ਬੱਚਿਆਂ ਆਪਣੇ ਬਚਪਨ ਵਿਚ ਬਹੁਤ ਕੁਝ ਆਪਣੀ ਮਾਂ ਤੋ ਸਿਖਿਆ ਹੈ
ਵਿਜੈ ਗਰਗ
ਮਨੁੱਖੀ ਜ਼ਿੰਦਗੀ ਕੁਦਰਤ ਦੀਆਂ ਬੇਸ਼ਕੀਮਤੀ ਨਿਆਮਤਾਂ ਦੇ ਖ਼ਜ਼ਾਨੇ ਨਾਲ ਭਰੀ ਪਈ ਹੈ। ਵੱਡਾ ਹੋਇਆ ਮਨੁੱਖ ਪਹਿਲਾਂ ਮਾਂ ਦੀ ਕੁੱਖ ’ਚ ਵੱਧ-ਫੁੱਲ ਕੇ ਵਿਕਸਿਤ ਹੁੰਦਾ ਹੈ। ਜਨਮ ਤੋਂ ਬਾਅਦ ਬੱਚਾ ਆਪਣੇ ਆਲੇ-ਦੁਆਲੇ ਤੋਂ ਜੀਵਨ ਸਲੀਕੇ ਦਾ ਚੱਜ ਸਿੱਖਣਾ ਸ਼ੁਰੂ ਕਰਦਾ ਹੈ। ਇਸ ਰਾਹੀਂ ਉਹ ਸੱਭਿਅਕ ਬਣਦਾ ਜਾਂਦਾ ਹੈ। ਇਹ ਪ੍ਰਕਿਰਿਆ ਬਚਪਨ ਵਿਚ ਬਹੁਤ ਹੀ ਅਹਿਮਤੀਅਤ ਰੱਖਦੀ ਹੈ। ਸੱਭਿਅਕ ਤੇ ਪ੍ਰੌੜ੍ਹ ਮਨੁੱਖ ਬਣਨ ਤਕ ਬੱਚੇ ਨੂੰ ਜੀਵਨ ਦੇ ਤਿੰਨ ਪੜਾਅ ਤੈਅ ਕਰਨੇ ਪੈਂਦੇ ਹਨ- ਬਚਪਨ, ਜਵਾਨੀ ਤੇ ਬੁਢਾਪਾ। ਇਨ੍ਹਾਂ ’ਚੋਂ ਬਚਪਨ ਮਨੁੱਖੀ ਜੀਵਨ ਦਾ ਸਭ ਤੋਂ ਬੇਸ਼ਕੀਮਤੀ ਪੜਾਅ ਹੈ। ਬੱਚਾ ਇਹ ਪੜਾਅ ਘਰ ’ਚ ਹੀ ਆਪਣੀ ਮਾਂ ਦੀ ਗੋਦ ’ਚੋਂ ਮਿਲੇ ਨਿੱਘ ਤੇ ਬਾਪ ਦੇ ਮੋਢਿਆਂ ’ਤੇ ਲਏ ਝੂਟਿਆਂ ’ਚੋਂ ਪੂਰਾ ਕਰਨਾ ਸ਼ੁਰੂ ਕਰ ਦਿੰਦਾ ਹੈ। ਇਸ ਤਰ੍ਹਾਂ ਬੱਚੇ ਦਾ ਸੱਭਿਆਚਾਰ ਘਰ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਉਸ ਨੇ ਸੱਭਿਆਚਾਰ ਦਾ ਪਹਿਲਾ ਅੱਖਰ ਤੇ ਪਾਠ ਘਰ ਤੋਂ ਹੀ ਸਿੱਖਣਾ ਹੁੰਦਾ ਹੈ
ਬਾਦਸ਼ਾਹੀ ਬਚਪਨ
