ਲੁਧਿਆਣਾ: ਪੁਲਿਸ ਨੇ ਇੱਕ ਮਹੀਨੇ 'ਚ ਫੜੇ 171 ਨਸ਼ਾ ਤਸਕਰ, ਦਰਜ ਕੀਤੇ 114 ਪਰਚੇ
-ਲਾਗੂ ਕਰਨ, ਰੋਕਥਾਮ, ਜਾਗਰੂਕਤਾ, ਸਿੱਖਿਆ ਅਤੇ ਪੁਨਰਵਾਸ ਦੁਆਰਾ ਨਸ਼ਿਆਂ ਦੀ ਦੁਰਵਰਤੋਂ ਨੂੰ ਰੋਕਣ ਲਈ ਬਹੁ-ਪੱਖੀ ਪਹੁੰਚ
ਸੁਖਮਿੰਦਰ ਭੰਗੂ
ਲੁਧਿਆਣਾ, 4 ਅਪਰੈਲ 2025- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਗਈ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਗੁਰਪ੍ਰੀਤ ਦਿਓ, ਆਈ.ਪੀ.ਐਸ., ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ, ਕਮਿਊਨਿਟੀ ਅਫੇਅਰਸ ਡਿਵੀਜ਼ਨ ਅਤੇ ਮਹਿਲਾ ਮਾਮਲੇ, ਪੰਜਾਬ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਬਹੁ-ਪੱਖੀ ਪਹੁੰਚ ਅਪਣਾ ਕੇ ਨਸ਼ਿਆਂ ਅਤੇ ਤਸਕਰੀ ਵਿਰੁੱਧ ਸਖ਼ਤ ਸਟੈਂਡ ਲਿਆ ਹੈ, ਪਿਛਲੇ ਇੱਕ ਮਹੀਨੇ ਦੌਰਾਨ ਨਸ਼ਾ ਵਿਰੋਧੀ ਮੁਹਿੰਮ ਦੌਰਾਨ, ਲੁਧਿਆਣਾ ਪੁਲਿਸ ਨੇ ਐਨ.ਡੀ.ਪੀ.ਐਸ ਐਕਟ ਦੇ ਤਹਿਤ 114 ਕੇਸ ਦਰਜ ਕਰ ਕੇ 171 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ 4 ਕਿੱਲੋ 313 ਗਰਾਮ ਹੈਰੋਇਨ, 5 ਕਿੱਲੋ 800 ਗਰਾਮ ਅਫ਼ੀਮ , 55 ਕਿੱਲੋ 800 ਗਰਾਮ ਭੁੱਕੀ ਚੂਰਾ ਪੋਸਤ, 1 ਕਿੱਲੋ 970 ਗਰਾਮ ਚਰਸ, 11 ਕਿੱਲੋ 664 ਗਰਾਮ ਗਾਂਜਾ, 23 ਗਰਾਮ ਕੋਕੀਨ, 5330 ਨਸ਼ੀਲੀਆਂ ਗੋਲੀਆਂ/ਕੈਪਸੂਲ ਬਰਾਮਦ ਕੀਤੇ ਗਏ।
