Education News: ਪੰਜਾਬ ਸਰਕਾਰ ਵੱਲੋਂ 'ਸਕੂਲ ਮੈਂਟਰਸ਼ਿਪ ਪ੍ਰੋਗਰਾਮ' ਸ਼ੁਰੂ; IAS & IPS ਅਫ਼ਸਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਕਰਨਗੇ ਮਾਰਗਦਰਸ਼ਨ
ਆਈ.ਏ.ਐਸ., ਆਈ.ਪੀ.ਐਸ., ਆਈ.ਐਫ.ਐਸ. ਅਧਿਕਾਰੀ ਵਿਦਿਆਰਥੀਆਂ ਨੂੰ ਆਪਣੀ ਜ਼ਿੰਦਗੀ ਦੇ ਵੱਡੇ ਟੀਚੇ ਮਿੱਥਣ ਲਈ ਕਰਨਗੇ ਪ੍ਰੇਰਿਤ: ਹਰਜੋਤ ਸਿੰਘ ਬੈਂਸ
ਇੱਛੁਕ ਅਧਿਕਾਰੀ 20 ਅਪ੍ਰੈਲ ਤੱਕ ਗੂਗਲ ਫਾਰਮ ਭਰ ਕੇ ਸਕੂਲ ਦੀ ਚੋਣ ਕਰ ਸਕਦੇ ਹਨ: ਸਿੱਖਿਆ ਮੰਤਰੀ
ਚੰਡੀਗੜ੍ਹ, 4 ਅਪ੍ਰੈਲ 2025- ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਲਾਨ ਕੀਤਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਮਰੱਥ ਬਣਾਉਣ ਦੀ ਦਿਸ਼ਾ ਵਿੱਚ ਨਿਵੇਕਲਾ ਤੇ ਅਹਿਮ ਕਦਮ ਚੁੱਕਦਿਆਂ ਸੂਬਾ ਸਰਕਾਰ ਵੱਲੋਂ ਦੇਸ਼ ਭਰ ਵਿੱਚ ਆਪਣੀ ਕਿਸਮ ਦਾ ਪਹਿਲਾ "ਸਕੂਲ ਮੈਂਟਰਸ਼ਿਪ ਪ੍ਰੋਗਰਾਮ" ਸ਼ੁਰੂ ਕੀਤਾ ਗਿਆ ਹੈ, ਜਿਸ ਵਿੱਚ ਵਿਦਿਆਰਥੀਆਂ ਨੂੰ ਆਪਣੀ ਜ਼ਿੰਦਗੀ ਦੇ ਵੱਡੇ ਟੀਚੇ ਮਿੱਥਣ ਲਈ ਪ੍ਰੇਰਿਤ ਅਤੇ ਮਾਰਗਦਰਸ਼ਨ ਕਰਨ ਵਾਸਤੇ ਸੀਨੀਅਰ ਆਈਏਐੱਸ ਤੇ ਆਈਪੀਐੱਸ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ।
ਅੱਜ ਇੱਥੇ ਪੰਜਾਬ ਭਵਨ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਮੀਡੀਆ ਨੂੰ ਸੰਬੋਧਨ ਕਰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਸ ਪ੍ਰੋਗਰਾਮ ਤਹਿਤ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੇਂਡੂ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਅਤੇ ਵਿਦਿਆਰਥੀਆਂ ਦਾ ਜੀਵਨ ਵਿੱਚ ਉੱਤਮਤਾ ਹਾਸਲ ਕਰਨ ਲਈ ਮਾਰਗਦਰਸ਼ਨ ਕਰਨ ਵਾਸਤੇ ਆਈ.