ਸਿੱਖਿਆ ਤੇ ਸਿੱਖੀ ਦੇ ਪ੍ਰਸਾਰ ਤੇ ਪ੍ਰਚਾਰ ਚ -ਸ਼ੀ੍ ਗੁਰੂ ਅੰਗਦ ਦੇਵ ਜੀ ਦਾ ਯੋਗਦਾਨ
--------------------------
ਸਿੱਖ ਧਰਮ ਦੇ ਵਿਕਾਸ ਵਿੱਚ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਵੱਡਾ ਯੋਗਦਾਨ ਰਿਹਾ ਹੈ।ਉਨਾਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਿਸ਼ੇਸ਼ ਉਪਰਾਲੇ ਕੀਤੇ।ਸੇਵਾ,ਸ਼ਰਧਾ,ਸਮਰਪਣ ਤੇ ਭਗਤੀ ਦੇ ਪੁੰਜ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ 31ਮਾਰਚ1504 ਈ:ਨੂੰ ਜਿ਼ਲਾ ਮੁਕਤਸਰ ਦੇ ਪਿੰਡ ਮੱਤੇ ਸਰਾਂ ਵਿਖੇ ਹੋਇਆ।ਉਨਾ ਦਾ ਪਹਿਲਾ ਨਾਮ ਭਾਈ ਲਹਿਣਾ ਸੀ।ਉਨਾਂ ਦੇ ਮਾਤਾ ਜੀ ਦਾ ਨਾਂ ਮਾਤਾ ਦਯਾ ਜੀ ਅਤੇ ਪਿਤਾ ਜੀ ਦਾ ਨਾਂ ਭਾਈ ਫੇਰੂ ਮੱਲ ਸੀ।ਭਾਈ ਲਹਿਣਾ ਜੀ ਮਾਤਾ ਪਿਤਾ ਦੇ ਲਾਡਲੇ ਪੁੱਤਰ ਸਨ।ਵੀਹ ਕੁ ਸਾਲ ਦੀ ਉਮਰ ਵਿੱਚ ਭਾਈ ਲਹਿਣਾ ਜੀ ਨੇ ਆਪਣੇ ਪਿਤਾ ਨਾਲ ਕਾਰੋਬਾਰ ਕਰਨਾ ਸ਼ੁਰੂ ਕਰ ਦਿੱਤਾ।ਸ੍ਰੀ ਗੁਰੂ ਅੰਗਦ ਦੇਵ ਜੀ ਦਾ ਵਿਆਹ ਸੰਨ 1520 ਈ: ਚ ਬੀਬੀ ਖੀਵੀ ਜੀ ਨਾਲ ਹੋਇਆ।ਸ੍ਰੀ ਗੁਰੂ ਅੰਗਦ ਦੇਵ ਜੀ ਦੇ ਘਰ 4 ਬੱਚੇ ਹੋਏ।ਜਿਨ੍ਹਾਂ ਵਿੱਚੋਂ ਦੋ ਪੁੱਤਰ ਦਾਸੂ ਜੀ ਤੇ ਦਾਤੂ ਜੀ ਅਤੇ ਦੋ ਸਪੁੱਤਰੀਆਂ ਬੀਬੀ ਅਮਰੋ ਜੀ ਤੇ ਬੀਬੀ ਅਨੋਖੀ ਜੀ ਪੈਦਾ ਹੋਏ।
ਪਿਤਾ ਜੀ ਦੇ ਚਲਾਣੇ ਤੋਂ ਪਿੱਛੋਂ ਭਾਈ ਲਹਿਣਾ ਜੀ ਨੇ ਖਡੂਰ ਸਾਹਿਬ ਹੱਟੀ ਪਾ ਲਈ ਤੇ ਨਾਲ ਸ਼ਾਹੂਕਾਰਾ ਵੀ ਕਰਨ ਲੱਗ ਪਏ।ਇਤਿਹਾਸ ਮੁਤਾਬਕ 1531 ਈਸਵੀ ਤੱਕ ਭਾਈ ਲਹਿਣਾ ਜੀ ਜਵਾਲਾ ਮੁਖੀ ਦੇਵੀ ਦੀ ਪੂਜਾ ਲਈ ਜਥੇ ਬਣਾ ਬਣਾ ਯਾਤਰਾ ਲਈ ਜਾਂਦੇ ਰਹੇ।