ਇਸ ਤੋਂ ਇਲਾਵਾ ਨਸ਼ਾ ਵਿਰੋਧੀ ਮੁਹਿੰਮ ਤਹਿਤ ਪਿਛਲੇ ਮਹੀਨੇ ਐਂਟੀ ਨਾਰਕੋਟਿਕ ਟਾਸਕ ਫੋਰਸ ਅਤੇ ਸਥਾਨਕ ਖ਼ੁਫ਼ੀਆ ਏਜੰਸੀਆਂ ਤੋਂ ਜਾਣਕਾਰੀ ਇਕੱਠੀ ਕਰ ਕੇ ਲਗਭਗ 91 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਲੁਧਿਆਣਾ ਪੁਲਿਸ ਨੇ ਮਾਰਚ 2025 ਦੇ ਮਹੀਨੇ ਵਿੱਚ 68-ਐਫ ਐਨਡੀਪੀਐਸ ਐਕਟ ਦੇ ਤਹਿਤ ਨਸ਼ਾ ਤਸਕਰਾਂ ਨਾਲ ਸਬੰਧਿਤ ਨਜਾਇਜ਼ ਤੌਰ 'ਤੇ ਕਬਜ਼ੇ ਵਾਲੀ 2.80 ਕਰੋੜ ਰੁਪਏ ਦੀ ਕੀਮਤ ਵਾਲੀ ਜਾਇਦਾਦ ਨੂੰ ਫ਼ਰੀਜ ਕਰ ਦਿੱਤਾ ਹੈ। ਰਿਕਵਰੀ ਦੇ ਨਾਲ-ਨਾਲ ਇਹ ਮਹੱਤਵਪੂਰਨ ਗਿਣਤੀ ਵਿੱਚ ਕੇਸ ਅਤੇ ਗ੍ਰਿਫਤਾਰੀਆਂ ਪੁਲਿਸ ਕਾਰਵਾਈਆਂ ਦੀ ਪ੍ਰਭਾਵਸ਼ੀਲਤਾ ਅਤੇ ਸਖਤੀ ਲਾਗੂ ਕਰਨ ਦੁਆਰਾ ਖੇਤਰ ਵਿੱਚ ਨਸ਼ਿਆਂ ਦੇ ਨੈੱਟਵਰਕ ਨੂੰ ਖ਼ਤਮ ਕਰਨ ਦੀ ਵਚਨਬੱਧਤਾ 'ਤੇ ਜ਼ੋਰ ਦਿੰਦੀਆਂ ਹਨ।
ਗੁਰਪ੍ਰੀਤ ਦਿਓ ਨੇ ਨਸ਼ੇ ਦੀ ਤਸਕਰੀ ਦੀ ਰੋਕਥਾਮ ਅਤੇ ਜਾਗਰੂਕਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਜਨਤਾ ਨਾਲ ਵਿਸ਼ਵਾਸ਼ ਪੈਦਾ ਕਰਨ ਦੇ ਉਪਰਾਲੇ ਵਜੋਂ ਅਤੇ ਨਸ਼ਾ ਤਸਕਰਾਂ ਬਾਰੇ ਖੁਫੀਆ ਜਾਣਕਾਰੀ ਇਕੱਠੀ ਕਰਨ ਲਈ, ਲੁਧਿਆਣਾ ਕਮਿਸ਼ਨਰੇਟ ਦੇ ਸਾਰੇ ਜੀ.ਓਜ਼ ਅਤੇ ਐਸ.ਐਚ.ਓਜ਼ ਨੂੰ ਜਨਤਾ ਦੇ ਮੈਂਬਰਾਂ ਨਾਲ "ਸੰਪਰਕ" ਮੀਟਿੰਗਾਂ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਨਤੀਜੇ ਵਜੋਂ, ਲੁਧਿਆਣਾ ਕਮਿਸ਼ਨਰੇਟ ਦੇ 28 ਥਾਣਿਆਂ ਅਤੇ ਪੁਲਿਸ ਚੌਕੀਆਂ ਦੇ ਖੇਤਰਾਂ ਵਿੱਚ ਪਿਛਲੇ ਮਹੀਨੇ ਲਗਭਗ 268 "ਸੰਪਰਕ” ਮੀਟਿੰਗਾਂ ਕੀਤੀਆਂ ਗਈਆਂ ਹਨ।