ਬਚਪਨ ਵਾਲੇ ਪੜਾਅ ’ਚ ਬੱਚਾ ਬਾਦਸ਼ਾਹ ਹੁੰਦਾ ਹੈ। ਮਾਸੂਮੀਅਤ ਤੇ ਬੇਪਰਵਾਹੀ, ਕੋਮਲਤਾ, ਮਸਤੀ, ਹਸੂੰ-ਹਸੂੰ ਕਰਦੇ ਚਿਹਰੇ, ਆਜ਼ਾਦੀ, ਅਨੋਖੀਆਂ ਜ਼ਿੱਦਾਂ, ਨਿੱਕੇ-ਨਿੱਕੇ ਰੋਣੇ ਤੇ ਹਾਸੇ, ਰੁੱਸਣ-ਮੰਨਣ ਦਾ ਭੋਲਾਪਣ ਆਦਿ ਬਚਪਨ ਦਾ ਸ਼ਿੰਗਾਰ ਹਨ। ਵਿਦਵਾਨ ਪੈਟਰਿਕ ਰੋਥਫਸ ਲਿਖਦਾ ਹੈ, ‘ਜਦੋਂ ਅਸੀਂ ਬੱਚੇ ਹੁੰਦੇ ਹਾਂ, ਤਾਂ ਸ਼ਾਇਦ ਹੀ ਕਦੇ ਆਪਣੇ ਭਵਿੱਖ ਬਾਰੇ ਸੋਚਦੇ ਹਾਂ। ਇਹ ਭੋਲਾਪਣ ਸਾਨੂੰ ਖ਼ੁਦ ਦਾ ਆਨੰਦ ਲੈਣ ਲਈ ਆਜ਼ਾਦ ਕਰ ਦਿੰਦਾ ਹੈ ਪਰ ਜਦੋਂ ਅਸੀਂ ਭਵਿੱਖ ਦੀ ਚਿੰਤਾ ਕਰਨ ਲੱਗ ਪੈਂਦੇ ਹਾਂ ਤਾਂ ਅਸੀਂ ਆਪਣਾ ਬਚਪਨ ਪਿੱਛੇ ਛੱਡ ਦਿੰਦੇ ਹਾਂ।’
ਜੀਵਨ-ਰੂਪੀ ਕਿਤਾਬ
ਮਨੁੱਖੀ ਜ਼ਿੰਦਗੀ ਇਕ ਤਰ੍ਹਾਂ ਦੀ ਕਿਤਾਬ ਹੀ ਹੈ, ਜਿਸ ਦਾ ਪਹਿਲਾ ਪਾਠ ਬਚਪਨ ਹੈ। ਬਚਪਨ ਨੂੰ ਜੀਵਨ-ਰੂਪੀ ਕਿਤਾਬ ਦਾ ਕਾਇਦਾ ਵੀ ਕਿਹਾ ਜਾਂਦਾ ਹੈ। ਜੇ ਬਚਪਨ ਦਾ ਕਾਇਦਾ ਸੱਭਿਅਕ ਤੇ ਸਲੀਕੇ ਭਰਪੂਰ ਹੋਵੇਗਾ ਤਾਂ ਜ਼ਿੰਦਗੀ ਦੀ ਕਿਤਾਬ ਵੀ ਖ਼ੂਬਸੂਰਤ ਹੋਵੇਗੀ। ਸਵਾਲ ਇਹ ਹੈ ਕਿ ਬਚਪਨ ਦੇ ਇਨ੍ਹਾਂ ਵਰ੍ਹਿਆਂ ਵਿਚ ਬੱਚੇ ਦੀ ਅਗਵਾਈ ਕਿਸ ਨੇ ਤੇ ਕਿਵੇਂ ਕੀਤੀ? ਉਸ ਨੂੰ ਕਿਸ ਤਰ੍ਹਾਂ ਦੀਆਂ ਸੱਭਿਆਚਾਰਕ ਤੇ ਨੈਤਿਕ ਕਦਰਾਂ-ਕੀਮਤਾਂ ਦਿੱਤੀਆਂ ਗਈਆਂ? ਫਿਰ ਵੱਡਾ ਹੋ ਕੇ ਉਹ ਕਿਹੋ ਜਿਹਾ ਮਨੁੱਖ ਬਣਿਆ? ਉਸ ਦੀ ਆਪਣੀ ਮਾਂ-ਬੋਲੀ, ਵਿਰਸੇ ਅਤੇ ਵਿਰਾਸਤ ਯਾਨੀ ਸੱਭਿਆਚਾਰ ਨਾਲ ਮੋਹ ਦੀ ਤੰਦ ਕਿੰਨੀ ਕੁ ਜੁੜੀ? ਇਸ ਤਰ੍ਹਾਂ ਬਚਪਨ ਤੇ ਸੱਭਿਆਚਾਰ ਅੰਤਰ ਸੰਬੰਧਿਤ ਹੋ ਨਿੱਬੜਦੇ ਹਨ
