DC ਸੰਦੀਪ ਰਿਸ਼ੀ ਵੱਲੋਂ ਜ਼ਿਲ੍ਹਾ ਪੱਧਰੀ ਸਮੀਖਿਆ ਕਮੇਟੀ ਦੀ ਮੀਟਿੰਗ ਦੌਰਾਨ ਬੈਂਕਾਂ ਦੀ ਕਾਰਗੁਜ਼ਾਰੀ ਬਾਰੇ ਸਮੀਖਿਆ
ਦਲਜੀਤ ਕੌਰ
ਸੰਗਰੂਰ, 4 ਅਪ੍ਰੈਲ, 2025: ਡਿਪਟੀ ਕਮਿਸ਼ਨਰ ਸੰਗਰੂਰ ਸੰਦੀਪ ਰਿਸ਼ੀ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਜ਼ਿਲ੍ਹਾ ਪੱਧਰੀ ਸਮੀਖਿਆ ਕਮੇਟੀ ਦੀ ਬੈਠਕ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਸਾਰੇ ਬੈਂਕਾਂ ਖਾਸ ਕਰਕੇ ਸਟੇਟ ਬੈਂਕ ਆਫ਼ ਇੰਡੀਆ ਦੀ ਐਗਰੀ ਇਨਫਰਾ ਫੰਡ ਸਕੀਮ ਵਿੱਚ ਸ਼ਾਨਦਾਰ ਪ੍ਰਾਪਤੀ ਲਈ ਪ੍ਰਸ਼ੰਸਾ ਕੀਤੀ। ਜ਼ਿਕਰਯੋਗ ਹੈ ਕਿ ਸੰਗਰੂਰ ਦੇਸ਼ ਦੇ ਚੋਟੀ ਦੇ 10 ਜ਼ਿਲ੍ਹਿਆਂ ਵਿੱਚ ਸ਼ਾਮਿਲ ਰਿਹਾ ਹੈ ਕਿਉਂਕਿ ਬੈਂਕਾਂ ਨੇ ਐਗਰੀ ਇਨਫਰਾ ਫੰਡ ਸਕੀਮ ਅਧੀਨ ਖੇਤੀ ਮਸ਼ੀਨਾਂ ਨੂੰ ਵਿੱਤੀ ਮਦਦ ਦਿੱਤੀ ਜਿਸ ਰਾਹੀਂ ਵਾਤਾਵਰਣ ਨੂੰ ਸਵੱਛ ਬਣਾਉਣ ਵਿੱਚ ਵੀ ਮਦਦ ਮਿਲੀ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਅਤੇ ਏਡੀਸੀ (ਡੀ) ਸੁਖਚੈਨ ਸਿੰਘ ਪਾਪੜਾ ਨੇ ਸਟੇਟ ਬੈਂਕ ਆਫ਼ ਇੰਡੀਆ ਦੁਆਰਾ ਮਨਜ਼ੂਰ ਕੀਤੇ ਗਏ ਕਰਜ਼ਿਆਂ ਲਈ ਸਵੈ-ਸਹਾਇਤਾ ਸਮੂਹਾਂ ਨੂੰ ਚੈੱਕ ਵੀ ਦਿੱਤੇ। ਇਸ ਤੋਂ ਪਹਿਲਾਂ ਲੀਡ ਜ਼ਿਲ੍ਹਾ ਮੈਨੇਜਰ ਸੰਜੀਵ ਅਗਰਵਾਲ ਨੇ ਤਿਮਾਹੀ ਮੀਟਿੰਗ ਦਾ ਏਜੰਡਾ ਪੇਸ਼ ਕੀਤਾ। ਐਲਡੀਓ ਆਰਬੀਆਈ ਆਲੋਕ ਰੰਜਨ ਨੇ ਸਾਰੇ ਬੈਂਕਾਂ ਨੂੰ ਦੱਸਿਆ ਕਿ ਬੈਂਕਾਂ ਨੂੰ ਸਾਰੇ ਗੈਰ-ਬੈਂਕਿੰਗ ਪੇਂਡੂ ਖੇਤਰਾਂ ਵਿੱਚ ਬੈਂਕਿੰਗ ਸਹੂਲਤਾਂ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ। ਡੀਡੀਐਮ ਨਾਬਾਰਡ ਗੁਰਪ੍ਰੀਤ ਸਿੰਘ ਨੇ ਨਾਬਾਰਡ ਸਕੀਮਾਂ ਬਾਰੇ ਜਾਣੂ ਕਰਵਾਇਆ ਅਤੇ 2025-26 ਲਈ ਪੀਐਲਪੀ ਕਿਤਾਬ ਜਾਰੀ ਕੀਤੀ। ਡਾਇਰੈਕਟਰ ਆਰ-ਸੇਟੀ ਦਿਲੀਪ ਕੁਮਾਰ ਨੇ ਜ਼ਿਲ੍ਹਾ ਪੱਧਰੀ ਆਰ ਸੇਟੀ ਸਲਾਹਕਾਰ ਕਮੇਟੀ ਦਾ ਏਜੰਡਾ ਪੇਸ਼ ਕੀਤਾ।