ਪ੍ਰਤਾਪ ਬਾਜਵਾ ਵੱਲੋਂ ਕਹੇ ਗਏ 'Who is Seechewal' 'ਤੇ ਭਖਿਆ ਵਿਵਾਦ, ਬਾਜਵੇ ਨੂੰ ਸੀਚੇਵਾਲ ਆਉਣ ਦਾ ਸੱਦਾ!
ਵਿਰੋਧੀ ਧਿਰ ਦੇ ਆਗੂ ਬਾਜਵਾ ਨੂੰ ਪੰਚਾਇਤ ਵੱਲੋਂ ਪਿੰਡ ਸੀਚੇਵਾਲ ਵਿੱਚ ਆਉਣ ਦਾ ਸੱਦਾ
ਵਿਰੋਧੀ ਧਿਰ ਦੇ ਆਗੂ ਹੋਣ ਦੇ ਨਾਤੇ ਸੀਚੇਵਾਲ ਮਾਡਲ ਬਾਰੇ ਜਾਨਣਾ ਜ਼ਰੂਰੀ : ਕਾਂਗਰਸੀ ਸਰਪੰਚ ਜੋਗਾ ਸਿੰਘ
ਸੰਤ ਸੀਚੇਵਾਲ ਬਾਰੇ ਜਾਨਣ ਲਈ ਪਹਿਲਾਂ ਪੰਜਾਬ ਅਤੇ ਪੰਜਾਬੀਅਤ ਨੂੰ ਜਾਨਣਾ ਪਏਗਾ : ਸਰਪੰਚ ਬੂਟਾ ਸਿੰਘ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 4 ਮਾਰਚ 2025 ਰਾਜ ਸਭਾ ਮੈਂਬਰ ਤੇ ਪ੍ਰਸਿੱਧ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਪੰਜਾਬ ਵਿਧਾਨ ਸਭਾ ਵਿੱਚ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਠੇਕੇਦਾਰ ਕਹਿਣ ਅਤੇ ਸੀਚੇਵਾਲ ਮਾਡਲ ਨੂੰ ਫੇਲ੍ਹ ਕਹਿਣ ਤੇ ਪੰਜਾਬ ਭਰ ਦੇ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਹ ਰੋਸ ਘਟਣ ਦੀ ਥਾਂ ਹੋਰ ਤਿੱਖਾ ਹੋ ਰਿਹਾ ਹੈ। ਸੀਚੇਵਾਲ ਪਿੰਡ ਦੇ ਸਰਪੰਚ ਬੂਟਾ ਸਿੰਘ, ਗ੍ਰਾਮ ਪੰਚਾਇਤ ਅਤੇ ਇਲਾਕੇ ਦੇ ਲੋਕਾਂ ਨੇ ਪ੍ਰਤਾਪ ਸਿੰਘ ਬਾਜਵਾ ਨੂੰ 5 ਅਪੈ੍ਰਲ ਨੂੰ ਸੁਲਤਾਨਪੁਰ ਫੇਰੀ ਦੌਰਾਨ ਜਾਂ ਸਮਾਂ ਕੱਢ ਕਿ ਸੀਚੇਵਾਲ ਪਿੰਡ ਆਉਣ ਦਾ ਸੱਦਾ ਦਿੱਤਾ ਹੈ ਕਿ ਉਹ ਇਥੇ ਆ ਕੇ ਦੇਖਣ ਸੀਚੇਵਾਲ ਮਾਡਲ ਕਿੰਨਾ ਸਫ਼ਲਤਾ ਨਾਲ ਚੱਲ ਰਿਹਾ ਹੈ। ਸਰਪੰਚ ਬੂਟਾ ਸਿੰਘ ਦੀ ਅਗਵਾਈ ਵਿੱਚ ਪਿੰਡ ਸੀਚੇਵਾਲ ਵਿਖੇ ਸ਼ਾਹਕੋਟ, ਲੋਹੀਆਂ ਇਲਾਕੇ ਦੇ ਪਿੰਡਾਂ ਦੇ ਹੋਏ ਇਕੱਠ ਦੌਰਾਨ ਪਿੰਡ ਦੀ ਸਮੁੱਚੀ ਪੰਚਾਇਤ ਵੱਲੋਂ ਪ੍ਰਤਾਪ ਬਾਜਵਾ ਨੂੰ ਲੈ ਕੇ ਨਿੰਦਾ ਮਤਾ ਪਾਇਆ ਗਿਆ। ਸਰਪੰਚ ਬੂਟਾ ਸਿੰਘ ਨੇ ਇੱਕਠ ਨੂੰ ਸੰਬੋਧਨ ਹੁੰਦਿਆ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਦਾ ਪੰਜਾਬ ਦੀ ਵਿਧਾਨ ਸਭਾ ਵਿੱਚ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਤੇ ਕੀਤੀ ਟਿੱਪਣੀ ਨੂੰ ਨੀਂਵੇ ਪੱਧਰ ਦੀ ਸਿਆਸਤ ਦੱਸਿਆ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਦੇ ਬਜਟ ਸ਼ੈਸ਼ਨ ਦੌਰਾਨ ਪੇਂਡੂ ਵਿਕਾਸ ਮੰਤਰੀ ਨੇ ਜਦੋਂ ਪਿੰਡਾਂ ਵਿੱਚ ਗੰਦੇ ਪਾਣੀਆਂ ਦੇ ਨਿਕਾਸ ਲਈ ਸੀਚੇਵਾਲ-ਥਾਪਰ ਮਾਡਲ ਤਹਿਤ ਪ੍ਰਬੰਧ ਕਰਨ ਦੀ ਜਾਣਕਾਰੀ ਸਾਂਝੀ ਕੀਤੀ ਤਾਂ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਅੱਗ ਬਾਬੂਲਾ ਹੋ ਗਏ ਸਨ। ਬਾਜਵਾ ਨੇ ਟਿੱਪਣੀ ਕਰਦਿਆ ਅੰਗਰੇਜ਼ੀ ਵਿੱਚ ਕਿਹਾ ਸੀ ਕਿ ‘ਹੂ ਇਜ ਸੀਚੇਵਾਲ’ ? ਅਤੇ “ਸੀਚੇਵਾਲ ਮਾਡਲ ਤਾਂ ਫੇਲ੍ਹ ਮਾਡਲ ਹੈ। ਸੀਚੇਵਾਲ ਤਾਂ ਠੇਕੇਦਾਰ ਹੈ”।
.jpg)
ਸਰਪੰਚ ਬੂਟਾ ਸਿੰਘ ਨੇ ਕਿਹਾ ਦੱਸਿਆ ਕਿ ਉਹਨਾਂ ਵੱਲੋਂ ਪ੍ਰਤਾਪ ਬਾਜਵਾ ਨੂੰ ਲਿਖੇ ਪੱਤਰ ਵਿੱਚ ‘ਹੂ ਇਜ ਸੀਚੇਵਾਲ’ ਦਾ ਜੁਆਬ ਦਿੰਦਿਆ ਹੋਇਆ ਦੱਸਿਆ ਹੈ ਕਿ ਸੰਤ ਸੀਚੇਵਾਲ ਨੇ ਉਹ ਸਖਸ਼ੀਅਤ ਨੇ ਜਿਹਨਾਂ ਅਜ਼ਾਦੀ ਦੇ 75 ਸਾਲਾਂ ਬਾਅਦ ਦੇਸ਼ ਦੀ ਸਰਵੋਤਮ ਪੰਚਾਇਤ (ਪਾਰਲੀਮੈਂਟ) ਵਿੱਚ ਮਾਂ ਬੋਲੀ ਪੰਜਾਬੀ ਨੂੰ ਲਾਗੂ ਕਰਵਾਇਆ ਹੈ। ਉਹਨਾਂ ਕਿਹਾ ਕਿ ਸੰਤ ਸੀਚੇਵਾਲ ਬਾਰੇ ਜਾਨਣ ਲਈ ਪਹਿਲਾਂ ਪੰਜਾਬ ਅਤੇ ਮਾਂ ਬੋਲੀ ਪੰਜਾਬੀ ਨੂੰ ਜਾਨਣਾ ਪਏਗਾ, ਕਿਉਂਕਿ ਸੰਤ ਸੀਚੇਵਾਲ ਜ਼ਮੀਨੀ ਪੱਧਰ ਤੇ ਕੰਮ ਕਰਨ ਵਿੱਚ ਵਿਸ਼ਵਾਸ਼ ਰੱਖਦੇ ਹਨ। ਪਿੰਡ ਚੱਕ ਚੇਲਾ ਦੇ ਕਾਂਗਰਸੀ ਸਰਪੰਚ ਜੋਗਾ ਸਿੰਘ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਵਿਰੋਧੀ ਧਿਰ ਦੇ ਆਗੂ ਹੋਣ ਦੇ ਨਾਤੇ ਸੀਚੇਵਾਲ ਮਾਡਲ ਬਾਰੇ ਜ਼ਰੂਰ ਜਾਨਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪਹਿਲਾਂ ਵੀ ਜ਼ਮੀਨੀ ਹਕੀਕਤਾਂ ਬਾਰੇ ਨਾ ਪਤਾ ਹੋਣ ਕਾਰਣ ਕਾਂਗਰਸ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਸੀ।
