ਖੇਤੀਬਾੜੀ ਵਿਭਾਗ ਦੇ ਫੀਲਡ ਸਟਾਫ ਨੂੰ ਮੱਕੀ ਦੀ ਕਾਸ਼ਤ ਸਬੰਧੀ ਦਿੱਤੀ ਸਿਖਲਾਈ
ਪੀਏਯੂ ਦੇ ਮਾਹਿਰਾਂ ਦੀ ਟੀਮ ਨੇ ਸਾਂਝੇ ਕੀਤੇ ਅਹਿਮ ਨੁਕਤੇ, ਜਿਲੇ ਅੰਦਰ ਮੱਕੀ ਹੇਠ ਲਿਆਂਦਾ ਜਾਣਾ ਹੈ 7 ਹਜ਼ਾਰ ਹੈਕਟੇਅਰ ਰਕਬਾ
ਰੋਹਿਤ ਗੁਪਤਾ
ਗੁਰਦਾਸਪੁਰ, 4 ਅਪ੍ਰੈਲ ਗੁਰਦਾਸਪੁਰ ਜਿਲੇ ਅੰਦਰ 7 ਹਜ਼ਾਰ ਹੈਕਟੇਅਰ ਰਕਬੇ ਵਿਚ ਸਾਉਣੀ ਦੀ ਮੱਕੀ ਦੀ ਕਾਸ਼ਤ ਕਰਾਉਣ ਦੇ ਉਲੀਕੇ ਗਏ ਟੀਚੇ ਤਹਿਤ ਅੱਜ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਮੁੱਚੇ ਫੀਲਡ ਸਟਾਫ ਨੂੰ ਸਿਖਲਾਈ ਦੇਣ ਲਈ ਜਿਲਾ ਪ੍ਰਬੰਧਕੀ ਕੰਪਲੈਕਸ ਦੇ ਟ੍ਰੈਨਿੰਗ ਹਾਲ ਵਿਚ ਇਕ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਜਿਲੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ ਕੀਤੀ। ਇਸ ਮੌਕੇ ਸਮੁੱਚੇ ਜਿਲੇ ਦੇ ਬਲਾਕ ਖੇਤੀਬਾੜੀ ਅਫਸਰਾਂ , ਖੇਤੀਬਾੜੀ ਵਿਕਾਸ ਅਫਸਰਾਂ, ਖੇਤੀਬਾੜੀ ਵਿਸਥਾਰ ਅਫਸਰਾਂ, ਬਲਾਕ ਟੈਕਨਾਲੋਜੀ ਮੈਨੇਜਰਾਂ ਅਤੇ ਖੇਤੀਬਾੜੀ ਉਪ ਨਿਰੀਖਕਾਂ ਨੇ ਸ਼ਮੂਲੀਅਤ ਕੀਤੀ ਜਿਨ੍ਹਾਂ ਨੂੰ ਸਿਖਲਾਈ ਦੇਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਰੀਜਨਲ ਕੈਂਪਸ ਨਾਲ ਸਬੰਧਿਤ ਖੇਤੀ ਮਾਹਿਰਾਂ ਦੀ ਟੀਮ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਮੱਕੀ ਦੀ ਕਾਸ਼ਤ ਨਾਲ ਸਬੰਧਿਤ ਅਹਿਮ ਨੁਕਤੇ ਸਾਂਝੇ ਕੀਤੇ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ ਅਮਰੀਕ ਸਿੰਘ ਨੇ ਕਿਹਾ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੋਣ ਕਾਰਨ ਕੇਂਦਰੀ ਖੁਰਾਕ ਭੰਡਾਰ ਵਿੱਚ 60 ਫੀਸਦੀ ਕਣਕ ਅਤੇ 40 ਫੀਸਦੀ ਝੋਨੇ ਦਾ ਯੋਗਦਾਨ ਪਾ ਰਿਹਾ ਹੈ।ਪੰਜਾਬ ਵਿੱਚ ਸਾਲ 2014-15 ਦੌਰਾਨ ਤਕਰੀਬਨ 28.9 ਹੈਕਟੇਅਰ ਰਕਬੇ ਵਿੱਚ ਝੋਨੇ ਦੀ ਕਾਸ਼ਤ ਕੀਤੀ ਗਈ ਜਦ ਕਿ 60ਵੇਂ ਦਹਾਕੇ ਦੌਰਾਨ ਝੋਨੇ ਹੇਠ ਰਕਬਾ ਕੇਵਲ 2.27 ਲੱਖ ਹੈਕਟੇਅਰ ਸੀ।ਝੋਨੇ ਦੀ ਕਾਸ਼ਤ ਕਾਰਨ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਇਸ ਹੱਦ ਤੱਕ ਨੀਵਾਂ ਜਾ ਚੁੱਕਾ ਹੈ ਕਿ ਕੇਂਦਰੀ ਜ਼ਿਲਿਆਂ ਵਿੱਚ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ। ਪੰਜਾਬ ਦੇ 141 ਬਲਾਕਾਂ ਵਿੱਚੋਂ 110 ਬਲਾਕਾਂ ਨੂੰ ਪਹਿਲਾਂ ਹੀ ਜ਼ਮੀਨ ਦੋਜ਼ ਪਾਣੀ ਦੇ ਵਧੇਰੇ ਨਿਕਾਸੀ ਕਾਰਨ ਕਾਲੇ ਖੇਤਰ ਐਲਾਨਿਆ ਚੁੱਕਾ ਹੈ ਅਤੇ ਹੁਣੇ ਹੁਣੇ ਕੇਂਦਰੀ ਭੂ ਜਲ ਬੋਰਡ ਵੱਲੋਂ 18 ਬਲਾਕਾਂ ਨੂੰ ਕਾਲੇ ਖੇਤਰ ਵਾਲੇ ਬਲਾਕ ਐਲਾਨ ਕਰਕੇ ਹੋਰ ਟਿਊਬਵੈਲ ਲਗਾਉਣ ਤੇ ਪਾਬੰਦੀ ਲਗਾ ਦਿੱਤੀ ਹੈ। ਪੰਜਾਬ ਦੇ ਜਲ ਸਰੋਤ ਕੇਵਲ 13.5 ਲੱਖ ਹੈਕਟੇਅਰ ਰਕਬੇ ਹੀ ਝੋਨੇ ਦੀ ਕਾਸਤ ਕਰਨ ਯੋਗ ਹਨ। ਜਿਸ ਕਾਰਨ ਪੰਜਾਬ ਸਰਕਾਰ ਵੱਲੋਂ ਸਾਉਣੀ 2025-26 ਦੌਰਾਨ ਤਿੰਨ ਜ਼ਿਲਿਆਂ ਬਠਿੰਡਾ,ਗੁਰਦਾਸਪੁਰ ਅਤੇ ਕਪੂਰਥਲਾ ਵਿੱਚ ਝੋਨੇ ਦੀ ਫਸਲ ਹੇਠੋਂ 21 ਹਜ਼ਾਰ ਹੈਕਟੇਅਰ ਰਕਬਾ ਕੱਢ ਕੇ ਮੱਕੀ ਦੀ ਫਸਲ ਹੇਠ ਲਿਆਉਣ ਦੀ ਵਿਉਂਤਬੰਦੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੱਕੀ ਅਜਿਹੀ ਫਸਲ ਹੈ,ਜਿਸ ਦੀ ਵਰਤੋਂ 25 ਫੀਸਦੀ ਖੁਰਾਕ,49 ਫੀਸਦੀ ਮੁਰਗੀਆਂ ਦੀ ਫੀਡ,12 ਫੀਸਦੀ ਪਸ਼ੂਆਂ ਲਈ ਚਾਰਾ,12 ਫੀਸਦੀ ਸਟਾਰਚ ਬਨਾਉਣ ਲਈ,1 ਫੀਸਦੀ ਸ਼ਰਾਬ ਬਨਾਉਣ ਲਈ ਅਤੇ 1 ਫੀਸਦੀ ਬੀਜ ਦੇ ਤੌਰ ਤੇ ਕੀਤੀ ਜਾਦੀ ਹੈ। ਪੋਲਟਰੀ ,ਪਸ਼ੂ ਖੁਰਾਕ ਅਤੇ ਸਟਾਰਚ ਉਦਯੋਗ ਦੀ ਮੰਗ ਨੂੰ ਪੂਰਿਆਂ ਕਰਨ ਲਈ ਮੱਕੀ ਹੇਠ ਰਕਬਾ 8 ਲੱਕ ਹੈਕਟੇਅਰ ਤੱਕ ਵਧਾਇਆ ਜਾ ਸਕਦਾ ਹੈ। ਫੀਲਡ ਸਟਾਫ ਨੂੰ ਸਿਖਲਾਈ ਦੇਣ ਮੌਕੇ ਪੀਏਯੂ ਦੇ ਪ੍ਰਿੰਸੀਪਲ ਐਗਰੋਨੋਮਿਸਟ ਡਾ. ਮਹੇਸ਼ ਨੇ ਜਿਥੇ ਮੱਕੀ ਦੀ ਕਾਸ਼ਤ ਨਾਲ ਸਬੰਧਿਤ