1532 ਈਸਵੀ ਵਿੱਚ ਅਜੇ ਜੱਥਾ ਲਿਜਾਣ ਦੀ ਤਿਆਰੀ ਵਿੱਚ ਸਨ ਕੇ ਭਾਈ ਲਹਿਣਾ ਜੀ ਦੇ ਕੰਨਾਂ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੀਆਂ ਕੁਝ ਸੁਰਾਂ ਸੁਣਾਈਆਂ ਦਿੱਤੀਆਂ।ਇਹ ਗੁਰੂ ਬਾਣੀ ਦੀਆਂ ਸੁਰਾਂ ਹੀ ਸਨ,ਕੇ ਭਾਈ ਲਹਿਣਾ ਜੀ ਦੀ ਸੁਰਤ ਸਹਿਜੇ ਹੀ ਜਾਗ ਪਈ।ਜਾਗੀ ਹੋਈ ਸੂਰਤ ਵਿੱਚ ਇਕ ਪ੍ਰਸ਼ਨ ਸੀ ਕਿ ਇਹ ਦੇਵ- ਬਾਣੀ ਕਿਸ ਦੀ ਹੈ ?ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਤਾਂ ਭਾਈ ਲਹਿਣਾ ਜੀ ਨੇ ਪਹਿਲਾਂ ਹੀ ਸੁਣਿਆ ਹੋਇਆ ਸੀ।ਪਰ 'ਦੇਵੀ-ਪੂਜਾ' ਘਰ-ਪਰਿਵਾਰ ਪ੍ਰੰਪਰਾ ਵਿਚ ਇੰਨੀ ਭਾਰੂ ਸੀ ਕੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਬਾਰੇ ਕੁਝ ਸੁਣਿਆ,ਅਣ-ਸੁਣਿਆ ਦੇ ਬਰਾਬਰ ਸੀ।ਜਦੋਂ ਅਨੁਭਵ ਤੇ ਆਚਾਰ ਨਾਲ ਸ਼ਿੰਗਾਰੀ ਗੁਰੂ-ਬਾਣੀ ਬਾਰੇ ਭਾਈ ਜੋਧ ਨੂੰ ਪੁੱਛਿਆ ਤਾਂ,ਉਨਾਂ ਬੜੀ ਨਿਮਰਤਾ ਤੇ ਮਿੱਠਤ ਨਾਲ ਆਖਿਆ,ਕੇ ਇਹ ਬਾਣੀ ਜਗਤ ਸ੍ਰੀ ਗੁਰੂ ਨਾਨਕ ਸਾਹਿਬ ਦੀ ਹੈ।
ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਇਸ ਵੇਲੇ ਦਰ-ਘਰ ਕਰਤਾਰਪੁਰ ਵਿਖੇ ਹੈ।ਕਰਤਾਰਪੁਰ ਵਿਖੇ ਉਨ੍ਹਾਂ ਨੇ ਇਕ ਧਰਮਸਾਲ ਸਿਰਜੀ ਹੋਈ ਹੈ।ਜਿਥੋਂ 'ਬਾਣੀ' ਦਾ ਪ੍ਰਕਾਸ਼ ਹਰ ਪਾਸੇ ਰੁਸ਼ਨਾ ਰਹੇ ਹਨ।ਭਾਈ ਜੋਧ ਜੀ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਆਤਮਿਕ-ਪ੍ਰਤਿਭਾ ਦੀ ਜਿਵੇਂ ਹੀ ਪਛਾਣ ਕਰਵਾਈ ,ਉਸ ਦਾ ਭਾਈ ਲਹਿਣਾ ਜੀ ਉੱਤੇ ਇਨਾਂ ਅਸਰ ਹੋਇਆ ਕੇ ਉਨਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਣ ਦਾ ਦ੍ਰਿੜ੍ਹ ਨਿਸਚਾ ਕਰ ਲਿਆ।ਅਤੇ ਜਵਾਲਾਮੁਖੀ ਜਾ ਰਹੇ ਜਥੇ ਨੂੰ ਤੋਰ ਕੇ ਆਪ ਰਸਤੇ ਵਿੱਚ ਹੀ ਗੁਰੂ ਦਰਸ਼ਨ ਲਈ ਕਰਤਾਰਪੁਰ ਰੁਕ ਗਏ।