ਕਿਸਾਨ ਝੋਨੇ ਦੇ ਅਣਅਧਿਕਾਰਤ ਅਤੇ ਹਾਈਬ੍ਰਿਡ ਬੀਜਾਂ ਦੀਆਂ ਕਿਸਮਾਂ ਤੋਂ ਗੁਰੇਜ਼ ਕਰਨ- DC ਦੀ ਅਪੀਲ
ਬੀਜ ਡੀਲਰ ਵੱਲੋਂ ਕਿਸਾਨਾਂ ਨੂੰ ਵੱਧ ਰੇਟ ਤੇ ਜਾਂ ਕਾਲਾ ਬਾਜ਼ਾਰੀ ਰਾਹੀਂ ਬੀਜ ਦੇਣ ਤੇ ਹੋਵੇਗੀ ਸੀਡ ਐਕਟ 1966 ਅਧੀਨ ਬਣਦੀ ਕਾਰਵਾਈ
ਪਿਛਲੇ ਦਿਨੀਂ ਨੰਗਲ ਵਿੱਚ ਬੀਜ ਵਿਕਰੇਤਾ ਤੋਂ 111 ਕਿੱਲੋ ਹਾਈਬਰਿੱਡ ਬੀਜ ਕੀਤਾ ਬਰਾਮਦ
ਰੂਪਨਗਰ, 14 ਅਪ੍ਰੈਲ: ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਵਰਜੀਤ ਵਾਲੀਆ ਨੇ ਜ਼ਿਲ੍ਹੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਉਣੀ ਸੀਜ਼ਨ ਦੌਰਾਨ ਕਿਸਾਨ ਝੋਨੇ ਦੀਆਂ ਅਣਅਧਿਕਾਰਤ ਅਤੇ ਹਾਈਬ੍ਰਿਡ ਕਿਸਮਾਂ ਦੇ ਬੀਜ ਦੀ ਵਰਤੋਂ ਨਾ ਕਰਨ ਕਿਉਂਕਿ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨ ਹਿਤ ਵਿਚ ਸਿਰਫ਼ ਪ੍ਰਮਾਣਿਤ ਕਿਸਮਾਂ ਦੇ ਬੀਜਾਂ ਦੀ ਬਿਜਾਈ ਲਈ ਕਿਸਾਨਾਂ ਨੂੰ ਵੱਖ-ਵੱਖ ਤਰ੍ਹਾਂ ਦੇ ਕੈਂਪਾਂ ਰਾਹੀਂ ਜਾਗਰੂਕ ਕੀਤਾ ਜਾਂਦਾ ਹੈ ਅਤੇ ਪ੍ਰਮਾਣਿਤ ਕਿਸਮਾਂ ਦੇ ਬੀਜਾਂ ਦੇ ਮੰਡੀਕਰਨ ਵਿਚ ਕੋਈ ਵੀ ਸਮੱਸਿਆ ਪੇਸ਼ ਨਹੀਂ ਆਉਂਦੀ।
ਸ਼੍ਰੀ ਵਰਜੀਤ ਵਾਲੀਆ ਨੇ ਦੱਸਿਆ ਕਿ ਅਣਅਧਿਕਾਰਤ ਕਿਸਮਾਂ ਦੇ ਬੀਜਾਂ ਦੀ ਸੇਲ ਨੂੰ ਰੋਕਣ ਸਬੰਧੀ ਬਲਾਕ ਪੱਧਰ ਤੇ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਿਨ੍ਹਾਂ ਵੱਲੋਂ ਕਿਸੇ ਵੀ ਸਮੇਂ ਕਿਸੇ ਵੀ ਦੁਕਾਨ ਦੀ ਅਚਨਚੇਤ ਚੈਕਿੰਗ ਕੀਤੀ ਜਾ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਨੰਗਲ ਵਿੱਚ ਬੀਜ ਵਿਕਰੇਤਾ ਤੋ 111 ਕਿੱਲੋ ਹਾਈਬਰਿੱਡ ਬੀਜ ਬਰਾਮਦ ਕੀਤਾ ਗਿਆ ਹੈ। ਜਿਸ ਨੂੰ ਸੀਲ ਕਰਕੇ ਅਗਲੇਰੀ ਕਾਰਵਾਈ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਤਹਿਸੀਲਦਾਰ ਸੁਮਿਤ ਢਿੱਲੋਂ ਦੀ ਅਗਵਾਈ ਵਿੱਚ ਇੱਕ ਟੀਮ ਦਾ ਗਠਨ ਕੀਤਾ ਗਿਆ ਸੀ ਜਿਸ ਨੇ ਡੀ.