ਅਹਿਮ ਜਾਣਕਾਰੀਆਂ ਸਾਂਝੀਆਂ ਕੀਤੀਆਂ। ਉਸ ਦੇ ਨਾਲ ਹੀ ਮੱਕੀ ਦੀ ਪ੍ਰਤੀ ਹੈਕਟੇਅਰ ਉਤਪਾਦਿਕਤਾ 39.0 ਕੁਇੰਟਲ ਹੈ ਜਦ ਕਿ ਦੋਗਲੀਆਂ ਕਿਸਮਾਂ ਪ੍ਰਤੀ ਹੈਕਟੇਅਰ ਤਕਰੀਬਨ 70-75 ਕੁਇੰਟਲ ਤੱਕ ਪੈਦਾਵਾਰ ਦੇਣ ਦੀ ਸਮਰੱਥਾ ਰੱਖਦੀਆਂ ਹਨ।
ਉਨ੍ਹਾਂ ਕਿਹਾ ਕਿ ਮੱਕੀ ਦਾ ਚੰਗਾ ਝਾੜ ਲੈਣ ਲਈ ਖੇਤਾਂ ਦੇ ਜਲ ਨਿਕਾਸ ਦਾ ਠੀਕ ਪ੍ਰਬੰਧ ਹੋਣਾ ਬਹੁਤ ਜ਼ਰੂਰੀ ਹੈ।ਸਿੰਚਿਤ ਇਲਾਕਿਆਂ ਵਿੱਚ ਮੱਕੀ ਦੀ ਬਿਜਾਈ 25 ਮਈ ਤੋਂ 29 ਜੂਨ ਤੱਕ ਅਤੇ ਬਾਰਾਨੀ ਇਲਾਕਿਆਂ ਵਿੱਚ ਮੁੱਖ ਤੌਰ ਤੇ ਬਰਸਾਤ ਸ਼ੁਰੂ ਹੋਣ ਤੇ ਨਿਰਭਰ ਕਰਦੀ ਹੈ,ਸੋ ਮੱਕੀ ਦੀ ਬਿਜਾਈ 20 ਜੂਨ ਤੋਂ 7 ਜੁਲਾਈ ਤੱਕ ਕੀਤੀ ਜਾ ਸਕਦੀ ਹੈ।ਅਗਸਤ ਮਹੀਨੇ ਵਿੱਚ ਮੱਕੀ ਦੀ ਬਿਜਾਈ ਕਰਕੇ ਵੀ ਵਧੇਰੇ ਪੈਦਾਵਾਰ ਲਈ ਜਾ ਸਕਦੀ ਹੈ।
ਬਾਰਾਨੀ ਇਲਾਕਿਆਂ ਵਿੱਚ ਆਮ ਕਰਕੇ ਕਿਸਾਨ ਮੱਕੀ ਦੀ ਬਿਜਾਈ ਛੱਟੇ ਨਾਲ ਕਰਦੇ ਹਨ ਜਿਸ ਨਾਲ ਪ੍ਰਤੀ ਏਕੜ ਬੂਟਿਆਂ ਦੀ ਗਿਣਤੀ ਪੂਰੀ ਨਾਂ ਹੋਣ ਅਤੇ ਮਿੱਟੀ ਨਾਂ ਚੜਨ ਕਾਰਨ ਪੈਦਾਵਾਰ ਘੱਟ ਨਿਕਲਦੀ ਹੈ ਇਸ ਲਈ ਪ੍ਰਤੀ ਏਕੜ ਬੂਟਿਆਂ ਦੀ ਗਿਣਤੀ 33000 ਹੋਣੀ ਬਹੁਤ ਜ਼ਰੁਰੀ ਹੈ।ਇਹ ਗਿਣਤੀ ਤਾਂ ਹੀ ਪੂਰੀ ਕੀਤੀ ਜਾ ਸਕਦੀ ਹੈ ਜੇਕਰ ਮੱਕੀ ਦੀ ਬਿਜਾਈ ਸਮੇਂ ਕਤਾਰ ਤੋੋਂ ਕਤਾਰ ਦਾ ਫਾਸਲਾ 60 ਸੈ.ਮੀ. ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 20 ਸੈ.ਮੀ. ਹੋਵੇ।ਇਸ ਤਰਾਂ ਬਿਜਾਈ ਕਰਨ ਨਾਲ ਗੋਡੀ ਦੇ ਨਾਲ ਨਾਲ ਮਿੱਟੀ ਚਾੜਨ ਦਾ ਕੰਮ ਵੀ ਸੌਖਿਆਂ ਕੀਤਾ ਜਾ ਸਕਦਾ ਹੈ।