ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਗੁਰਪਤਵੰਤ ਪੰਨੂ ਨੂੰ ਕੀਤਾ ਚੈਲੰਜ, ਕਿਹਾ- ਜੇ ਹਿੰਮਤ ਹੈ ਤਾਂ ਪੰਜਾਬ ਦੀ ਧਰਤੀ 'ਤੇ ਆ ਕੇ ਮੁੜ ਦੁਹਰਾਏ ਇਹ ਬਿਆਨ
ਪੰਜਾਬ ਭਰ ਵਿਚ 14 ਅਪ੍ਰੈਲ ਨੂੰ ਆਮ ਆਦਮੀ ਪਾਰਟੀ ਬਾਬਾ ਸਾਹਿਬ ਅੰਬੇਡਕਰ ਦੀ ਜੈਯੰਤੀ ਮੌਕੇ ਹੋਵੇਗੀ ਨਤਮਸਤਕ
ਚੰਡੀਗੜ੍ਹ/ਅੰਮ੍ਰਿਤਸਰ 4 ਅਪ੍ਰੈਲ 2025-ਪੰਜਾਬ ਦੇ ਕੈਬਿਨਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਡਾਕਟਰ ਭੀਮ ਰਾਓ ਅੰਬੇਡਕਰ ਦੇ ਬੁੱਤ ਨੂੰ ਢਹਿਢੇਰੀ ਕਰਨ ਸਬੰਧੀ ਗੁਰਪਤਵੰਤ ਪੰਨੂ ਵਲੋਂ ਦਿੱਤੇ ਬਿਆਨ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ਦਲਿਤ ਵਿਰੋਧੀ, ਸੰਵਿਧਾਨ ਵਿਰੋਧੀ ਅਤੇ ਦੇਸ਼ ਵਿਰੋਧੀ ਕਰਾਰ ਦਿੰਦਿਆਂ ਗੁਰਪਤਵੰਤ ਪੰਨੂ ਨੂੰ ਚੁਣੌਤੀ ਦਿੱਤੀ ਕਿ ਜੇਕਰ ਉਸ ਵਿਚ ਹਿੰਮਤ ਹੈ ਤਾਂ ਇਹ ਬਿਆਨ ਪੰਜਾਬ ਦੀ ਧਰਤੀ ਤੇ ਆ ਕੇ ਦੁਹਰਾਏ । ਪੰਨੂੰ ਨੂੰ ਦੇਸ਼ ਵਿਰੋਧੀ ਕਰਾਰ ਦਿੰਦਿਆਂ ਹਰਭਜਨ ਸਿੰਘ ਈ.ਟੀ.ਓ ਨੇ ਕੇਦਰ ਸਰਕਾਰ ਤੋਂ ਮੰਗ ਕੀਤੀ ਕਿ ਇਸ ਗੱਦਾਰ ਅਤੇ ਕਾਇਰਾ ਵਿਅਕਤੀ ਵਿਰੁੱਧ ਤੁਰੰਤ ਕਾਰਵਾਈ ਕਰਕੇ ਵਾਪਸ ਭਾਰਤ ਲਿਆ ਕੇ ਜੇਲਾਂ ਵਿਚ ਡੱਕਿਆ ਜਾਵੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ ਪੰਨੂ ਵਰਗਾ ਦੇ਼ਸ ਵਿਰੋਧੀ ਅਜਿਹੇ ਬਿਆਨਾਂ ਰਾਹੀ ਪੰਜਾਬ ਵਿਚ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਵਿਗਾੜਨ ਦੀ ਕੋਸ਼ਿਸ ਕਰ ਰਿਹਾ ਹੈ,ਜਿਸ ਦਾ ਜਵਾਬ ਆਉਣ ਵਾਲੀ 14 ਅਪ੍ਰੈਲ ਨੂੰ ਬਾਬਾ ਸਾਹਿਬ ਅੰਬੇਡਕਰ ਦੀ ਜੈਯੰਤੀ ਮੌਕੇ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਅਤੇ ਪੰਜਾਬ ਦੇ ਲੋਕ ਬਾਬਾ ਸਾਹਿਬ ਦੇ ਬੁੱਤ ਸਾਹਮਣੇ ਨਤਮਸਤਕ ਹੋ ਕੇ ਮੂੰਹ ਤੋੜਵਾਂ ਜਵਾਬ ਦੇਣਗੇ। ਉਨਾਂ ਕਿਹਾ ਕਿ ਬਾਬਾ ਸਾਹਿਬ ਦਾ ਜੀਵਨ ਦਲਿਤਾਂ ਦੇ ਜੀਵਨ ਪੱਧਰ ਨੂੰ ਉਚਾ ਚੁੱਕਣ ,ਸਿੱਖਿਆ ਅਤੇ ਸੰਵਿਧਾਨ ਦੁਆਰਾ ਦਿੱਤੇ ਅਧਿਕਾਰਾਂ ਦੀ ਹਮੇਸ਼ਾ ਪੈਰਵੀ ਕੀਤੀ ਹੈ।
ਉਨ੍ਹਾਂ ਕਿਹਾ ਅਜਿਹੇ ਵਿਚ ਸਾਰੇ ਧਰਮਾਂ ਜਾਤਾਂ ਦੇ ਲੋਕਾਂ ਨੂੰ ਵੋਟ ਦਾ ਅਧਿਕਾਰ ਸਮੇਤ ਮੋਲਿਕ ਅਧਿਕਾਰ ਵੀ ਦਿੱਤੇ ਹਨ। ਇਸ ਕਰਕੇ ਸਮੁੱਚਾ ਦੇਸ਼ ਉਂਨਾਂ ਨੂੰ ਆਪਣਾ ਆਦਰਸ਼ ਮੰਨਦਾ ਹੈ। ਉਨਾਂ ਕਿਹਾ ਕਿ ਇਸ ਦੇ਼ਸ ਵਿਰੋਧੀ ਦੇ ਬਿਆਨਾਂ ਨਾਲ ਪੰਜਾਬ ਦੀ ਧਰਤੀ ਤੇ ਨਫਰਤ ਦੇ ਬੀਜ ਕਦੇ ਵੀ ਬੀਜੇ ਨਹੀ ਜਾ ਸਕਦੇ। ਉਨਾਂ ਕਿਹਾ ਕਿ ਇਹ ਹਰ ਸਮੇ ਕੁਝ ਖਾਸ ਮੌਕਿਆਂ ਤੇ ਅਜਿਹੇ ਬਿਆਨ ਦੇ ਕੇ ਸਾਡੇ ਦੇਸ਼ ਅਤੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਵਿਗਾੜਨ ਦੀ ਕੋਸ਼ਿਸ ਕਰਦਾ ਹੈ। ਉਨਾਂ ਕਿਹਾ ਕਿ ਸਾਡੇ ਧਰਮਾਂ ਨੇ ਸਾਨੂੰ ਹਮੇਸ਼ਾਂ ਹੀ ਸਰਬੱਤ ਦੇ ਭਲੇ ਦੀ ਅਰਦਾਸ ਕਰਨੀ ਸਿਖਾਈ ਹੈ ਅਤੇ ਸਾਰੇ ਲੋਕਾਂ ਨੂੰ ਬਰਾਬਰੀ ਦਾ ਅਧਿਕਾਰ ਦਿੱਤਾ ਹੈ।