ਆਰ.ਐਚ 834, ਐਮ.ਪੀ 3030, ਸੁਪਰ 120 ਹਾਈਬਰਿੱਡ ਬੀਜ ਨੂੰ ਸੀਲ ਕੀਤਾ ਗਿਆ ਹੈ ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਰੂਪਨਗਰ ਵੱਲੋਂ ਉੱਡਣ ਦਸਤੇ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ ਜੋ ਕਿ ਸਮੇਂ-ਸਮੇਂ ਤੇ ਬੀਜ, ਦਵਾਈਆਂ ਅਤੇ ਖਾਦ ਵਿਕਰੇਤਾਵਾਂ ਦੀ ਚੈਕਿੰਗ ਅਤੇ ਸੈਪਲਿੰਗ ਕਰੇਗਾ ਅਤੇ ਇਹਨਾਂ ਦੁਕਾਨਾਂ ਤੋਂ ਇਲਾਵਾ ਦੂਸਰੇ ਬਾਹਰੀ ਰਾਜਾਂ ਤੋਂ ਦਾਖਲ ਹੋਣ ਵਾਲੇ ਅਣਅਧਿਕਾਰਤ ਬੀਜਾਂ ਨੂੰ ਰੋਕਣ ਸਬੰਧੀ ਵੀ ਨਿਗਰਾਨੀ ਰੱਖੇਗਾ ਅਤੇ ਜੇਕਰ ਕੋਈ ਵਿਅਕਤੀ ਉਲੰਘਣਾ ਕਰਦਾ ਮਿਲਿਆ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਉਨ੍ਹਾਂ ਜ਼ਿਲ੍ਹੇ ਦੇ ਬੀਜ ਡੀਲਰਾਂ ਨੂੰ ਵੀ ਹਦਾਇਤ ਕਰਦਿਆਂ ਕਿਹਾ ਕਿ ਸੀਡ ਐਕਟ 1966 ਅਧੀਨ ਕੋਈ ਵੀ ਬੀਜ ਪ੍ਰਾਪਤ ਹੋਣ ਤੇ ਸਬੰਧਿਤ ਬੀਜ ਇੰਸਪੈਕਟਰ ਨੂੰ ਜਾਣਕਾਰੀ ਦਿੱਤੀ ਜਾਵੇ ਅਤੇ ਜੇਕਰ ਕਿਸੇ ਵੀ ਬੀਜ ਡੀਲਰ ਵੱਲੋਂ ਕਿਸਾਨਾਂ ਨੂੰ ਵੱਧ ਰੇਟ ਤੇ ਜਾਂ ਕਾਲਾ ਬਾਜ਼ਾਰੀ ਰਾਹੀਂ ਬੀਜ ਦਿੱਤਾ ਗਿਆ ਤਾਂ ਉਸ ਵਿਰੁੱਧ ਸੀਡ ਐਕਟ 1966 ਅਧੀਨ ਬਣਦੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਝੋਨੇ ਦੀ ਬਿਜਾਈ ਪੰਜਾਬ ਸਰਕਾਰ ਵੱਲੋਂ ਤਹਿ ਕੀਤੇ ਗਏ ਸਮੇਂ ਵਿਚ ਹੀ ਕੀਤੀ ਜਾਵੇ ਤਾਂ ਜੋ ਝੋਨੇ ਦੀ ਖ਼ਰੀਦ ਸਮੇਂ ਸਿਰ ਅਤੇ ਸੁਚੱਜੇ ਢੰਗ ਨਾਲ ਮੁਕੰਮਲ ਕੀਤੀ ਜਾ ਸਕੇ।