ਮੰਡੀਆਂ ਵਿੱਚ ਕਿਸਾਨਾਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਸਮੱਸਿਆ – ਹਰਚੰਦ ਸਿੰਘ ਬਰਸਟ
--- ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਕਿਹਾ - ਪੰਜਾਬ ਰਾਜ ਦੀਆਂ ਸਮੂੰਹ ਮੰਡੀਆਂ ਵਿੱਚ ਕਣਕ ਦੀ ਖਰੀਦ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ
--- ਕਿਸਾਨਾਂ ਦੀ ਸਹੂਲਤਾਂ ਲਈ ਮੰਡੀ ਬੋਰਡ ਦੇ ਮੁੱਖ ਦਫ਼ਤਰ ਵਿਖੇ ਕੰਟਰੋਲ ਰੂਮ ਕੀਤਾ ਸਥਾਪਿਤ
ਐਸ.ਏ.ਐਸ. ਨਗਰ ( ਮੋਹਾਲੀ ) 4 ਅਪ੍ਰੈਲ 2025 – ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਹਾੜੀ ਸੀਜ਼ਨ 2025-26 ਦੌਰਾਨ ਕਣਕ ਦੀ ਖਰੀਦ ਅਤੇ ਵੇਚ ਲਈ ਮੰਡੀਆਂ ਵਿੱਚ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਨਾ ਆਉਣ ਦੀ ਗੱਲ ਤੇ ਜੋਰ ਦਿੰਦਿਆਂ ਦੱਸਿਆ ਕਿ ਮੰਡੀਆਂ ਵਿੱਚ ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ ਦੀ ਸਹੂਲਤਾਂ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਹਾੜੀ ਸੀਜਨ 2025-26 ਦੀ ਸ਼ੁਰੂਆਤ 1 ਅਪ੍ਰੈਲ ਤੋਂ ਹੋ ਗਈ ਹੈ। ਇਸ ਦੇ ਲਈ ਮੰਡੀਆਂ ਅਤੇ ਖਰੀਦ ਕੇਂਦਰਾਂ ਦੀ ਸਾਫ਼-ਸਫਾਈ, ਬਿਜਲੀ, ਪੀਣ ਯੋਗ ਪਾਣੀ, ਬਾਥਰੂਮਾਂ, ਛਾਂ ਆਦਿ ਦੇ ਪ੍ਰਬੰਧ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਮੰਡੀ ਬੋਰਡ ਵੱਲੋਂ ਕਣਕ ਦੀ ਸਰਕਾਰੀ ਖਰੀਦ ਕਰਵਾਉਣ ਲਈ ਕੁੱਲ 1865 ਪੱਕੀਆਂ ਮੰਡੀਆਂ ਘੋਸ਼ਿਤ ਕੀਤੀਆਂ ਗਈਆਂ ਹਨ। ਜਿਨ੍ਹਾਂ ਵਿੱਚ 152 ਮੁੱਖ ਯਾਰਡ, 285 ਸਬ-ਯਾਰਡ ਅਤੇ 1428 ਖਰੀਦ ਕੇਂਦਰ ਆਉਂਦੇ ਹਨ। ਇਸ ਦੇ ਨਾਲ ਹੀ ਸੀਜਨ ਦੌਰਾਨ ਗੱਲਟ ਦੀ ਸਥਿਤੀ ਤੋਂ ਬਚਣ ਲਈ ਆਰਜੀ ਖਰੀਦ ਕੇਂਦਰ ਘੋਸ਼ਿਤ ਕਰਨ ਦੀ ਪ੍ਰਕਿਰਿਆ ਵੀ ਚੱਲ ਰਹੀ ਹੈ, ਜਿਸਦੇ ਤਹਿਤ 258 ਆਰਜੀ ਮੰਡੀਆਂ ਘੋਸ਼ਿਤ ਕੀਤੀਆਂ ਜਾ ਚੁੱਕੀਆਂ ਹਨ। ਚੇਅਰਮੈਨ ਨੇ ਦੱਸਿਆ ਕਿ ਸਾਲ 2024-25 ਦੌਰਾਨ ਪੰਜਾਬ ਰਾਜ ਵਿੱਚ ਕਣਕ ਦੀ ਕੁੱਲ ਆਮਦ 132.12 ਲੱਖ ਮੀਟ੍ਰਿਕ ਟਨ ਰਹੀ ਸੀ ਅਤੇ ਇਸ ਸਾਲ 2025-26 ਦੌਰਾਨ 136 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਲਈ ਪ੍ਰਬੰਧ ਕੀਤੇ ਗਏ ਹਨ। ਕਣਕ ਦੀ ਖਰੀਦ ਲਈ ਕੇਂਦਰ ਸਰਕਾਰ ਵੱਲੋਂ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ 28,894 ਕਰੋੜ ਰੁਪਏ ਦੀ ਕੈਸ਼ ਕਰੈਡਿਟ ਲਿਮਟ ਜਾਰੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਸਾਲ 2025-26 ਦੌਰਾਨ ਕਣਕ ਦਾ ਘੱਟੋ –ਘੱਟ ਖਰੀਦ ਮੁੱਲ 2425 ਰੁਪਏ ਪ੍ਰਤੀ ਕੁਇੰਟਲ ਘੋਸ਼ਿਤ ਕੀਤਾ ਗਿਆ ਹੈ, ਜੋ ਕਿ ਪਿਛਲੇ ਸਾਲ ਨਾਲੋਂ 150 ਰੁਪਏ ਵੱਧ ਹੈ। ਪਿਛਲੇ ਹਾੜੀ ਸੀਜਨ ਵਿੱਚ ਇਹ 2275 ਰੁਪਏ ਪ੍ਰਤੀ ਕੁਇੰਟਲ ਸੀ। ਉਨ੍ਹਾਂ ਦੱਸਿਆ ਕਿ ਸੀਜਨ ਦੌਰਾਨ ਕਿਸਾਨਾਂ ਦੀ ਸਹੂਲਤ ਲਈ ਮੰਡੀ ਬੋਰਡ ਦੇ ਮੁੱਖ ਦਫ਼ਤਰ ਵਿਖੇ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਕੰਟਰੋਲ ਰੂਮ ਦੇ ਟੈਲੀਫੋਨ ਨੰ. 0172-5101649 ਅਤੇ 0172-5101704 ਤੇ ਸੰਪਰਕ ਕੀਤਾ ਜਾ ਸਕਦਾ ਹੈ, ਤਾਂ ਕਿ ਸਮੱਸਿਆ ਦਾ ਤੁਰੰਤ ਨਿਪਟਾਰਾ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਸੀਜਨ ਦੌਰਾਨ ਮੰਡੀਆਂ ਵਿੱਚ ਉੱਚ-ਅਧਿਕਾਰੀਆਂ ਦੀਆਂ ਵਿਸ਼ੇਸ਼ ਟੀਮਾਂ ਦੀ ਡਿਊਟੀ ਲਗਾ ਕੇ ਚੈਕਿੰਗ ਕੀਤੀ ਜਾਵੇਗੀ। ਉਨ੍ਹਾਂ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਿਹਾ ਕਿ ਉਹ ਪੂਰੀ ਤਨਦੇਹੀ ਨਾਲ ਕਣਕ ਦੇ ਖਰੀਦ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ, ਤਾਂ ਜੋ ਕਿਸਾਨ ਬਿਨਾਂ ਕਿਸੇ ਔਕੜ ਤੋਂ ਖੁਸ਼ੀ-ਖੁਸ਼ੀ ਆਪਣੀ ਫਸਲ ਨੂੰ ਵੇਚ ਕੇ ਜਲਦ ਤੋਂ ਜਲਦ ਆਪਣੇ ਘਰ ਜਾ ਸਕਣ।