ਮੱਕੀ ਦੀ ਬਿਜਾਈ ਨੁਮੈਟਿਕ ਪਲਾਂਟਰ ਨਾਲ ਜਾਂ ਵੱਟਾਂ ਉਪਰ ਚੋਗ ਕੇ ਕੀਤੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਯੂਨੀਵਰਿਸਟੀ ਦੀਆਂ ਸਿਫਾਰਸ਼ਾਂ ਅਨੁਸਾਰ ਮੱਕੀ ਦੀ ਕਾਸ਼ਤ ਕੀਤੀ ਜਾਵੇੇ ਤਾਂ ਕਿਸਾਨ ਚੰਗੀ ਆਮਦਨ ਕਮਾ ਸਕਦੇ ਹਨ। ਯੂਨੀਵਰਸਿਟੀ ਦੇ ਕੀਟ ਵਿਗਿਆਨੀ ਡਾ. ਜਵਾਲਾ ਜਿੰਦਲ ਨੇ ਬੀਜ ਦੀ ਸੋਧ ਅਤੇ ਮੱਕੀ ਦੀ ਫਸਲ ’ਤੇ ਹਮਲਾ ਕਰਨ ਵਾਲੇ ਵੱਖ ਵੱਖ ਕੀਟ ਪਤੰਗਿਆਂ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ। ਪੌਦ ਸੁੱਰਖਿਆ ਮਾਹਿਰ ਡਾ ਹਰਲੀਨ ਕੌਰ ਨੇ ਅਤੇ ਡਾ. ਤੋਸ਼ ਗਰਗ ਨੇ ਨਦੀਨਾਂ ਦੀ ਰੋਕਥਾਮ ਲਈ, ਵੱਖ ਵੱਖ ਬੀਮਾਰੀਆਂ ਤੋ ਬਚਾਅ ਦੇ ਢੰਗ ਤਰੀਕਿਆਂ ਸਮੇਤ ਹੋਰ ਜਾਣਕਾਰੀ ਸਾਂਝੀ ਕੀਤੀ। ਇਸੇ ਤਰ੍ਹਾਂ ਮਾਹਿਰਾਂ ਨੇ ਖਾਦਾਂ ਦੀ ਵਰਤੋਂ ਬਿਜਾਈ ਅਤੇ ਕਟਾਈ ਦੇ ਢੰਗ ਤਰੀਕੇ, ਸਿੰਚਾਈ ਆਦਿ ਸਬੰਧੀ ਵੀ ਸਿਖਲਾਈ ਦਿੱਤੀ। ਕੇਵੀਕੇ ਗੁਰਦਾਸਪੁਰ ਦੇ ਇੰਜੀ. ਰਵਿੰਦਰ ਸਿੰਘ ਛੀਨਾ ਨੇ ਮੱਕੀ ਦੀ ਬਿਜਾਈ ਅਤੇ ਕਟਾਈ ਸਮੇਤ ਹੋਰ ਕੰਮਾਂ ਲਈ ਵਰਤੀ ਜਾਣ ਵਾਲੀ ਮਸ਼ੀਨਰੀ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਕਿ ਮੱਕੀ ਦੀ ਕਾਸ਼ਤ ਅਤੇ ਸਾਂਭ ਸੰਭਾਲ ਦਾ ਸਮੁੱਚਾ ਕੰਮ ਕਰਨ ਲਈ ਢੁੱਕਵੀਆਂ ਮਸ਼ੀਨਾਂ ਉਪਲੱਬਧ ਹਨ। ਅਖੀਰ ਵਿਚ ਖੇਤੀਬਾੜੀ ਅਫਸਰ ਡਾ ਮਨਪ੍ਰੀਤ ਸਿੰਘ ਅਤੇ ਡਾ. ਸ਼ਹਿਬਾਜ ਸਿੰਘ ਚੀਮਾ ਨੇ ਆਏ ਹੋਏ ਸਾਇੰਸਦਾਨਾਂ ਦਾ ਧੰਨਵਾਦ ਕੀਤਾ। ਅਤੇ ਨਾਲ ਭਰੋਸਾ ਦਵਾਇਆ ਕਿ ਜਿਲੇ ਅੰਦਰ ਮੱਕੀ ਦੀ ਕਾਸ਼ਤ ਕਰਵਾਉਣ ਲਈ ਸਰਕਾਰ ਵੱਲੋਂ ਦਿੱਤੇ ਟੀਚੇ ਨੂੰ ਵਿਭਾਗ ਦੀ ਸਮੁੱਚੀ ਟੀਮ ਸਖਤ ਮਿਹਨਤ ਕਰਕੇ ਪੂਰਾ ਕਰਨਗੇ।