ਪਿੰਡ ਰੂਪੇਵਾਲ ਦੇ ਸਰਪੰਚ ਸ. ਬਲਜੀਤ ਸਿੰਘ ਨੇ ਇਕੱਠ ਨੂੰ ਸੰਬੋਧਨ ਹੁੰਦਿਆ ਕਿਹਾ ਕਿ ਬਾਜਵਾ ਜੀ, ਪਿੰਡਾਂ ਦੇ ਲੋਕ ਬੜੇ ਸੰਵੇਦਨਸ਼ੀਲ਼ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਬਾਜਵਾ ਜੀ ਪਿੰਡ ਸੀਚੇਵਾਲ ਨਹੀ ਆਉਂਦੇ ਤਾਂ ਲੋਕਾਂ ਵਿੱਚ ਇਹ ਸੰਦੇਸ਼ ਜਾਵੇਗਾ ਕਿ ਸੰਤ ਸੀਚੇਵਾਲ ਵਿਰੁੱਧ ਕੀਤੀਆਂ ਟਿੱਪਣੀਆਂ ਸਿਰਫ ਸਿਆਸਤ ਕਰਨ ਲਈ ਅਤੇ ਆਮ ਲੋਕਾਂ ਦਾ ਦਿਲ ਦੁਖਾਉਣ ਲਈ ਕੀਤੀਆਂ ਸਨ।
ਇਸੇ ਤਰ੍ਹਾਂ ਵੱਖ ਵੱਖ ਪਿੰਡਾਂ ਤੋਂ ਇਕੱਠੇ ਹੋਏ ਸਰਪੰਚਾਂ ਨੇ ਦੱਸਿਆ ਕਿ ‘ਸੀਚੇਵਾਲ ਮਾਡਲ’ ਪਿੰਡਾਂ ਦੀ ਸਮੱਸਿਆ ਵਿੱਚੋਂ ਨਿਕਲਿਆ ਹੋਇਆ ਇੱਕ ਮਾਡਲ ਹੈ, ਜੋ ਕਿਸੇ ਵੀ ਸਰਕਾਰਾਂ ਕੋਲੋਂ ਨਹੀ ਨਿਕਲਿਆ। ਜਿਸ ਮਾਡਲ ਦੀ ਪ੍ਰਤਾਪ ਬਾਜਵਾ ਵੱਲੋਂ ਵਿਧਾਨ ਸਭਾ ਵਿੱਚ ਚਰਚਾ ਕੀਤੀ ਉਹ ਥਾਪਰ ਮਾਡਲ ਵਾਲੇ ਵੀ ਸੰਤ ਸੀਚੇਵਾਲ ਕੋਲ ਇਸ ਮਾਡਲ ਦੀ ਕਾਪੀ ਕਰਨ ਦੀ ਲਿਖਤੀ ਪ੍ਰਵਾਨਗੀ ਲੈਣ ਆਏ ਸਨ।
ਪ੍ਰਤਾਪ ਸਿੰਘ ਬਾਜਵਾ ਖਿਲਾਫ ਪੰਚਾਇਤਾਂ ਵੱਲੋਂ ਨਿੰਦਾ ਪ੍ਰਸਤਾਵ ਪਾਸ
ਪਿੰਡ ਸੀਚੇਵਾਲ ਵਿਖੇ ਹੋਏ ਇਕੱਠ ਦੌਰਾਨ ਤਲਵੰਡੀ ਮਾਧੋ, ਚੱਕ ਚੇਲਾ, ਰੂਪੇਵਾਲ, ਨਵਾਂ ਪਿੰਡ ਦੋਨੇਵਾਲ, ਵਾੜਾ ਜਗੀਰ, ਗੱਟੀ ਰਾਏਪੁਰ, ਨਿਹਾਲੂਵਾਲ, ਕਾਸੂਪੁਰ, ਖਾਨਪੁਰ, ਮੋਤੀਪੁਰ, ਸੋਹਲ ਖਾਲਸਾ, ਕੋਟਲਾ ਹੇਰਾਂ, ਮਲਸੀਆਂ, ਜਾਣੀਆਂ, ਜਾਣੀਆਂ ਚਾਹਲ, ਗਿਦੜਪਿੰਡੀ ਆਦਿ ਪਿੰਡਾਂ ਦੇ ਹਾਜ਼ਰੀ ਵਿੱਚ ਪ੍ਰਤਾਪ ਸਿੰਘ ਬਾਜਵਾ ਵੱਲੋਂ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਤੇ ਕੀਤੀ ਗਈ ਟਿੱਪਣੀ ਤੇ ਨਿੰਦਾ ਪ੍ਰਸਤਾਵ ਪਾਸ। ਇੱਕਠ ਵਿੱਚ ਇਲਾਕੇ ਦੇ ਸਰਪੰਚਾਂ ਵੱਲੋਂ ਵੱਡੇ ਇਕੱਠ ਨੂੰ ਸੰਬੋਧਨ ਹੁੰਦਿਆ ਸਾਂਝੇ ਤੌਰ ‘ਤੇ ਪ੍ਰਤਾਪ ਸਿੰਘ ਬਾਜਵਾ ਦੀਆਂ ਟਿੱਪਣੀਆਂ ਦਾ ਸਖਤ ਨੋਟਿਸ ਲੈਂਦੇ ਹੋਇਆ ਕਾਂਗਰਸ ਦੀ ਲੀਡਰਸ਼ਿਪ ਤੋਂ ਮੰਗ ਕੀਤੀ ਗਈ ਕਿ ਬਾਜਵਾ ਸੰਤ ਸੀਚੇਵਾਲ ਜੀ ਕੋਲੋਂ ਮਾਫੀ ਮੰਗੇ ਨਹੀ ਤਾਂ ਪਿੰਡਾਂ ਵਿੱਚ ਕੀਤਾ ਜਾਵੇਗਾ ਬਾਈਕਾਟ।