ਆਪ ਨੇ ਆਪਣਾ ਘੋੜਾ ਕਰਤਾਰਪੁਰ ਵੱਲ ਮੋੜ ਲਿਆ।ਰਸਤੇ ਵਿੱਚ ਇਕ ਬਜ਼ੁਰਗ ਵਿਅਕਤੀ ਜਾ ਰਿਹਾ ਸੀ।ਉਸ ਪਾਸੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਦਰ-ਘਰ ਪੁੱਛਿਆ ।ਬਜ਼ੁਰਗ ਕਹਿਣ ਲੱਗਾ,'ਮੇਰੇ ਪਿੱਛੇ ਆ ਜਾਉ ਮੈ ਵੀ ਉਧਰ ਹੀ ਜਾਣਾ ਹੈ।'ਟਿਕਾਣੇ 'ਤੇ ਪਹੁੰਚ ਕੇ ਉਸ ਬਜ਼ੁਰਗ ਵਿਅਕਤੀ ਨੇ ਘੋੜੇ ਦੀ ਵਾਂਗ ਫੜ ਲਈ ਅਤੇ ਘੋੜਾ ਇਕ ਕਿੱਲੇ ਨਾਲ ਬੰਨ ਦਿੱਤਾ ।ਬਜ਼ੁਰਗ ਕਹਿਣ ਲੱਗਾ ਤੁਸੀਂ ਇਥੇ ਆਰਾਮ ਕਰੋ ਤੇ ਇੱਥੇ ਹੀ ਗੁਰੂ ਨਾਨਕ ਸਾਹਿਬ ਨੇ ਆ ਜਾਣਾ ਹੈ।" ਸ਼ਾਮ ਨੂੰ ਸੰਗਤ ਜੁੜਨੀ ਸ਼ੁਰੂ ਹੋ ਗਈ ਤੇ ਜਦ ਸਤਿਸੰਗ ਦਾ ਵਕਤ ਹੋਇਆ ਤੇ ਉਹੀ ਬਜ਼ੁਰਗ ਵਿਅਕਤੀ ਆ ਕੇ ਆਸਣ 'ਤੇ ਬਿਰਾਜਮਾਨ ਹੋ ਗਿਆ।ਭਾਈ ਲਹਿਣਾ ਜੀ ਇਹ ਵੇਖ ਕੇ ਹੱਕੇ-ਬੱਕੇ ਰਹਿ ਗਏ ਤੇ ਕਹਿਣਾ ਲਗੇ ਕੇ ਸ੍ਰੀ ਗੁਰੂ ਨਾਨਕ ਸਾਹਿਬ ਆਪ ਹੀ ਸਨ ਜੋ ਮੈਨੂੰ ਇੱਥੇ ਲੈ ਕੇ ਆਏ ਸਨ।ਆਪ ਗੁਰੂ ਜੀ ਦੇ ਚਰਨਾਂ 'ਤੇ ਢਹਿ ਪਏ ਅਤੇ ਖਿਮਾਂ ਜਾਚਨਾ ਕਰਦੇ ਹੋਏ ਕਹਿਣ ਲੱਗੇ,"ਸੱਚੇ ਪਾਤਸ਼ਾਹ ਜੀਉ! ਮੈਥੋਂ ਅਵੱਗਿਆ ਹੋ ਗਈ ਕੇ ਮੈਂ ਘੋੜੇ'ਤੇ ਸਵਾਰ ਹੋ ਕੇ ਆਇਆ ਤੇ ਤੁਸੀਂ ਪੈਦਲ ਆਏ।"ਗੁਰੂ ਸਾਹਿਬ ਮੁਸਕਰਾਉਂਦੇ ਹੋਏ ਕਹਿਣ ਲੱਗੇ, "ਇਹ ਕੋਈ ਨਵੀਂ ਗੱਲ ਨਹੀਂ, ਲਹਿਣੇ (ਲਹਿਣੇਦਾਰ)ਵਾਲੇ ਸਦਾ ਘੋੜੀਆਂ ਉੱਤੇ ਚੜ੍ਹ ਕੇ ਹੀ ਆਇਆ ਕਰਦੇ ਹਨ ਅਤੇ ਦੇਣਦਾਰ ਪੈਦਲ ਹੀ ਤੁਰਦੇ ਹਨ।ਤੂੰ ਲਹਿਣਾ ਹੈ ਤੇ ਅਸੀਂ ਦੇਣਾ ਹੈ।'ਇਸ ਪਹਿਲੀ ਮੁਲਾਕਾਤ ਵਿੱਚ ਹੀ ਭਾਈ ਲਹਿਣਾ ਜੀ ਦੇ ਸਾਰੇ ਭਰਮ-ਭੁਲੇਖੇ ਦੂਰ ਹੋ ਗਏ।ਵੈਸ਼ਨਵ ਧਰਮ ਅਤੇ ਦੇਵੀ ਦੇ ਦਰਸ਼ਨ ਦੀ ਤਾਂਘ ਉੱਥੇ ਹੀ ਛੱਡ ਕੇ ਸਦਾ ਲਈ ਗੁਰੂ ਜੀ ਦੇ ਸੇਵਕ ਬਣ ਗਏ।ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਸਥਾਪਨਾ ਕੀਤੀ ਅਤੇ ਇਸ ਧਰਮ ਨੂੰ ਸਥਿਰਤਾ ਦੇਣ ਤੇ ਸਿੱਖੀ ਮਹਿਲ ਨੂੰ ਅੱਗੇ ਤੋਰਨ ਲਈ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਅਹਿਮ ਭੂਮਿਕਾ ਨਿਭਾਈ। ਸਿੱਖ ਧਰਮ ਦੀ ਸਦੀਵੀ ਹੋਂਦ ਬਰਕਰਾਰ ਰੱਖਣ ਲਈ ਗੁਰੂ ਨਾਨਕ ਦੇਵ ਜੀ ਨੇ ਆਪਣੀ ਦੂਰ-ਦ੍ਰਿਸਟੀ ਤੇ ਦਾਨਸ਼ਮੰਦੀ ਨਾਲ ਗੁਰੂ-ਚੇਲੇ ਦੀ ਰੀਤ ਚਲਾ ਕੇ ਭਾਈ ਲਹਿਣਾ ਜੀ ਨੂੰ ਗੁਰਗਦੀ ਤੇ ਬਿਠਾਇਆ ।
ਪ੍ਸਿੱਧ ਇਤਿਹਾਸਕਾਰ ਗੋਕਲ ਚੰਦ ਨਾਰੰਗ ਦਾ ਕਹਿਣਾ ਹੈ ਕਿ "ਜੇਕਰ ਗੁਰੂ ਨਾਨਕ ਦੇਵ ਜੀ,ਗੁਰੂ ਅੰਗਦ ਦੇਵ ਜੀ ਨੂੰ ਗੁਰੂਤਾ-ਗੱਦੀ ਦੀ ਬਖਸ਼ਿਸ਼ ਨਾ ਕਰਦੇ ਤਾਂ ਅੱਜ ਸਿੱਖ ਧਰਮ ਦਾ ਨਾਮੋ-ਨਿਸ਼ਾਨ ਵੀ ਨਾ ਹੁੰਦਾ।" ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਪੂਰੀ ਤਰ੍ਹਾਂ ਯੋਗ ਜਾਣ ਕੇ ਗੁਰੂ ਅੰਗਦ ਨਾਮ ਦੇ ਕੇ 2 ਸਤੰਬਰ 1539 ਈ: ਵਿਚ ਪ੍ਰਮੁੱਖ ਸਿੱਖਾਂ ਦੀ ਮੌਜੂਦਗੀ ਵਿਚ ਆਪਣੀ ਥਾਂ ਤੇ ਪ੍ਰਚਾਰ ਕਰਨ ਦੇ ਲਈ ਗੁਰਿਆਈ ਦੀ ਮਹਾਨ ਜ਼ਿੰਮੇਵਾਰੀ ਸੌਂਪੀ।ਗੁਰਗੱਦੀ ਦਾ ਸ਼ਾਬਦਿਕ ਅਰਥ ਹੈ ਗੁਰੂ ਦਾ ਤਖਤ।ਗੁਰੂ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਮੱਥਾ ਟੇਕਿਆ ਤੇ ਬਾਕੀ ਸੰਗਤਾਂ ਨੂੰ ਮੱਥਾ ਟੇਕਣ ਲਈ ਕਿਹਾ।ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਤਖਤ ਤੇ ਬਿਠਾ ਕੇ ਸਭ ਸੰਗਤਾਂ ਦੇ ਸਾਹਮਣੇ ਬਾਣੀ ਦੀ ਪੋਥੀ ਸੌਂਪ ਕੇ ਐਲਾਨ ਕੀਤਾ ''ਮੇਰੀ ਜਗ੍ਹਾ ਹੁਣ ਗੁਰੂ ਅੰਗਦ ਦੇਵ ਜੀ ਨੂੰ ਸਮਝਣਾ। ਇਹਨਾਂ ਦਾ ਦਰਸ਼ਨ ਮੇਰਾ ਦਰਸ਼ਨ ਤੇ ਇਹਨਾਂ ਦਾ ਬਚਨ ਹੀ ਮੇਰਾ ਬਚਨ ਹੋਵੇਗਾ।”ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਾਰੂ ਸੋਲਹੇ ਵਿਚ ਕਿਹਾ ਹੈ ਕਿ ਉਸ ਤਖਤ ਤੇ ਉਹੀ ਬੈਠਦਾ ਹੈ ਜੋ ਉਸ ਦੇ ਲਾਇਕ ਹੁੰਦਾ ਹੈ। ਜਿਸ ਨੇ ਕਾਮ,ਕਰੋਧ,ਲੋਭ,ਮੋਹ ਅਤੇ ਹੰਕਾਰ ਆਦਿ ਵਿਕਾਰਾਂ ਨੂੰ ਮੁਕਾ ਲਿਆ ਹੋਵੇ, ਉਸ ਨੂੰ ਹੀ ਤਖਤ ਦੀ ਪ੍ਰਾਪਤੀ ਹੁੰਦੀ ਹੈ।
ਤਖਤਿ ਬਹੈ ਤਖਤੈ ਕੀ ਲਾਇਕ॥
ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਿੱਖ ਭਾਈ ਲਹਿਣੇ ਨੂੰ ਆਪਣੇ ਹੱਥੀਂ ਗੱਦੀ ਨਸ਼ੀਨ ਕੀਤਾ।ਅਸੀ ਕਹਿ ਸਕਦੇ ਹਾਂ ਕਿ ਗੁਰਿਆਈ ਦੀ ਜ਼ਿੰਮੇਵਾਰੀ ਇਕ ਬਹੁਤ ਵੱਡੀ ਜ਼ਿੰਮੇਵਾਰੀ ਸੀ।ਇਸ ਜ਼ਿੰਮੇਵਾਰੀ ਦਾ ਮੰਤਵ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਨਿਖਾਰਨਾ,ਪ੍ਰਚਾਰਨਾ,ਮਨੁੱਖੀ ਭਾਈਚਾਰੇ ਵਿਚ ਪ੍ਰਭਾਵਸ਼ਾਲੀ ਢੰਗ ਦੇ ਨਾਲ ਜਾਰੀ ਕਰਨਾ,ਇਸੇ ਹੀ ਵਿਚਾਰਧਾਰਾ ਨੂੰ ਮਿਲਗੋਭਾ ਹੋਣ ਤੋਂ ਬਚਾਉਣਾ ਆਦਿ ਸੀ।ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਪਣੇ ਜੀਵਨ ਦੇ ਲਗਭਗ 13 ਸਾਲ (ਸਤੰਬਰ 1539-1552) ਦੇ ਗੁਰਿਆਈ ਕਾਲ ਸਮੇਂ ਹਰੇਕ ਉਪਦੇਸ਼ ਅਤੇ ਹਰੇਕ ਕਾਰਜ ਵਿਚ ਇਹਨਾਂ ਗੱਲਾਂ ਨੂੰ ਸਾਹਮਣੇ ਰੱਖਿਆ।ਭਾਈ ਲਹਿਣਾ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਰੂਪ ਵਿਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪੰਥ ਨੂੰ ਅਗਾਂਹ ਚਲਾਉਣ ਲਈ ਪੂਰਨ ਪ੍ਰਤਿਬੱਧਤਾ ਨਾਲ ਸਿੱਖ ਧਰਮ ਦੀ ਸਥਾਪਤੀ ਤੇ ਵਿਕਾਸ ਵਿਚ ਅਹਿਮ ਆਰੰਭਿਕ ਭੂਮਿਕਾ ਨਿਭਾਈ।ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਸੰਭਾਲ ਕਰਨ ਦੇ ਨਾਲ ਨਾਲ ਗੁਰਮੁਖੀ ਲਿਪੀ ਦੇ ਵਿਕਾਸ ਤੇ ਸਿਖਲਾਈ ਲਈ ਕਾਰਜ ਕੀਤਾ।