ਏ.ਐਸ., ਆਈ.ਪੀ.ਐਸ., ਆਈ.ਐਫ.ਐਸ. ਅਤੇ ਹੋਰ ਸਿਵਲ ਅਧਿਕਾਰੀਆਂ ਨੂੰ ਸੱਦਾ ਦਿੱਤਾ ਗਿਆ ਹੈ।
ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਹਰ ਸਫ਼ਲ ਬੱਚੇ ਦੇ ਪਿੱਛੇ ਕੋਈ ਨਾ ਕੋਈ ਅਜਿਹਾ ਵਿਅਕਤੀ ਹੁੰਦਾ ਹੈ ਜਿਸ ਨੇ ਉਸ ਬੱਚੇ ਵਿੱਚ ਕਦੇ ਨਾ ਕਦੇ ਆਪਣਾ ਵਿਸ਼ਵਾਸ ਜਤਾਇਆ ਸੀ। ਇਸ ਪ੍ਰੋਗਰਾਮ ਰਾਹੀਂ ਸਫ਼ਲ ਅਧਿਕਾਰੀ ਅਜਿਹੇ ਸਕੂਲਾਂ ਦੇ ਰਾਹ ਦਸੇਰੇ ਬਣਨਗੇ। ਇਹ ਕਾਰਜ ਸਿਵਲ ਅਧਿਕਾਰੀਆਂ ਲਈ ਪ੍ਰਸ਼ਾਸਕੀ ਫ਼ਰਜ਼ਾਂ ਦੇ ਨਾਲ-ਨਾਲ ਵਿਦਿਆਰਥੀਆਂ ਦੀਆਂ ਜ਼ਿੰਦਗੀਆਂ ਨੂੰ ਰੁਸ਼ਨਾਉਣ ਦਾ ਮੌਕਾ ਹੈ।
ਪ੍ਰੋਗਰਾਮ ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕਰਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਮਾਰਗਦਰਸ਼ਨ ਕਰਨ ਲਈ ਸੀਨੀਅਰ ਨੌਕਰਸ਼ਾਹ ਸਵੈ-ਇੱਛਾ ਨਾਲ ਇੱਕ ਸਰਕਾਰੀ ਸਕੂਲ ਦੀ ਚੋਣ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਅਧਿਕਾਰੀ ਵਿਦਿਆਰਥੀਆਂ, ਅਧਿਆਪਕਾਂ ਅਤੇ ਪ੍ਰਿੰਸੀਪਲਾਂ ਨਾਲ ਜੁੜਨਗੇ ਤਾਂ ਜੋ ਵਿਦਿਆਰਥੀਆਂ ਨੂੰ ਵੱਡੇ ਸੁਪਨੇ ਦੇਖਣ ਅਤੇ ਮਹੱਤਵਪੂਰਨ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਜਾ ਸਕੇ। ਇਸ ਨਾਲ ਅਧਿਆਪਕਾਂ ਨੂੰ ਨਵੀਨਤਾਕਾਰੀ ਸਿੱਖਿਆ ਪ੍ਰਣਾਲੀ ਅਪਣਾਉਣ ਵਿੱਚ ਸਹਾਇਤਾ ਮਿਲੇਗੀ ਅਤੇ ਸਕੂਲ ਦੇ ਬੁਨਿਆਦੀ ਢਾਂਚੇ, ਸਰੋਤਾਂ ਅਤੇ ਮੌਕਿਆਂ ਵਿੱਚ ਸੁਧਾਰ ਲਿਆਉਣ ਲਈ ਉਨ੍ਹਾਂ ਦੇ ਤਜ਼ਰਬੇ ਅਤੇ ਨੈੱਟਵਰਕ ਦੀ ਵਰਤੋਂ ਕੀਤੀ ਜਾ ਸਕੇਗੀ।
ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਅਧਿਕਾਰੀਆਂ ਨੂੰ ਦੂਰ-ਦੁਰਾਡੇ, ਪੇਂਡੂ ਜਾਂ ਚੁਣੌਤੀਪੂਰਨ ਸਥਿਤੀਆਂ ਵਾਲੇ ਸਕੂਲਾਂ ਨੂੰ ਚੁਣਨ ਲਈ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਇੱਕ ਵਾਰ ਸਕੂਲ ਚੁਣਨ ਬਾਅਦ ਅਧਿਕਾਰੀ ਘੱਟੋ-ਘੱਟ ਪੰਜ ਸਾਲਾਂ ਲਈ ਮਾਰਗਦਰਸ਼ਨ ਕਰਨਗੇ ਜੋ ਲੰਬੇ ਸਮੇਂ ਲਈ ਆਪਣੀ ਸ਼ਮੂਲੀਅਤ ਅਤੇ ਸਲਾਹ ਦੇਣ ਨੂੰ ਯਕੀਨੀ ਬਣਾਉਣਗੇ। ਉਨ੍ਹਾਂ ਅੱਗੇ ਕਿਹਾ ਕਿ ਇਹ ਅਧਿਕਾਰੀ ਆਪਣੇ ਤਬਾਦਲਿਆਂ ਅਤੇ ਤਾਇਨਾਤੀਆਂ ਦੇ ਬਾਵਜੂਦ ਸਬੰਧਤ ਸਕੂਲਾਂ ਦੇ ਮੈਂਟਰ ਦੀ ਭੂਮਿਕਾ ਨਿਭਾਉਂਦੇ ਰਹਿਣਗੇ।
ਉਨ੍ਹਾਂ ਅੱਗੇ ਦੱਸਿਆ ਕਿ ਸਿਵਲ ਸਰਵਿਸ ਅਫ਼ਸਰ ਆਪਣੇ ਨਾਲ ਵਿਸ਼ਾਲ ਤਜਰਬਾ, ਪ੍ਰਸ਼ਾਸਨ ਚਲਾਉਣ ਦਾ ਅਨੁਭਵ ਅਤੇ ਉੱਤਮਤਾ ਦਾ ਟਰੈਕ ਰਿਕਾਰਡ ਲੈ ਕੇ ਆਉਂਦੇ ਹਨ। ਉਨ੍ਹਾਂ ਦਾ ਅਨੁਭਵ ਵਿਦਿਆਰਥੀਆਂ ਨੂੰ ਆਈ.ਆਈ.ਟੀਜ਼, ਏਮਜ਼, ਐਨ.ਡੀ.ਏ. ਅਤੇ ਯੂ.ਪੀ.ਐਸ.ਸੀ. ਵਰਗੇ ਸੰਸਥਾਨਾਂ ਵੱਲ ਧਿਆਨ ਦੇਣ ਲਈ ਪ੍ਰੇਰਿਤ ਕਰ ਸਕਦਾ ਹੈ, ਜਦੋਂ ਕਿ ਉਨ੍ਹਾਂ ਦੇ ਨੈੱਟਵਰਕ ਸਕੂਲਾਂ ਨੂੰ ਸਰੋਤਾਂ, ਭਾਈਵਾਲੀ ਅਤੇ ਨਵੇਂ ਸਿੱਖਣ ਦੇ ਮੌਕਿਆਂ ਤੱਕ ਪਹੁੰਚ ਕਰਨ ਵਿੱਚ ਮਦਦ ਕਰ ਸਕਦੇ ਹਨ।