ਜਨਮ ਲੈਣ ਮਗਰੋਂ ਬੱਚੇ ਦੇ ਰੋਣ ਦੀ ਪਹਿਲੀ ਆਵਾਜ਼, ਕਿਲਕਾਰੀ, ਮੁਸਕਾਨ ਤੇ ਪਹਿਲਾ ਹੁੰਗਾਰਾ ਉਸ ਨੂੰ ਆਪਣੀ ਮਾਂ-ਬੋਲੀ ਅਤੇ ਸੱਭਿਆਚਾਰ ਦੀ ਉਂਗਲ ਫੜਾ ਦਿੰਦੇ ਹਨ। ਉਹ ਆਪਣੇ ਘਰ, ਆਲੇ-ਦੁਆਲੇ ਅਤੇ ਸਮਾਜਿਕ ਪ੍ਰਬੰਧ ’ਚੋਂ ਹੀ ਬੈਠਣ-ਉੱਠਣ, ਬੋਲਣ-ਚੱਲਣ, ਖਾਣ-ਪੀਣ, ਪਹਿਰਾਵਾ, ਲੋਕ-ਖੇਡਾਂ, ਲੋਕ-ਕਿੱਤਿਆਂ, ਲੋਕ-ਕਥਾਵਾਂ, ਲੋਕ-ਬਾਤਾਂ, ਲੋਕ ਗੀਤਾਂ, ਲੋਕ ਰੀਤੀ-ਰਿਵਾਜ਼ਾਂ, ਤਿੱਥਾਂ-ਤਿਉਹਾਰਾਂ ਆਦਿ ਸਮੁੱਚੇ ਸੱਭਿਆਚਾਰਕ ਜੀਵਨ ਵਿਹਾਰ ਨੂੰ ਸਿੱਖਦਾ ਹੈ। ਸਾਡੀ ਚਿੰਤਾ ਅਜੋਕੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜ ਕੇ ਪੰਜਾਬੀ ਵਿਰਸੇ ਤੇ ਸੱਭਿਆਚਾਰਕ ਕਦਰਾਂ-ਕੀਮਤਾਂ ਨਾਲ ਜੋੜਨ ਦੀ ਹੈ, ਤਾਂ ਜੋ ਸਾਡੇ ਬੱਚੇ ਅਜੋਕੇ ਤਕਨੀਕੀ ਤੇ ਕੰਪਿਊਟਰੀਕਰਨ ਦੇ ਡਿਜੀਟਲ ਯੁੱਗ ਵਿਚ ਸੱਭਿਅਕ ਤੇ ਸਾਊ ਮਨੁੱਖੀ ਜੀਵਨ ਦੇ ਧਾਰਕ ਬਣ ਸਕਣ।
ਮਾਂ ਤੋਂ ਸਿੱਖਦਾ ਮਾਂ-ਬੋਲੀ
ਬੱਚਾ ਮਾਂ-ਬੋਲੀ ਆਪਣੀ ਮਾਂ ਤੋਂ ਸਿੱਖਦਾ ਹੈ। ਇਸੇ ਰਾਹੀਂ ਉਹ ਵੱਡਾ ਹੁੰਦਾ ਜਾਂਦਾ ਹੈ ਤੇ ਆਪਣੇ ਸੱਭਿਆਚਾਰਕ ਵਰਤਾਰੇ ਨਾਲ ਜੁੜਦਾ ਜਾਂਦਾ ਹੈ। ਸੱਭਿਆਚਾਰ ਮਨੁੱਖੀ ਵਿਹਾਰ ਦੇ ਸਿੱਖੇ ਹੋਏ ਭਾਗ ਨੂੰ ਕਿਹਾ ਜਾਂਦਾ ਹੈ। ਮਨੁੱਖੀ ਜੀਵਨ ਦੇ ਨਿਯਮਬੱਧ ਚਰਿੱਤਰ ਨੂੰ ਸੱਭਿਆਚਾਰ ਕਿਹਾ ਜਾਂਦਾ ਹੈ। ਇਹ ਨਿਯਮ ਤੇ ਅਸੂਲ ਲੋਕ ਸਮੂਹ ਵੱਲੋਂ ਪ੍ਰਵਾਨ ਕੀਤੇ ਜਾਂਦੇ ਹਨ। ਟੀਐੱਸ ਇਲੀਅਟ ਅਨੁਸਾਰ ਸੱਭਿਆਚਾਰ ਜੀਵਨ ਜਿਊਣ ਦਾ ਰਸਤਾ ਹੈ।
ਪਿਆਰੇ ਲੱਗਦੇ ਚੰਗੇ ਸਲੀਕੇ ਵਾਲੇ ਬੱਚੇ
ਸੱਭਿਆਚਾਰ ਬੱਚੇ ਦੇ ਆਚਰਣ ਨੂੰ ਤਰਾਸ਼ਦਾ ਵੀ ਹੈ ਤੇ ਸ਼ਿੰਗਾਰਦਾ ਵੀ ਹੈ। ਸੱਭਿਅਕ ਆਚਰਣ ਤੇ ਚੰਗੇ ਸਲੀਕੇ ਵਾਲੇ ਬੱਚੇ ਸਭ ਨੂੰ ਪਿਆਰੇ ਲੱਗਦੇ ਹਨ। ਹਰ ਮਾਂ-ਬਾਪ ਚਾਹੁੰਦਾ ਹੈ ਕਿ ਉਨ੍ਹਾਂ ਦਾ ਬੱਚਾ ਹੋਣਹਾਰ ਹੋਵੇ, ਕਹਿਣੇਕਾਰ ਹੋਵੇ, ਮਿੱਠਾ ਬੋਲੇ, ਮਿਹਨਤੀ ਹੋਵੇ, ਲੋਕਾਂ ’ਚ ਪ੍ਰਸ਼ੰਸਾ ਦਾ ਪਾਤਰ ਬਣੇ, ਉਸ ਦਾ ਚੰਗਾ ਆਚਰਣ ਸਮਾਜ ਲਈ ਉਦਾਹਰਨ ਬਣੇ। ਇਹ ਤਾਂ ਹੀ ਹੋ ਸਕਦਾ ਹੈ, ਜੇ ਮਾਪੇ ਖ਼ੁਦ ਅਗਵਾਈ ਕਰਨ। ਹੁਣ ਆਮ ਹੀ ਕਿਹਾ ਜਾਂਦਾ ਹੈ ਕਿ ਅਜੋਕੇ ਬੱਚੇ ਪੰਜਾਬੀ ਸੱਭਿਆਚਾਰ ਤੋਂ ਬੇਮੁੱਖ ਹੋ ਰਹੇ ਹਨ। ਉਹ ਆਪਣੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਭੁੱਲਦੇ ਜਾ ਰਹੇ ਹਨ। ਅਜੋਕੀ ਚਕਾਚੌਂਧ ਵਾਲੀ ਜੀਵਨਸ਼ੈਲੀ ਵਿਚ ਬਚਪਨ ਉਲਝਦਾ ਜਾ ਰਿਹਾ ਹੈ। ਕਿਸੇ ਹੱਦ ਤਕ ਇਹ ਗੱਲ ਠੀਕ ਵੀ ਹੈ। ਇਸ ਲਈ ਕਈ ਕਾਰਨ ਜ਼ਿੰਮੇਵਾਰ ਹਨ? ਅੱਜ ਤਕਨੀਕ ਦੀ ਸਹੂਲਤ ਨਾਲ ਮਨੁੱਖ ਦੀਆਂ ਲੋੜਾਂ ਤੇ ਲਾਲਸਾਵਾਂ ਵਧਣ ਨਾਲ ਬਦਲ ਵੀ ਗਈਆਂ ਹਨ। ਕੰਪਿਊਟਰ ਤੇ ਮੋਬਾਈਲ ਗੇਮਾਂ ਵਿਚ ਅਜੋਕਾ ਬਚਪਨ ਸੁੰਗੜ ਕੇ ਰਹਿ ਗਿਆ ਹੈ। ਮਾਪੇ ਆਪਣੇ ਬੱਚਿਆਂ ਨੂੰ ਪੂਰਾ ਸਮਾਂ ਨਹੀਂ ਦੇ ਰਹੇ। ਮਾਪੇ ਆਪ ਵੀ ਟੀਵੀ ਸੀਰੀਅਲਾਂ ਤੇ ਮੋਬਾਈਲ ਦੀਆਂ ਸਕਰੀਨਾਂ ਵਿਚ ਖੁੱਭੇ ਪਏ ਹਨ। ਲੋਕ ਗੀਤ-ਸੰਗੀਤ, ਕਹਾਣੀਆਂ, ਬਾਤਾਂ, ਮੁਹਾਵਰੇ ਸੁਣਾਉਣ ਵਾਲੀਆਂ ਦਾਦੀਆਂ-ਨਾਨੀਆਂ, ਭੂਆ, ਚਾਚੀਆਂ-ਤਾਈਆਂ, ਦਾਦੇ-ਨਾਨੇ, ਫੁੱਫੜ, ਚਾਚੇ-ਤਾਏ ਸਭ ਲੋਕ ਰਿਸ਼ਤੇ ਅੰਗਰੇਜ਼ੀ ਦੇ ਸ਼ਬਦ ਅੰਕਲ-ਆਂਟੀ ਵਿਚ ਸਿਮਟ ਗਏ ਹਨ। ਅੱਜ ਬੱਚਿਆਂ ਨੂੰ ਬਾਤਾਂ ਸੁਣਾਉਣ ਵਾਲਾ ਕੋਈ ਨਹੀਂ ਹੈ।
ਮਾਪੇ ਕਰਨ ਅਗਵਾਈ
ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਨ ਵਿਚ ਮਾਪਿਆਂ ਦੀ ਅਹਿਮ ਭੂਮਿਕਾ ਹੈ। ਜਿਹੋ ਜਿਹਾ ਮਾਪਿਆਂ ਦਾ ਆਪਣਾ ਵਿਹਾਰ ਹੋਵੇਗਾ, ਬੱਚੇ ਵੀ ਉਸ ਨੂੰ ਹੀ ਸਿੱਖਣਗੇ। ਬੱਚੇ ਦੀ ਸਿੱਖਣ ਪ੍ਰਕਿਰਿਆ ਦਾ ਪਹਿਲਾ ਸਕੂਲ ਘਰ ਹੀ ਹੈ। ਘਰਾਂ ਵਿਚ ਮਾਪੇ ਬੱਚਿਆਂ ਦੇ ਗੁਰੂ ਹਨ। ਮੋਬਾਈਲ ’ਤੇ ਗੇਮਾਂ ਖੇਡਦਿਆਂ ਬੱਚਿਆਂ ਦਾ ਧਿਆਨ ਮਾਪਿਆਂ ਨੇ ਹੀ ਰੱਖਣਾ ਹੈ। ਬੱਚੇ ਨੂੰ ਕੁੱਟਣ-ਮਾਰਨ ਦੀ ਬਜਾਏ ਉਸ ਨੂੰ ਮਨੋਵਿਗਿਆਨਕ ਢੰਗ ਨਾਲ ਸਮਝਾਉਂਦਿਆਂ ਮੋਬਾਈਲ ਦੇ ਚੰਗੇ-ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ। ਲੋਕ ਬਾਤਾਂ ਤੇ ਸਾਹਿਤ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ।
ਸਕੂਲਾਂ ਦੀ ਵੱਡੀ ਭੂਮਿਕਾ
