ਬਰਖਾਸਤ ਹੈਡ ਕਾਂਸਟੇਬਲ ਅਮਨਦੀਪ ਕੌਰ ਦੀ ਪੇਸ਼ੀ ਮੌਕੇ ਅਦਾਲਤ ’ਚ ਥੱਪੜੋ-ਥੱਪੜੀ ਹੋਏ ਪਤੀ ਪਤਨੀ
ਅਸ਼ੋਕ ਵਰਮਾ
ਬਠਿੰਡਾ, 4 ਅਪ੍ਰੈਲ 2025: ਵੀਰਵਾਰ ਤੋਂ ਪੰਜਾਬ ਭਰ ਵਿੱਚ ਚਰਚਾ ਦਾ ਵਿਸ਼ਾ ਬਣੀ ਪੰਜਾਬ ਪੁਲਿਸ ਦੀ ਬਰਖਾਸਤ ਲੇਡੀ ਹੈਡ ਕਾਂਸਟੇਬਲ ਅਮਨਦੀਪ ਕੌਰ ਦੀ ਅੱਜ ਪੇਸ਼ੀ ਦੌਰਾਨ ਬਠਿੰਡਾ ਅਦਾਲਤ ’ਚ ਪਤੀ ਪਤਨੀ ਥੱਪੜੋ ਥਪੜੀ ਹੋ ਗਏ ਜਿਸ ਕਾਰਨ ਲੰਮਾਂ ਸਮਾਂ ਹਾਈਪ੍ਰੋਫਾਈਲ ਡਰਾਮਾ ਦੇਖਣ ਨੂੰ ਮਿਲਿਆ। ਝਗੜਾ ਕਰਨ ਵਾਲਿਆਂ ’ਚ ਅਮਨਦੀਪ ਕੌਰ ਦੇ ਕਥਿਤ ਦੋਸਤ ਬਲਵਿੰਦਰ ਸਿੰਘ ਉਰਫ ਸੋਨੂੰ ਅਤੇ ਉਸ ਦੀ ਪਤਨੀ ਗੁਰਮੇਲ ਕੌਰ ਉਰਫ ਗਗਨ ਸ਼ਾਮਲ ਹਨ ਜਿੰਨ੍ਹਾਂ ਨੂੰ ਛੁਡਾਉਣ ਲਈ ਪੁਲਿਸ ਮੁਲਾਜਮਾਂ ਦੇ ਪਸੀਨੇ ਛੁੱਟ ਗਏ।
ਜਾਣਕਾਰੀ ਅਨੁਸਾਰ ਮਾਮਲਾ ਕੁੱਝ ਇਸ ਤਰਾਂ ਹੈ ਕਿ ਅੱਜ ਬੁੱਧਵਾਰ ਸ਼ਾਮ ਨੂੰ ਚਿੱਟੇ ਸਮੇਤ ਗ੍ਰਿਫਤਾਰ ਲੇਡੀ ਹੈਡ ਕਾਂਸਟੇਬਲ ਅਮਨਦੀਪ ਕੌਰ ਦਾ ਇੱਕ ਰੋਜਾ ਰਿਮਾਂਡ ਖਤਮ ਹੋਣ ਤੇ ਪੁਲਿਸ ਉਸ ਨੂੰ ਅਦਾਲਤ ’ਚ ਪੇਸ਼ ਕਰਨ ਲਈ ਲਿਆਈ ਸੀ। ਇਸ ਮੌਕੇ ਬਲਵਿੰਦਰ ਸਿੰਘ ਸੋਨੂੰ ਅਤੇ ਗੁਰਮੀਤ ਕੌਰ ਦੇ ਨਾਲ ਉਸ ਦੇ ਬੱਚੇ ਵੀ ਆਏ ਹੋਏ ਸਨ। ਅਚਾਨਕ ਕਿਸੇ ਗੱਲ ਤੋਂ ਪਤੀ ਪਤਨੀ ’ਚ ਤਕਰਾਰ ਹੋ ਗਈ ਜਿਸ ਤੋਂ ਬਾਅਦ ਦੋਵੇਂ ਆਪਸ ’ਚ ਉਲਝ ਗਏ ਅਤੇ ਇੱਕ ਦੂਸਰੇ ਤੇ ਥੱਪੜਾਂ ਦੀ ਬਰਸਾਤ ਕਰ ਦਿੱਤੀ।
ਦੋਵਾਂ ਨੂੰ ਲੜਦਿਆਂ ਦੇਖ ਪੁਲਿਸ ਮੁਲਾਜਮ ਅੱਗੇ ਆਏ ਪਰ ਉਨ੍ਹਾਂ ਨੂੰ ਵੀ ਕਾਫੀ ਮੁਸ਼ੱਕਤ ਕਰਨੀ ਪਈ। ਆਪਣੀ ਮਾਂ ਨੂੰ ਕੁਟਦਿਆਂ ਦੇਖ ਗਗਨ ਦੀ ਬੇਟੀ ਨੇ ਵੀ ਆਪਣੇ ਪਿਤਾ ਦੇ ਮਾਰਨ ਦੀ ਕਸ਼ਿਸ਼ ਕੀਤੀ। ਇਸ ਮੌਕੇ ਬਲਵਿੰਦਰ ਦੀ ਪਤਨੀ ਗੁਰਮੀਤ ਕੌਰ ਉਰਫ਼ ਗਗਨ ਨੇ ਦੋਸ਼ ਲਾਇਆ ਕਿ ਉਸਦਾ ਪਤੀ ਸਾਲ 2022 ਤੋਂ ਬਿਨ੍ਹਾਂ ਉਸਨੂੰ ਤਲਾਕ ਜਾਂ ਖ਼ਰਚੇ ਦਿੱਤਿਆਂ ਮਹਿਲਾ ਪੁਲਿਸ ਮੁਲਾਜਮ ਅਮਨਦੀਪ ਕੌਰ ਦੇ ਨਾਲ ਰਹਿ ਰਿਹਾ ਹੈ। ਗਗਨ ਨੇ ਹੋਰ ਵੀ ਵੱਖ ਵੱਖ ਤਰਾਂ ਦੇ ਤੱਥ ਸਾਹਮਣੇ ਰੱਖੇ ਜਿੰਨ੍ਹਾਂ ਨੇ ਬਲਦੀ ਤੇ ਤੇਲ ਪਾਉਣ ਦਾ ਕੰਮ ਕੀਤਾ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਬਲਵਿੰਦਰ ਸਿੰਘ ਸੋਨੂੰ ਦਾ ਕਹਿਣਾ ਸੀ ਕਿ ਗੁਰਮੀਤ ਕੌਰ ਬਲੈਕਮੇਲ ਕਰਨ ਦੀ ਆਦੀ ਹੈ । ਉਨ੍ਹਾਂ ਦੱਸਿਆ ਕਿ ਇਸਦੇ ਖਿਲਾਫ ਸਿਰਸਾ ਜ਼ਿਲ੍ਹੇ ਵਿਚ ਕਈ ਮੁਕੱਦਮੇ ਦਰਜ਼ ਹਨ। ਉਨ੍ਹਾਂ ਪੁਲਿਸ ਦੇ ਕੁੱਝ ਅਧਿਕਾਰੀਆਂ ਉਪਰ ਵੀ ਗੁਰਮੀਤ ਕੌਰ ਦੀ ਮਦਦ ਕਰਨ ਦੇ ਦੋਸ਼ ਲਾਏ ਹਨ।