ਅਧਿਕਾਰੀਆਂ ਨੂੰ ਸਰਕਾਰੀ ਸਕੂਲਾਂ ਨੂੰ ਚੁਣਨ ਦੀ ਅਪੀਲ ਕਰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮਾਨਸਾ ਦੇ ਸਕੂਲ, ਫਾਜ਼ਿਲਕਾ ਦੇ ਪਿੰਡ ਜਾਂ ਤਰਨ ਤਾਰਨ ਦੇ ਸਰਹੱਦੀ ਜ਼ਿਲ੍ਹੇ ਦੇ ਹਰ ਬੱਚੇ ਦੇ ਭਵਿੱਖੀ ਸੁਪਨੇ ਹੁੰਦੇ ਹਨ, ਪਰ ਉਹਨਾਂ ਕੋਲ ਅਕਸਰ ਮਾਰਗਦਰਸ਼ਨ ਦੀ ਘਾਟ ਹੁੰਦੀ ਹੈ ਅਤੇ ਸਿਵਲ ਅਫ਼ਸਰਾਂ ਦੀ ਸੇਧ ਉਹਨਾਂ ਨੂੰ ਨਵੀਂ ਦਿਸ਼ਾ ਪ੍ਰਦਾਨ ਕਰ ਸਕਦੀ ਹੈ। ਉਹਨਾਂ ਅੱਗੇ ਕਿਹਾ ਕਿ ਸਿਰਫ਼ ਇੱਕ ਸੈਸ਼ਨ, ਇੱਕ ਸਕਾਲਰਸ਼ਿਪ ਜਾਂ ਇੱਕ ਯੂਨੀਵਰਸਿਟੀ ਦੌਰੇ ਰਾਹੀਂ ਨੌਕਰਸ਼ਾਹ ਕਿਸੇ ਬੱਚੇ ਦੇ ਭਵਿੱਖ ਨੂੰ ਬਦਲ ਸਕਦੇ ਹਨ।
ਉਨ੍ਹਾਂ ਕਿਹਾ ਕਿ ਅਨੁਭਵੀ ਅਧਿਕਾਰੀ ਆਪਣੇ ਸਕੂਲ ਦਾ ਦੌਰਾ ਕਰਨਗੇ ਅਤੇ ਉਨ੍ਹਾਂ ਨਾਲ ਸਹਿਯੋਗ ਕਰਨਗੇ ਅਤੇ ਵਿਦਿਆਰਥੀਆਂ ਦੀ ਕਰੀਅਰ ਕਾਉਂਸਲਿੰਗ, ਐਕਸਪੋਜ਼ਰ ਵਿਜ਼ਿਟ, ਨਵੀਨਤਾਕਾਰੀ ਸਿੱਖਿਆ ਪ੍ਰਣਾਲੀ ਲਈ ਅਧਿਆਪਕਾਂ ਦੀ ਸਿਖਲਾਈ, ਸਕੂਲ ਵਿੱਚ ਮਾਪਿਆਂ ਦੀ ਭਾਗੀਦਾਰੀ ਵਧਾਉਣਾ, ਨਵੀਨਤਾਕਾਰੀ ਵਿਚਾਰਾਂ ਨੂੰ ਉਭਾਰਨਾ ਅਤੇ ਸਕੂਲਾਂ ਦੇ ਸਿੱਖਣ ਦੇ ਵਾਤਾਵਰਣ ਨੂੰ ਹੋਰ ਬਿਹਤਰ ਬਣਾਉਣ ਵਿੱਚ ਸਹਾਇਤਾ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਇਹ ਪਹੁੰਚ ਨਤੀਜਾ-ਮੁਖੀ ਹੋਵੇਗੀ।
ਦੱਸਣਯੋਗ ਹੈ ਕਿ ਅਨੁਭਵੀ ਅਧਿਕਾਰੀਆਂ ਦੇ ਯਤਨਾਂ ਦਾ ਸਨਮਾਨ ਕਰਨ ਲਈ ਰਾਜ-ਪੱਧਰੀ ਸਿੱਖਿਆ ਸਮਾਗਮਾਂ ਵਿੱਚ ਉਹਨਾਂ ਦੇ ਸ਼ਾਨਦਾਰ ਯੋਗਦਾਨਾਂ ਨੂੰ ਮਾਨਤਾ ਦਿੱਤੀ ਜਾਵੇਗੀ। ਇੱਛੁਕ ਅਧਿਕਾਰੀ 20 ਅਪ੍ਰੈਲ, 2025 ਤੱਕ ਗੂਗਲ ਫਾਰਮ (ਲਿੰਕ: https://forms.gle/V4kcHjjVfsomdJz9A) ਭਰ ਕੇ ਕਿਸੇ ਵੀ ਸਕੂਲ ਦੀ ਚੋਣ ਕਰ ਸਕਦੇ ਹਨ।