ਕੈਨੇਡਾ: ਟਿਮ ਉੱਪਲ ਤੇ ਜਸਰਾਜ ਹੱਲਣ ਨੇ ਰਾਜਵੀਰ ਢਿੱਲੋਂ ਦੇ ਹੱਕ ਵਿੱਚ ਸਰੀ ਸੈਂਟਰ ਦਾ ਦੌਰਾ ਕੀਤਾ
ਹਰਦਮ ਮਾਨ
ਸਰੀ, 14 ਅਪ੍ਰੈਲ 2025-ਅਲਬਰਟਾ ਦੇ ਕੰਸਰਵੇਟਿਵ ਆਗੂ ਟਿਮ ਉੱਪਲ ਤੇ ਜਸਰਾਜ ਹੱਲਣ ਨੇ ਬੀਤੇ ਦਿਨੀਂ ਰਾਜਵੀਰ ਢਿੱਲੋਂ ਦੇ ਹੱਕ ਵਿੱਚ ਸਰੀ ਸੈਂਟਰ ਹਲਕੇ ਦਾ ਦੌਰਾ ਕੀਤਾ ਅਤੇ ਵਾਪਾਰੀਆਂ ਤੇ ਆਮ ਲੋਕਾਂ ਨੂੰ ਮਿਲ ਕੇ ਉਹਨਾਂ ਦੀਆਂ ਮੁਸ਼ਕਿਲਾਂ, ਸਮੱਸਿਆਵਾਂ ਸੁਣੀਆਂ। ਵਾਪਾਰੀਆਂ ਨਾਲ ਮਿਲਣੀ ਦੌਰਾਨ ਕਾਸਾ ਬਿਲਡਿੰਗ ਸਪਲਾਈ ਦੇ ਮਾਲਕ ਸਰਬਜੀਤ ਸਹੋਤਾ ਨੇ ਉਹਨਾਂ ਨੂੰ ਆਪਣੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਛੋਟੇ ਵਪਾਰ ਸਾਡੇ ਸਮਾਜ ਦੀ ਆਰਥਿਕਤਾ ਵਿੱਚ ਵੱਡਾ ਯੋਗਦਾਨ ਪਾਉਂਦੇ ਹਨ ਅਤੇ ਅਨੇਕਾਂ ਲੋਕਾਂ ਨੂੰ ਰੋਜ਼ਗਾਰ ਪ੍ਰਦਾਨ ਕਰਦੇ ਹਨ। ਪਰ ਬਦਲੇ ਹਾਲਾਤਾਂ ਵਿੱਚ ਉਹਨਾਂ ਨੂੰ ਆਪਣੇ ਕਾਰੋਬਾਰ ਨੂੰ ਚਲਾਉਣ ਵਿੱਚ ਬਹੁਤ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ। ਟਿਮ ਉੱਪਲ ਤੇ ਜਸਰਾਜ ਹੱਲਣ ਨੇ ਉੱਥੇ ਕੰਮ ਕਰਦੇ ਕਾਮਿਆਂ ਦੀਆਂ ਸਮੱਸਿਆਵਾਂ ਦੀ ਸੁਣੀਆਂ।
ਇਸ ਮੌਕੇ ਗੱਲ ਕਰਦਿਆਂ ਟਿਮ ਉੱਪਲ ਨੇ ਕਿਹਾ ਕਿ ਲਿਬਰਲ ਸਰਕਾਰ ਦੇ ਸ਼ਾਸਨ ਦਾ ਨਤੀਜਾ ਇਹ ਹੈ ਕਿ ਸਿਰਫ ਕੁਝ ਮਹੀਨਿਆਂ ਵਿੱਚ ਹੀ ਦੋ ਮਿਲੀਅਨ ਲੋਕ ਫੂਡ ਬੈਂਕ ਉੱਪਰ ਜਾ ਚੁੱਕੇ ਹਨ, ਅਪਰਾਧ ਕੈਨੇਡਾ ਵਿੱਚ ਅੱਜ ਤੱਕ ਦੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਚੁੱਕੇ ਹਨ ਅਤੇ ਲਿਬਰਲ ਸਰਕਾਰ ਨੇ ਕਾਨੂੰਨਾਂ ਵਿੱਚ ਤਬਦੀਲੀ ਕਰਕੇ ਅਪਰਾਧੀਆਂ ਦੇ ਜਲਦੀ ਬਾਹਰ ਆਉਣ ਦਾ ਰਾਹ ਪੱਧਰਾ ਕਰ ਦਿੱਤਾ ਹੈ। ਇਸ ਕਰ ਕੇ ਉਹਨਾਂ ਵਿੱਚ ਕਾਨੂੰਨ ਦਾ ਕੋਈ ਖੌਫ ਨਹੀਂ ਰਿਹਾ।