ਸ਼ੀ੍ ਗੁਰੂ ਅੰਗਦ ਦੇਵ ਜੀ ਨੇ ‘ਲੰਗਰ’ ਦੀ ਪ੍ਰਥਾ ਨੂੰ ਹੋਰ ਵਧੇਰੇ ਪ੍ਰਚੱਲਿਤ ਕੀਤਾ।ਲੋਕਾਂ ਵਿੱਚ ਸਿੱਖਿਆ ਦੇ ਰੁਝਾਨ ਨੂੰ ਵਿਕਸਤ ਕਰਨ ਲਈ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕਈ ਸਕੂਲ ਖੁਲ੍ਹਵਾਏ ਅਤੇ ਸਿੱਖਿਆ ਦਾ ਪ੍ਰਸਾਰ ਕੀਤਾ।ਜਿੱਥੇ ਗੁਰੂ ਜੀ ਨੇ ਮਾਨਸਿਕ ਕਮਜੋਰੀ ਨੂੰ ਬਾਣੀ ਨਾਲ ਦੂਰ ਕਰਨ ਦਾ ਯਤਨ ਕੀਤਾ ਉੱਥੇ ਹੀ ਨੌਜਵਾਨ ਪੀੜ੍ਹੀ ਨੂੰ ਸਰੀਰਕ ਤੌਰ ’ਤੇ ਤੰਦਰੁਸਤ ਰੱਖਣ ਲਈ ਘੋਲਾਂ ਦੀ ਖੇਡ ਨੂੰ ਉਤਸਾਹਿਤ ਕਰਨ ਲਈ ‘ਮੱਲ ਅਖਾੜੇ’ ਵੀ ਸਥਾਪਨਾ ਕੀਤੇ।
ਗੁਰੂ ਘਰ ਦੀ ਸਬਦ ਕੀਰਤਨ ਪਰੰਪਰਾ ਦੇ ਵਿਕਾਸ ਵਿਚ ਵੀ ਆਪ ਜੀ ਦਾ ਮਹੱਤਵਪੂਰਨ ਯੋਗਦਾਨ ਰਿਹਾ।ਸ਼ੀ੍ ਗੁਰੂ ਅੰਗਦ ਸਾਹਿਬ ਜੀ ਨੇ 63 ਸਲੋਕਾਂ ਦੀ ਰਚਨਾ ਕੀਤੀ ਜੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ।ਸ੍ਰੀ ਗੁਰੂ ਅੰਗਦ ਦੇਵ ਜੀ ਨੇ ਮਹਲਾ 2 ਸਿਰਲੇਖ ਹੇਠ 9 ਰਾਗਾਂ ਅਧੀਨ ਬਾਣੀ ਉਚਾਰੀ।ਆਪ ਜੀ ਨੇ ਰਾਗ ਸਿਰੀ ਅਧੀਨ 2 ਸਲੋਕ,ਰਾਗ ਮਾਝ ਅਧੀਨ 12 ਸਲੋਕ,ਰਾਗ ਆਸਾ ਅਧੀਨ 15 ਸਲੋਕ,ਰਾਗ ਸੋਰਠ ਅਧੀਨ ਇਕ ਸਲੋਕ,ਰਾਗ ਸੂਹੀ ਅਧੀਨ 11 ਸਲੋਕ,ਰਾਗ ਰਾਮਕਲੀ ਅਧੀਨ 7 ਸਲੋਕ,ਰਾਗ ਮਾਰੂ ਅਧੀਨ 1 ਸਲੋਕ,ਰਾਗ ਸਾਰੰਗ ਅਧੀਨ 9 ਸਲੋਕ,ਰਾਗ ਮਲਾਰ ਅਧੀਨ 5 ਸਲੋਕਾਂ ਦੀ ਰਚਨਾ ਕੀਤੀ।ਆਪ ਜੀ ਦੁਆਰਾ ਰਚੀ ਇਹ ਸਾਰੀ ਬਾਣੀ ਆਦਿ ਗ੍ੰਥ ਵਿੱਚ ਦਰਜ ਹੈ।ਸਾਹਿਬ ਸ਼ੀ੍ ਗੁਰੂ ਅੰਗਦ ਦੇਵ ਜੀ ਨੇ ਸ਼ੀ੍ ਗੁਰੂ ਨਾਨਕ ਸਾਹਿਬ ਦੁਆਰਾ ਆਰੰਭ ਕੀਤੀ ਗੁਰੂ ਘਰ ਦੀ ਕੀਰਤਨ ਪਰੰਪਰਾ ਦੇ ਨਿਰੰਤਰ ਵਿਵਹਾਰਕ ਪ੍ਰਚਲਨ ਦੁਆਰਾ,ਬਾਣੀ ਦਾ ਪ੍ਰਵਾਹ ਚਲਾਇਆ।