ਹੌਟਸਪੌਟਸ ਦੀ ਪਛਾਣ ਕਰਨ ਅਤੇ ਉੱਥੇ ਖੁਫੀਆ ਜਾਣਕਾਰੀ ਇਕੱਠੀ ਕਰਨ ਲਈ ਵਿਸ਼ੇਸ਼ ਯਤਨ ਕੀਤੇ ਗਏ ਸਨ।ਇਸ ਤੋਂ ਇਲਾਵਾ, ਵੱਖ-ਵੱਖ ਹੌਟਸਪੌਟ ਖੇਤਰਾਂ ਜਿਵੇਂ ਸਤਿਗੁਰੂ ਨਗਰ, ਘੋੜਾ ਕਲੋਨੀ, ਅੰਬੇਡਕਰ ਨਗਰ, ਪੀਰੂ ਬੰਦਾ ਮੁਹੱਲਾ, ਜਵਾਹਰ ਨਗਰ ਕੈਂਪ ਆਦਿ ਵਿੱਚ 9 CASO ਆਪਰੇਸ਼ਨ ਕੀਤੇ ਗਏ ਅਤੇ ਵੱਖ-ਵੱਖ ਸਰਕਾਰੀ ਵਿੱਚ ਸਕੂਲਾਂ (196) ਅਤੇ ਕਾਲਜ (39) ਵਿੱਚ ਨੌਜਵਾਨਾਂ ਨੂੰ ਨਸ਼ਿਆਂ ਦੀ ਦੁਰਵਰਤੋਂ ਬਾਰੇ ਜਾਗਰੂਕ ਕਰਨ ਲਈ ਕੁੱਲ 235 ਨਸ਼ਾ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤੇ ਗਏ। ਇਸ ਤੋਂ ਇਲਾਵਾ ਹੋਰ ਵਿਭਾਗਾਂ ਨਾਲ ਤਾਲਮੇਲ ਵੀ ਬਣਾਏ ਗਏ। ਦਵਾਈਆਂ ਦੀ ਗੈਰ-ਕਾਨੂੰਨੀ ਵਿਕਰੀ ਸਬੰਧੀ ਕੈਮਿਸਟਾਂ ਦੀਆਂ ਦੁਕਾਨਾਂ ਦੀ ਜਾਂਚ ਕਰਨ ਲਈ ਡਰੱਗ ਇੰਸਪੈਕਟਰਾਂ ਨਾਲ ਸਾਂਝੇ ਛਾਪੇ ਮਾਰੇ ਗਏ ਅਤੇ ਨਸ਼ਾ ਛੁਡਾਉ/ਮੁੜ ਵਸੇਬਾ ਕੇਂਦਰਾਂ ਦੇ ਪ੍ਰਭਾਵਸ਼ਾਲੀ ਕੰਮਕਾਜ ਲਈ ਸਿਹਤ ਵਿਭਾਗ ਨਾਲ ਸਹੀ ਤਾਲਮੇਲ ਕੀਤਾ ਗਿਆ ਹੈ।
ਇਸ ਤੋਂ ਇਲਾਵਾ, ਇੱਕ ਫੈਸਲਾਕੁੰਨ ਕਦਮ ਚੁੱਕਦਿਆਂ, ਪਿਛਲੇ ਇੱਕ ਮਹੀਨੇ ਵਿੱਚ, ਪੁਲਿਸ ਨੇ ਰੇਲਵੇ ਵਿਭਾਗ ਅਤੇ ਨਗਰ ਨਿਗਮ, ਲੁਧਿਆਣਾ ਨਾਲ ਤਾਲਮੇਲ ਕਰਕੇ, ਸਰਕਾਰੀ ਜ਼ਮੀਨਾਂ 'ਤੇ ਨਸ਼ਾ ਤਸਕਰਾਂ ਦੀਆਂ 4 ਨਾਜਾਇਜ਼ ਉਸਾਰੀਆਂ ਨੂੰ ਢਾਹੁਣ ਵਿੱਚ ਮਦਦ ਕੀਤੀ ਹੈ।ਇਹ ਬਹੁ-ਪੱਖੀ ਪਹੁੰਚ ਲੁਧਿਆਣਾ ਨੂੰ ਨਸ਼ਾ ਮੁਕਤ ਬਣਾਉਣ ਦੇ ਮਿਸ਼ਨ ਵਿੱਚ ਲੋਕਾਂ ਦੀ ਸਰਗਰਮ ਭਾਗੀਦਾਰੀ ਦੇ ਨਾਲ ਜਾਗਰੂਕਤਾ, ਸਿੱਖਿਆ ਅਤੇ ਪੁਨਰਵਾਸ ਦੁਆਰਾ ਨਸ਼ਿਆਂ ਦੀ ਦੁਰਵਰਤੋਂ ਨੂੰ ਰੋਕਣ ਲਈ ਲੁਧਿਆਣਾ ਪੁਲਿਸ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।