ, ਸਾਂਸਕ੍ਰਿਤਿਕ ਤੇ ਆਰਥਿਕ ਮੰਗਾਂ ਨੂੰ ਮੁੱਖ ਮੰਤਰੀ ਅੱਗੇ ਰੱਖਿਆ ਸੀ,ਜਿਸਨੂੰ ਸਾਨਪਾੜਾ,ਨਵੀਂ ਮੁੰਬਈ ਵਿਖੇ ਵਿਸਾਖੀ ਮੌਕੇ ਹੋਏ ਗੁਰਮਤਿ ਸਮਾਗਮ ਦੌਰਾਨ ਪ੍ਰਵਾਨਗੀ ਦਿੰਦੇ ਹੋਏ ਮੁੱਖ ਮੰਤਰੀ ਸ਼੍ਰੀ ਫੜਨਵੀਸ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ 350ਵੀਂ ਗੁਰਤਾ ਗੱਦੀ ਸ਼ਤਾਬਦੀ ਲਈ ਸਰਕਾਰੀ ਭਾਗੀਦਾਰੀ ਨਾਲ ਇੱਕ ਸ਼ਤਾਬਦੀ ਸਮਾਰੋਹ ਕਮੇਟੀ ਦਾ ਗਠਨ ਕਰਦੇ ਹੋਏ 15-16 ਨਵੰਬਰ 2025 ਨੂੰ ਸ੍ਰੀ ਨਾਂਦੇੜ ਵਿਖੇ, 6 ਦਸੰਬਰ 2025 ਨੂੰ ਨਾਗਪੁਰ ਤੇ 21-22 ਦਸੰਬਰ 2025 ਨੂੰ ਮੁੰਬਈ ਵਿਖੇ ਸ਼ਤਾਬਦੀ ਸਮਾਗਮ ਕਰਨ ਦਾ ਐਲਾਨ ਕੀਤਾ।ਇਸਦੇ ਨਾਲ ਹੀ ਉਨ੍ਹਾਂ ਨੇ ਅਮਨਸਟੀ(ਮੁਆਫੀ) ਸਕੀਮ ਦਾ ਵਿਸਥਾਰ ਕਰਦੇ ਹੋਏ ਇਸ ਸਕੀਮ ਨੂੰ ਸਿੰਧੀ ਭਾਈਚਾਰੇ ਵਾਂਗ ਸਿੱਖਾਂ, ਹਿੰਦੂ ਪੰਜਾਬੀਆਂ, ਸਿਕਲੀਗਰਾਂ ਤੇ ਹੋਰ ਗੁਰੂ ਨਾਨਕ ਨਾਮ ਲੇਵਾ ਭਾਈਚਾਰਿਆਂ ਤੱਕ ਵਧਾਉਣ ਅਤੇ ਮਦਰਸਿਆਂ ਵਾਂਗ ਗੁਰੂ ਨਾਨਕ ਧਰਮਸ਼ਾਲਾਵਾਂ ਲਈ ਵੀ ਮਾਈਨੌਰਟੀ ਡਿਵੈਲਪਮੈਂਟ ਸਕੀਮ ਅਧੀਨ 10 ਲੱਖ ਰੁਪਏ ਦੀ ਸਾਲਾਨਾ ਸਹਾਇਤਾ ਰਾਸ਼ੀ ਸਕੀਮ ਸ਼ੁਰੂ ਕਰਨ ਲਈ ਲੋੜੀਂਦੇ ਕਦਮ ਚੁੱਕਣ ਦਾ ਐਲਾਨ ਕੀਤਾ। ਉਨ੍ਹਾਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਲ ਰੇਲ ਸੰਪਰਕ, ਪੰਜਾਬ ਭਵਨ ਲਈ ਜ਼ਮੀਨ ਅਲਾਟ ਕਰਨ, ਸਿੱਖ ਵਿੱਦਿਅਕ ਅਤੇ ਸਿਹਤ ਸੰਭਾਲ ਸੰਸਥਾਵਾਂ ਦੀ ਸਥਾਪਨਾ ਅਤੇ ਵਿਧਾਨਿਕ ਸੰਸਥਾਵਾਂ ਵਿੱਚ ਪ੍ਰਤੀਨਿਧਤਾ ਵਰਗੇ ਲੰਬੇ ਸਮੇਂ ਤੋਂ ਲਟਕ ਰਹੇ ਮੁੱਦਿਆਂ ਨੂੰ ਹੱਲ ਕਰਨ ਦਾ ਭਰੋਸਾ ਵੀ ਦਿੱਤਾ।
ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਬਾਬਾ ਹਰਨਾਮ ਸਿੰਘ ਜੀ ਦੇ ਸਮਾਜ ਨੂੰ ਸਮੂਹਿਕ ਉੱਨਤੀ ਲਈ ਪ੍ਰੇਰਿਤ ਕਰਕੇ ਮਾਰਗਦਰਸ਼ਨ ਕਰਨ ਅਤੇ ਪੰਥਕ ਕਦਰਾਂ-ਕੀਮਤਾਂ ਤੇ ਲੋਕ ਭਲਾਈ ਪ੍ਰਤੀ ਉਨ੍ਹਾਂ ਦੀ ਡੂੰਘੀ ਵਚਨਬੱਧਤਾ ਦੀ ਸ਼ਲਾਘਾ ਕਰਦੇ ਹੋਏ ਮਹਾਂਰਾਸ਼ਟਰ ਭਰ ‘ਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਇੱਕਜੁੱਟ ਕਰਨ ਲਈ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਅਣਥੱਕ ਯਤਨਾਂ ਲਈ ਧੰਨਵਾਦ ਪ੍ਰਗਟ ਕੀਤਾ। ਇਸਦੇ ਨਾਲ ਹੀ ਮੁੱਖ ਮੰਤਰੀ ਸ਼੍ਰੀ ਫੜਨਵੀਸ ਨੇ 11 ਮੈਂਬਰੀ ਸਿੱਖ ਤਾਲਮੇਲ ਕਮੇਟੀ ਵੱਲੋਂ ਭਾਈਚਾਰੇ ਦੀਆਂ ਚਿੰਤਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦੂਰ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਪੰਥ ਦੀ ਭਲਾਈ ਲਈ ਸਮੂਹਿਕ ਤੌਰ `ਤੇ ਕੰਮ ਕਰਨ ਲਈ ਅਸੀਂ ਵਚਨਬੱਧ ਹਾਂ।
ਇਸ ਮੌਕੇ ਨਵੀਂ ਮੁੰਬਈ ਗੁਰਦੁਆਰਿਆਂ ਦੀ ਸੁਪਰੀਮ ਕੌਂਸਲ ਦੇ ਚੇਅਰਮੈਨ ਜਸਪਾਲ ਸਿੰਘ ਸਿੱਧੂ, ਪੰਜਾਬੀ ਸਾਹਿਤ ਅਕੈਡਮੀ ਦੇ ਕਾਰਜਕਾਰੀ ਚੇਅਰਮੈਨ ਮਲਕੀਤ ਸਿੰਘ ਬੱਲ, ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਚਰਨਦੀਪ ਸਿੰਘ, ਸਿੱਖ ਤਾਲਮੇਲ ਕਮੇਟੀ ਦੇ ਕੋ-ਆਰਡੀਨੇਟਰ ਰਾਮੇਸ਼ਵਰ ਨਾਇਕ, ਸਰਬਜੀਤ ਸਿੰਘ ਸੰਧੂ, ਜੰਗਲਾਤ ਮੰਤਰੀ ਗਣੇਸ਼ ਨਾਇਕ, ਵਿਧਾਇਕ ਪ੍ਰਸ਼ਾਂਤ ਠਾਕੁਰ ਤੇ ਸ਼੍ਰੀਮਤੀ ਮੰਦਾ ਤਾਈ ਮਹਾਤਰੇ, ਸਾਬਕਾ ਸੰਸਦ ਮੈਂਬਰ ਸੰਜੀਵ ਨਾਇਕ, ਮੁੱਖ ਮੰਤਰੀ ਰਾਹਤ ਫੰਡ ਇੰਚਾਰਜ ਰਾਮੇਸ਼ਵਰ ਨਾਇਕ , ਮੁੰਬਈ ਤੇ ਨਵੀਂ ਮੁੰਬਈ ਗੁਰਦੁਆਰਾ ਕਮੇਟੀਆਂ ਤੇ ਰਾਜ ਭਰ ਤੋਂ ਵੱਖ-ਵੱਖ ਹੋਰ ਅਧਿਆਤਮਿਕ ਤੇ ਸਮਾਜਿਕ ਨੁਮਾਇੰਦੇ ਮੌਜੂਦ ਸਨ।