ਬੱਚਿਆਂ ਦੇ ਸੱਭਿਆਚਾਰਕ ਵਿਕਾਸ ਵਿਚ ਸਕੂਲਾਂ ਦੀ ਬਹੁਤ ਵੱਡੀ ਭੂਮਿਕਾ ਹੈ। ਸਕੂਲਾਂ ਨੂੰ ਸੱਭਿਆਚਾਰ ਦੇ ਵਾਹਕ ਬਣਨਾ ਚਾਹੀਦਾ ਹੈ। ਸਵੇਰ ਦੀ ਸਭਾ ਵਿਚ ਬੱਚਿਆਂ ਦੀ ਸੱਭਿਆਚਾਰਕ ਕਲਾ ਨੂੰ ਨਿਖਾਰਿਆ ਜਾ ਸਕਦਾ ਹੈ। ਸਕੂਲਾਂ ਦੇ ਵਿੱਦਿਅਕ ਮੁਕਾਬਲਿਆਂ ਵਿਚ ਪੰਜਾਬੀ ਲੋਕ ਗੀਤ-ਸੰਗੀਤ ਤੇ ਖੇਡਾਂ ਦੇ ਕਰਵਾਏ ਜਾਂਦੇ ਮੁਕਾਬਲੇ ਨਿਰਸੰਦੇਹ ਬੱਚਿਆਂ ਨੂੰ ਸੱਭਿਆਚਾਰ ਨਾਲ ਜੋੜ ਰਹੇ ਹਨ। ਪ੍ਰਾਇਮਰੀ ਪੱਧਰ ਦੇ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੋੜਨ ਦਾ ਯਤਨ ਕਰਨ ਦੀ ਅਜੇ ਹੋਰ ਲੋੜ ਹੈ। ਅਧਿਆਪਕਾਂ ਵੱਲੋਂ ਬੱਚਿਆਂ ਨੂੰ ਆਪਣੇ ਬਜ਼ੁਰਗਾਂ ਪਾਸੋਂ ਪੁਰਾਣੀਆਂ ਲੋਕ-ਬਾਤਾਂ, ਕਹਾਣੀਆਂ, ਅਖੌਤਾਂ ਤੇ ਮੁਹਾਵਰੇ ਸੁਣ ਕੇ ਆਪਣੀ ਸਕਰੈਪ ਬੁੱਕ ’ਤੇ ਲਿਖ ਕੇ ਲਿਆਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਇਨ੍ਹਾਂ ਨੂੰ ਸਕੂਲ ਵੱਲੋਂ ਛਾਪੇ ਜਾਂਦੇ ਬਾਲ-ਰਸਾਲੇ ਵਿਚ ਵੀ ਛਾਪਣਾ ਚਾਹੀਦਾ ਹੈ।
ਮੋਬਾਈਲ ਬਣਾ ਰਿਹਾ ਚਿੜਚਿੜੇ
ਸਕੂਲਾਂ ਵਿਚ ਹਰ ਸਾਲ ਕਰਵਾਏ ਜਾਂਦੇ ਅਕਾਦਮਿਕ ਤੇ ਸੱਭਿਆਚਾਰਕ ਮੁਕਾਬਲੇ ਬੱਚਿਆਂ ਦੀ ਕਲਾ-ਪ੍ਰਤਿਭਾ ਦਾ ਵਿਕਾਸ ਕਰਨ ਵਿਚ ਅਹਿਮ ਯੋਗਦਾਨ ਪਾ ਸਕਦੇ ਹਨ। ਬੱਚਿਆਂ ਦੇ ਕਵਿਤਾ ਲੇਖਣ ਤੇ ਕਾਵਿ-ਉਚਾਰਨ ਮੁਕਾਬਲੇ, ਭੰਗੜੇ-ਗਿੱਧੇ ਦੇ ਮੁਕਾਬਲੇ ਤੇ ਹਾਲ ਹੀ ’ਚ ਮਾਰਸ਼ਲ ਆਰਟ ’ਚ ਸ਼ਾਮਿਲ ਕੀਤੇ ਗਏ ਗੱਤਕਾ ਮੁਕਾਬਲੇ ਇਸ ਦੇ ਪੁਖਤਾ ਉਦਾਹਰਨ ਹਨ। ਪੰਜਾਬ ਸਿੱਖਿਆ ਵਿਭਾਗ ਵੱਲੋਂ ਸ਼ੁਰੂ ਕੀਤੀ ‘ਖੇਡਾਂ ਵਤਨ ਪੰਜਾਬ ਦੀਆਂ’ ਮੁਹਿੰਮ ਨੇ ਪੰਜਾਬ ਦੀਆਂ ਵਿਰਾਸਤੀ ਖੇਡਾਂ ਨੂੰ ਪੁਨਰ-ਸੁਰਜੀਤ ਕਰਨ ਦਾ ਸ਼ਲਾਘਾਯੋਗ ਕਾਰਜ ਕੀਤਾ ਹੈ। ਬੱਚਿਆਂ ਲਈ ਮੋਬਾਈਲ ਖਿਡੌਣਾ ਬਣ ਗਿਆ ਹੈ, ਜਿਸ ਨਾਲ ਉਹ ਚਿੜਚਿੜੇ ਬਣ ਰਹੇ ਹਨ। ਇਸ ਦਾ ਵੱਡਾ ਕਾਰਨ ਵਿਰਾਸਤੀ ਖੇਡਾਂ ਤੇ ਸਾਹਿਤ ਨਾਲੋਂ ਟੁੱਟਣਾ ਹੈ। ਬੱਚਿਆਂ ਦੀਆਂ ਵਿਰਾਸਤੀ ਖੇਡਾਂ ਦੇ ਪਿੰਡ
ਪੱਧਰ ਤੋਂ ਸੂਬਾ ਪੱਧਰੀ ਮੁਕਾਬਲੇ ਹੋਣੇ ਚਾਹੀਦੇ ਹਨ। ਪੰਜਾਬ ਦੀਆਂ ਵਿਰਾਸਤੀ ਖੇਡਾਂ ਨੂੰ ਸਕੂਲੀ ਪਾਠ-ਕ੍ਰਮ ’ਚ ਸ਼ਾਮਿਲ ਕਰ ਕੇ ਬਕਾਇਦਾ ਪੀਰੀਅਡ ਲੱਗਣਾ ਚਾਹੀਦਾ ਹੈ।
ਮਾਂ-ਬੋਲੀ ਦਾ ਕਰੀਏ ਸਤਿਕਾਰ
ਭਾਸ਼ਾ ਸੱਭਿਆਚਾਰ ਦੀ ਮਾਂ ਹੈ। ਜੇ ਭਾਸ਼ਾ ਜਿਉਂਦੀ ਹੈ ਤਾਂ ਸੱਭਿਆਚਾਰ ਵੀ ਜਿਉਂਦਾ ਰਹਿੰਦਾ ਹੈ। ਵਿਸ਼ਵ ਪ੍ਰਸਿੱਧ ਰੂਸੀ ਲੇਖਕ ਰਸੂਲ ਹਮਜ਼ਾਤੋਵ ਆਪਣੀ ਪੁਸਤਕ ਮੇਰਾ ਦਾਗ਼ਿਸਤਾਨ ਵਿਚ ਲਿਖਦਾ ਹੈ ਕਿ ਜੇ ਕਿਸੇ ਨੂੰ ਕੋਈ ਬਦਦੁਆ ਦੇਣੀ ਹੋਵੇ ਤਾਂ ਉਸ ਨੂੰ ਕਹੋ, ‘ਜਾਹ, ਤੈਨੂੰ ਤੇਰੀ ਮਾਂ-ਬੋਲੀ ਭੁੱਲ ਜਾਵੇ।’ ਮਾਂ-ਬੋਲੀ ਤੋਂ ਬੇਮੁੱਖ ਲੋਕ ਹੀ ਅਪਣੇ ਸੱਭਿਆਚਾਰ ਤੋਂ ਬੇਮੁੱਖ ਹੁੰਦੇ ਹਨ। ਬੱਚਿਆਂ ਨੂੰ ਆਪਣੀ ਮਾਂ-ਬੋਲੀ ਨਾਲ ਰੱਜ ਕੇ ਮੋਹ ਪਾਲਣਾ ਚਾਹੀਦਾ ਹੈ। ਹੋਰ ਭਾਸ਼ਾਵਾਂ ਬੇਸ਼ੱਕ ਸਿੱਖੋ ਪਰ ਪੰਜਾਬੀ ਭਾਸ਼ਾ ਬੋਲਣ, ਪੜ੍ਹਨ ਅਤੇ ਲਿਖਣ ’ਤੇ ਮਾਣ ਕਰਨਾ ਚਾਹੀਦਾ ਹੈ। ਮਾਪਿਆਂ ਨੂੰ ਘਰਾਂ ਵਿਚ ਪੰਜਾਬੀ ਭਾਸ਼ਾ ਬੋਲਣੀ ਚਾਹੀਦੀ ਹੈ। ਘਰਾਂ ਵਿਚ ਕੋਈ ਪੰਜਾਬੀ ਅਖ਼ਬਾਰ ਜਾਂ ਬਾਲ-ਰਸਾਲਾ ਵੀ ਲਗਾਉਣਾ ਚਾਹੀਦਾ ਹੈ। ਇਸ ਨਾਲ ਬੱਚੇ ਮੋਬਾਈਲ ਗੇਮਾਂ ਤੋਂ ਹਟ ਕੇ ਘਰ ਪਈ ਅਖ਼ਬਾਰ ਜਾਂ ਰਸਾਲਾ ਪੜ੍ਹਨ ਵਲ ਜ਼ਰੂਰ ਰੁਚਿਤ ਹੋਣਗੇ।
ਬੱਚਿਆਂ ਦੇ ਬਣੋ ਦੋਸਤ
ਬੱਚੇ ਸਾਡਾ ਸਰਮਾਇਆ ਹਨ। ਉਨ੍ਹਾਂ ਦੇ ਹਸੂੰ-ਹਸੂੰ ਕਰਦੇ ਚਿਹਰੇ ਦਿਲਾਂ ਨੂੰ ਠਾਰਦੇ ਹਨ। ਹਰ ਮਾਂ-ਬਾਪ ਚਾਹੁੰਦਾ ਹੈ ਕਿ ਉਨ੍ਹਾਂ ਦਾ ਬੱਚਾ ਵੱਡਾ ਹੋ ਕੇ ਸਫਲ ਮਨੁੱਖ ਬਣੇ। ਉਹ ਸੁਚੱਜੀ ਜੀਵਨ-ਜਾਚ ਦੇ ਸਾਂਚੇ ’ਚ ਢਲ ਕੇ ਸਾਊ ਮਨੁੱਖ ਬਣੇ। ਇਹ ਤਦ ਹੀ ਹੋ ਸਕਦਾ ਹੈ, ਜੇ ਅਸੀਂ ਆਪਣੇ ਬੱਚਿਆਂ ਦੇ ਬਚਪਨ ਨੂੰ ਸੰਭਾਲਣ ਦਾ ਯਤਨ ਕਰਾਂਗੇ। ਭੋਲੇ-ਭਾਲੇ ਬੱਚਿਆਂ ਨਾਲ ਵੱਧ ਤੋਂ ਵੱਧ ਸਮਾਂ ਬਤੀਤ ਕਰੀਏ। ਉਨ੍ਹਾਂ ਨਾਲ ਹੱਸੀਏ, ਖੇਡੀਏ ਤੇ ਗੱਲਾਂ ਕਰੀਏ। ਬੁਰੀ ਸੰਗਤ ਤੋਂ ਬਚਾਈਏ। ਉਨ੍ਹਾਂ ਦੇ ਦੋਸਤਾਂ ਬਾਰੇ ਜਾਣਕਾਰੀ ਰੱਖੀਏ। ਮਾਪੇ ਖ਼ੁਦ ਆਪਣੇ ਬੱਚਿਆਂ ਦੇ ਦੋਸਤ ਬਣਨ। ਅਸੀਂ ਉਨ੍ਹਾਂ ਦੇ ਆਦਰਸ਼ ਰੋਲ ਮਾਡਲ ਬਣੀਏ। ਫਿਰ ਬੱਚੇ ਦੀ ਰੂਹ ਖਿੜੇਗੀ, ਬਚਪਨ ਖਿੜੇਗਾ। ਸਾਡਾ ਘਰੇਲੂ ਤੇ ਸਮਾਜਿਕ ਸੱਭਿਆਚਾਰਕ ਤਾਣਾ-ਬਾਣਾ ਉਸ ਦੇ ਜੀਵਨ ਰੌਂਅ ਨੂੰ ਸੱਭਿਆਚਾਰ ਨਾਲ ਆਪੇ ਹੀ ਜੋੜ ਦੇਵੇਗਾ।
.jpg)
-
ਵਿਜੈ ਗਰਗ, ਰਿਟਾਇਰਡ ਪ੍ਰਿੰਸੀਪਲ ਐਜੂਕੇਸ਼ਨਲ ਕਾਲਮਨਵੀਸ਼ ਮਲੋਟ ਪੰਜਾਬ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.