ਕੰਸਰਵੇਟਿਵ ਆਗੂਆਂ ਨੇ ਕਿਹਾ ਕਿ ਕੈਨੇਡਾ ਆਪਣੀਆਂ ਖੂਬਸੂਰਤ ਇਮੀਗਰੇਸ਼ਨ ਨੀਤੀਆਂ ਕਾਰਨ ਜਾਣਿਆ ਜਾਂਦਾ ਸੀ ਪਰ ਲਿਬਰਲ ਸਰਕਾਰ ਨੇ ਇਹਨਾਂ ਬਿਨਾਂ ਕਿਸੇ ਠੋਸ ਤਿਆਰੀ ਤੋਂ ਹਰ ਸਾਲ ਲੱਖਾਂ ਲੋਕਾਂ ਨੂੰ ਕੈਨੇਡਾ ਲੈ ਆਂਦਾ। ਕੋਈ ਪਲਾਨ ਨਹੀਂ ਬਣਾਇਆ ਕਿ ਉਹਨਾਂ ਨੂੰ ਕੋਈ ਕੰਮ ਮਿਲੇਗਾ ਜਾਂ ਨਹੀਂ, ਉਹ ਰਹਿਣਗੇ ਕਿੱਥੇ, ਉਹਨਾਂ ਦੇ ਬੱਚੇ ਪੜ੍ਹਨਗੇ ਕਿੱਥੇ ਅਤੇ ਉਹਨਾਂ ਨੂੰ ਇਲਾਜ ਸਹੂਲਤਾਂ ਕਿਵੇਂ ਮਿਲਣਗੀਆਂ। ਹੁਣ ਖ਼ੁਦ ਹੀ ਇਮੀਗਰਾਂਟਸ ਉੱਪਰ ਇਲਜ਼ਾਮ ਲਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਤੁਹਾਡੇ ਕਾਰਨ ਘਰਾਂ ਦੀਆਂ ਕੀਮਤਾਂ ਵਧ ਗਈਆਂ ਹਨ ਅਤੇ ਉਹਨਾਂ ਨੂੰ ਵਾਪਸ ਜਾਣ ਲਈ ਕਿਹਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਲਿਬਰਲ ਸਰਕਾਰ ਬੁਰੀ ਤਰ੍ਹਾਂ ਨਾਲ ਫੇਲ੍ਹ ਹੋ ਚੁੱਕੀ ਹੈ। ਨਵੀਂ ਸਰਕਾਰ ਕੰਸਰਵੇਟਿਵ ਦੀ ਅਗਵਾਈ ਹੇਠ ਬਣਨ ਜਾ ਰਹੀ ਹੈ। ਉਹਨਾਂ ਸਰੀ ਸੈਂਟਰ ਦੇ ਵੋਟਰਾਂ ਨੂੰ ਅਪੀਲ ਕੀਤੀ ਇਹ ਰਾਜਵੀਰ ਢਿੱਲੋਂ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਿਆ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਦੀਪ ਸਿੱਧੂ, ਸੰਦੀਪ ਤੂਰ, ਰਿਕੀ ਬਾਜਵਾ, ਜਗਦੀਪ ਸੰਧੂ, ਇਕਬਾਲ ਸਿੰਘ ਅਤੇ ਕਾਸਾ ਬਿਲਡਿੰਗ ਸਪਲਾਈ ਦੀ ਮੈਨੇਜਮੈਂਟ ਟੀਮ ਹਾਜ਼ਰ ਸੀ।