ਪੰਜਾਬੀ ਯੂਨੀਵਰਸਿਟੀ ਮਹਾਨ ਕੋਸ਼ ਨੂੰ ਦਰੁਸਤ ਕਰਨ ਦੇ ਰਾਹ ’ਤੇ ਪੂਰੀ ਇਮਾਨਦਾਰੀ ਅਤੇ ਗੰਭੀਰਤਾ ਨਾਲ਼ ਪੁੱਟ ਰਹੀ ਹੈ ਕਦਮ: ਪ੍ਰੋ. ਸੰਜੀਵ ਪੁਰੀ
ਮਹਾਨ ਕੋਸ਼ ਸੰਬੰਧੀ ਬਣਾਈ ਉੱਚ ਪੱਧਰੀ ਕਮੇਟੀ, ਸੋਧਕਾਂ ਅਤੇ ਪ੍ਰਾਜੈਕਟ ਕੋਆਰਡੀਨੇਟਰ ਆਦਿ ਨਾਲ਼ ਕੀਤੀ ਗਈ ਇਕੱਤਰਤਾ
ਤਿੰਨ ਮੈਂਬਰੀ ਕਮੇਟੀ ਨੂੰ ਦਿੱਤੇ ਗਏ ਕਾਰਜ ਦਾ ਲਿਆ ਜਾਇਜ਼ਾ; ਕੀਤੇ ਅਹਿਮ ਫ਼ੈਸਲੇ
ਪਟਿਆਲਾ, 4 ਅਪ੍ਰੈਲ 2025- ਪੰਜਾਬੀ ਯੂਨੀਵਰਸਿਟੀ ਵੱਲੋਂ ਭਾਈ ਕਾਨ੍ਹ ਸਿੰਘ ਨਾਭਾ ਰਚਿਤ 'ਗੁਰੁਸ਼ਬਦਰਤਨਾਕਰ ਮਹਾਨ ਕੋਸ਼' ਵਿੱਚ ਦਰਸਾਈਆਂ ਗਈਆਂ ਗ਼ਲਤੀਆਂ ਦੇ ਮਸਲੇ ਨੂੰ ਹੱਲ ਕਰਨ ਹਿਤ ਗੰਭੀਰਤਾ ਨਾਲ਼ ਕੰਮ ਕੀਤਾ ਜਾ ਰਿਹਾ ਹੈ।
ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ ਸੰਜੀਵ ਪੁਰੀ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਮਹਾਨ ਕੋਸ਼ ਨੂੰ ਦਰੁਸਤ ਕਰਨ ਦੇ ਰਾਹ ’ਤੇ ਪੂਰੀ ਇਮਾਨਦਾਰੀ ਅਤੇ ਗੰਭੀਰਤਾ ਨਾਲ਼ ਕਦਮ ਪੁੱਟ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦੀ ਸਾਡੇ ਸਾਹਮਣੇ ਵਧੀਆ ਸਿੱਟੇ ਆਉਣਗੇ।
ਜ਼ਿਕਰਯੋਗ ਹੈ ਕਿ ਅੱਜ ਪੰਜਾਬੀ ਯੂਨੀਵਰਸਿਟੀ ਗੈਸਟ ਹਾਊਸ ਵਿਖੇ ਮਹਾਨ ਕੋਸ਼ ਸੰਬੰਧੀ ਬਣਾਈ ਉੱਚ ਪੱਧਰੀ ਕਮੇਟੀ, ਸੋਧਕਾਂ ਅਤੇ ਪ੍ਰਾਜੈਕਟ ਕੋਆਰਡੀਨੇਟਰ ਆਦਿ ਨਾਲ਼ ਰਜਿਸਟਰਾਰ ਪ੍ਰੋ ਸੰਜੀਵ ਪੁਰੀ ਦੀ ਪ੍ਰਧਾਨਗੀ ਹੇਠ ਇਕੱਤਰਤਾ ਕੀਤੀ ਗਈ। ਇਸ ਇਕੱਤਰਤਾ ਵਿੱਚ ਡੀਨ, ਅਕਾਦਮਿਕ ਮਾਮਲੇ ਪ੍ਰੋ ਨਰਿੰਦਰ ਕੌਰ ਮੁਲਤਾਨੀ, ਡਾਇਰੈਕਟਰ, ਯੋਜਨਾ ਅਤੇ ਨਿਰੀਖਣ ਡਾ. ਜਸਵਿੰਦਰ ਸਿੰਘ ਅਤੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੇ ਮੁਖੀ ਡਾ. ਪਰਮਿੰਦਰਜੀਤ ਕੌਰ ਵੀ ਹਾਜ਼ਿਰ ਰਹੇ।
ਇਸ ਇਕੱਤਰਤਾ ਵਿੱਚ ਪਿਛਲੇ ਸਮੇਂ ਦੌਰਾਨ ਮਹਾਨ ਕੋਸ਼ ਵਿੱਚ ਦਰਸਾਈਆਂ ਗ਼ਲਤੀਆਂ ਦਾ ਸੰਕਲਨ ਕਰਨ ਲਈ ਤਿੰਨ ਮੈਂਬਰੀ ਕਮੇਟੀ ਨੂੰ ਦਿੱਤੇ ਗਏ ਕਾਰਜ ਦਾ ਜਾਇਜ਼ਾ ਲਿਆ ਗਿਆ। ਤਿੰਨੇ ਸੰਕਲਨ ਕਰਤਾਵਾਂ ਪ੍ਰੋ. ਜੋਗਾ ਸਿੰਘ, ਪ੍ਰੋ. ਓ.ਪੀ. ਵਸ਼ਿਸਟ ਅਤੇ ਪ੍ਰੋ. ਧਨਵੰਤ ਕੌਰ ਵੱਲੋਂ ਸੰਕਲਨ ਦੇ ਕਾਰਜ ਦੀਆਂ ਪੇਸ਼ ਕੀਤੀਆਂ ਰਿਪੋਰਟਾਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਵਿਚਾਰ-ਵਟਾਂਦਰੇ ਉਪਰੰਤ ਫ਼ੈਸਲਾ ਕੀਤਾ ਗਿਆ ਕਿ ਮਹਾਨ ਕੋਸ਼ ਨੂੰ ਸੋਧਣ ਲਈ ਇੱਕ ਅੰਤਿਕਾ ਤਿਆਰ ਕੀਤੀ ਜਾਵੇਗੀ। ਇਹ ਅੰਤਿਕਾ ਬਣਾਉਣ ਦੀ ਜ਼ਿੰਮੇਵਾਰੀ ਪ੍ਰੋ. ਜੋਗਾ ਸਿੰਘ ਅਤੇ ਪ੍ਰੋ. ਪਰਮਜੀਤ ਸਿੰਘ ਢੀਂਗਰਾ ਨੂੰ ਦਿੱਤੀ ਗਈ ਹੈ।
ਅਗਲੀ ਹੋਣ ਵਾਲੀ ਇਕੱਤਰਤਾ ਵਿੱਚ ਇਸ ਅੰਤਿਕਾ ਉੱਪਰ ਵਿਚਾਰ ਕੀਤਾ ਜਾਵੇਗਾ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਇਸ ਕਾਰਜ ਲਈ ਡੇਢ ਮਹੀਨੇ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ। ਯੂਨੀਵਰਸਿਟੀ ਵੱਲੋਂ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਮਹਾਨ ਕੋਸ਼ ਵਿੱਚ ਦਰਸਾਈਆਂ ਗ਼ਲਤੀਆਂ ਨੂੰ ਦਰੁਸਤ ਕਰਕੇ ਇੱਕ ਆਨਲਾਈਨ ਐਡੀਸ਼ਨ ਪ੍ਰਕਾਸ਼ਿਤ ਕੀਤਾ ਜਾਵੇਗਾ ਜਿਸ ਵਿੱਚ ਗ਼ਲਤੀਆਂ ਦਰੁਸਤ ਕਰਨ ਲਈ ਪ੍ਰੋ. ਜੋਗਾ ਸਿੰਘ, ਪ੍ਰੋ. ਓ.ਪੀ. ਵਸ਼ਿਸਟ ਅਤੇ ਪ੍ਰੋ. ਧਨਵੰਤ ਕੌਰ ਮਦਦ ਕਰਨਗੇ।