ਇਸ ਦੁਆਰਾ ਸਬਦ ਕੀਰਤਨ ਪਰੰਪਰਾ ਦੇ ‘ਸੈਲੀਗਤ-ਰੂਪ’ ਦਾ ਨਿਰੰਤਰ ਵਿਕਾਸ ਹੋਇਆ।ਗੁਰਮਤਿ ਸੰਗੀਤ ਵਿਚ ਰਾਗਾਂ ਦੇ ਸਮੇਂ ਅਨੁਸਾਰ ਨਾਮਾਂਕਣ ਕੀਤੀਆਂ ਕੀਰਤਨ ਚੌਂਕੀਆਂ ਦੀ ਵਿਸੇਸ ਪਰੰਪਰਾ ਹੈ ਜਿਵੇਂ ਕਿ ਆਸਾ ਦੀ ਵਾਰ ਦੀ ਚੌਂਕੀ, ਬਿਲਾਵਲ ਦੀ ਚੌਂਕੀ,ਸਾਰੰਗ ਦੀ ਚੌਂਕੀ, ਕਲਿਆਣ ਦੀ ਚੌਂਕੀ,ਕਾਨੜੇ ਦੀ ਚੌਂਕੀ ਆਦਿ।ਕੀਰਤਨ ਚੌਂਕੀਆਂ ਦੀ ਇਹ ਪਰੰਪਰਾ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਅਤੇ ਹੋਰ ਇਤਿਹਾਸਕ ਗੁਰਦੁਆਰਿਆਂ ਵਿਚ ਨਿਰੰਤਰ ਰੂਪ ਵਿਚ ਪ੍ਰਚਲਿਤ ਹੈ।
ਕੀਰਤਨ ਚੌਂਕੀਆਂ ਦੀ ਇਸ ਪਰੰਪਰਾ ਦਾ ਵੱਖ ਵੱਖ ਗੁਰੂ ਸਾਹਿਬਾਨ ਦੁਆਰਾ ਨਿਰੰਤਰ ਵਿਕਾਸ ਹੋਇਆ।ਇਨ੍ਹਾਂ ਕੀਰਤਨ ਚੌਂਕੀਆਂ ਦੀ ਇਸ ਪਰੰਪਰਾ ਦਾ ਵਿਸ਼ਿਸ਼ਟ ਸੰਗੀਤ ਵਿਧਾਨ ਤੇ ਮੌਲਿਕ ਸੰਗੀਤਕ ਸਰੂਪ ਹੈ।ਇਨ੍ਹਾਂ ਕੀਰਤਨ ਚੌਂਕੀਆਂ ਦੀ ਪੇਸਕਾਰੀ, ਇਤਿਹਾਸਕ ਵਿਕਾਸ ਅਤੇ ਕੀਰਤਨ-ਸਮੱਗਰੀ ਦਾ ਇਕ ਵਿਸਾਲ ਖਜਾਨਾ ‘ਗੁਰਮਤਿ ਸੰਗੀਤ’ ਦੀ ਕੀਰਤਨ-ਵਿਰਾਸਤ ਦਾ ਅਹਿਮ ਹਿੱਸਾ ਹੈ।ਕੀਰਤਨ ਚੌਂਕੀਆਂ ਦੀ ਇਸ ਪਰੰਪਰਾ ਦੇ ਪ੍ਰਚਲਨ ਤੇ ਸੰਸਥਾਗਤ ਰੂਪ ਵਿਚ ਸਥਾਪਤੀ ਹਿੱਤ ਗੁਰੂ ਅੰਗਦ ਦੇਵ ਜੀ ਦਾ ਵਿਸ਼ੇਸ਼ ਆਰੰਭਕ ਯੋਗਦਾਨ ਰਿਹਾ ਹੈ।
ਸ਼ੀ੍ ਗੁਰੂ ਅੰਗਦ ਦੇਵ ਜੀ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਤੋਂ ਮਗਰੋਂ ਸ਼ੀ੍ ਖਡੂਰ ਸਾਹਿਬ ਨੂੰ ਸਿੱਖੀ ਦਾ ਕੇਂਦਰ ਬਣਾ ਕਿ ਕੀਰਤਨ ਦੀ ਵਿਸ਼ੇਸ਼ ਪ੍ਰਥਾ ਚਲਾਈ ਗਈ।ਜਿਸ ਤਹਿਤ ਤਜਰਬੇਕਾਰ ਸੰਗੀਤਕਾਰਾਂ ਦੀ ਰਬਾਬੀ ਸ੍ਰੇਣੀ ਨੂੰ ਗੁਰੂ ਘਰ ਨਾਲ ਜੋੜਨ ਦੀ ਸ਼ੁਰੂਆਤ ਕੀਤਾ ਗਈ।ਭਾਈ ਮਰਦਾਨਾ ਜੀ ਤੋਂ ਬਾਅਦ ਭਾਈ ਸਜਾਦਾ ਅਤੇ ਵਿਸ਼ੇਸ਼ ਰੂਪ ਵਿਚ ਭਾਈ ਬਲਵੰਤ ਦਾ ਨਾਂ ਵਰਣਨਯੋਗ ਹੈ।ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰ ਗੱਦੀ ਬਖ਼ਸ਼ੀ ਤਾਂ ਰਾਇ ਬਲਵੰਤ,ਗੁਰੂ ਅੰਗਦ ਦੇਵ ਜੀ ਨਾਲ ਹੀ ਖਡੂਰ ਸਾਹਿਬ ਆ ਗਏ ਸਨ।ਬਾਅਦ ਵਿਚ ਸ੍ਰੀ ਗੁਰੂ ਅਮਰਦਾਸ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਵਿਚ ਰਾਏ ਬਲਵੰਤ ਨੇ ਰਬਾਬੀ ਭਾਈ ਸੱਤਾ ਜੀ ਨਾਲ ਮਿਲ ਕੇ ਕੀਰਤਨ ਦੀ ਸੇਵਾ ਨਿਭਾਈ।ਆਪ ਦੁਆਰਾ ਰਚੀ ਬਾਣੀ ਨੂੰ ਗੁਰੂ ਸਾਹਿਬ ਨੇ ‘ਸ਼ਬਦ ਗੁਰੂ’ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਿਸ਼ੇਸ਼ ਸਥਾਨ ਦਿੱਤਾ,ਜੋ ‘ਰਾਮਕਲੀ ਕੀ ਵਾਰ ਰਾਇ ਬਲਵੰਤ ਅਤੇ ਸਤੈ ਡੂਮਿ ਆਖੀ’ਸ਼ੀ੍ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 966 ਦੇ ਸਿਰਲੇਖ ਹੇਠ ਦਰਜ ਹੈ।
ਇਤਿਹਾਸਕ ਹਵਾਲਿਆਂ ਤੋਂ ਸ਼ਪੱਸ਼ਟ ਹੈ ਕੇ ਗੁਰੂ ਘਰ ਨੇ ਕੀਰਤਨੀਆਂ ਨੂੰ ਭਰਪੂਰ ਸਰਪ੍ਰਸਤੀ ਦੁਆਰਾ ਨਿਵਾਜਿਆ।ਸ੍ਰੀ ਗੁਰੂ ਅੰਗਦ ਦੇਵ ਜੀ ਨਾਲ ਕੀਰਤੀਏ ਦੇ ਰੂਪ ਵਿਚ ਰਬਾਬੀ ਭਾਈ ਬਲਵੰਤ ਦਾ ਖਡੂਰ ਸਾਹਿਬ ਵਿਖੇ ਆਉਣ ਨਾਲ ਗੁਰੂ ਘਰ ਵਿਖੇ ਕੀਰਤਨੀਆਂ ਦੀ ਇਕ ਵਿਸਾਲ ਪਰੰਪਰਾ ਪ੍ਰਫੁੱਲਤ ਹੋਈ।ਇਸ ਤਰਾਂ ਸਿੱਖੀ ਦਾ ਪ੍ਰਸਾਰ ਤੇ ਪ੍ਰਚਾਰ ਕਰਦੇ ਹੋਏ ਸ੍ਰੀ ਗੁਰੂ ਅੰਗਦ ਦੇਵ ਜੀ ਵੱਲੋਂ 25 ਮਾਰਚ1552 ਨੂੰ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਗੁਰਗੱਦੀ ਬਖ਼ਸ਼ ਕੇ 48 ਵਰ੍ਹੇ ਦੀ ਉਮਰ ਚ
1552 ਨੂੰ ਅੱਜ ਦੇ ਦਿਨ ਖਡੂਰ ਸਾਹਿਬ ਵਿਖੇ ਜੋਤੀ-ਜੋਤਿ ਸਮਾ ਗਏ।
========
ਲੈਕਚਰਾਰ ਅਜੀਤ ਖੰਨਾ
ਐਮਏ.(ਇਤਿਹਾਸ)ਐਮ.ਫਿਲ,ਮਾਸਟਰ ਆਫ ਜਰਨਲਿਜਮ ਐਂਡ ਮਾਸ ਕਮਿਊਨੀਕੇਸ਼ਨ.,ਬੀਐਡ
2 | 8 | 3 | 2 | 4 | 9 | 7 | 1 |