Big News: ਕਾਲੀ ਕਾਲੀ ਥਾਰ ਚਿੱਟੇ ਸਮੇਤ ਲੇਡੀ ਕਾਂਸਟੇਬਲ ਗ੍ਰਿਫਤਾਰ
ਅਸ਼ੋਕ ਵਰਮਾ
ਬਠਿੰਡਾ, 3 ਅਪ੍ਰੈਲ 2025: ਬਠਿੰਡਾ ਪੁਲਿਸ ਨੇ ਬੀਤੀ ਦੇਰ ਸ਼ਾਮ ਇੱਕ ਮਹਿਲਾ ਪੁਲਿਸ ਕਰਮਚਾਰੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਪਿਛਲੇ ਲੰਮੇ ਸਮੇਂ ਤੋਂ ਹੈਰੋਇਨ ਦੀ ਤਸਕਰੀ ਦਾ ਧੰਦਾ ਕਰ ਰਹੀ ਸੀ। ਬਠਿੰਡਾ ਪੁਲਿਸ ਨੇ ਅਦਾਲਤ ’ਚ ਪੇਸ਼ ਕਰਨ ਤੋਂ ਬਾਅਦ ਲੇਡੀ ਹੈਡ ਕਾਂਸਟੇਬਲ ਅਮਨਦੀਪ ਕੌਰ ਪੁੱਤਰੀ ਜਸਵੰਤ ਸਿੰਘ ਵਾਸੀ ਚੱਕ ਫਤਿਹ ਸਿੰਘ ਵਾਲਾ ਦਾ ਇੱਕ ਦਿਨ ਰਿਮਾਂਡ ਲਿਆ ਹੈ ਜਿਸ ਦੌਰਾਨ ਅਧਿਕਾਰੀ ਅੰਦਰਲੇ ਭੇਦ ਜਾਨਣ ਦੀ ਕੋਸ਼ਿਸ਼ ਕਰਨਗੇ। ਇਹ ਪੁਲਿਸ ਮੁਲਾਜਮ ਅਸਲ ਵਿੱਚ ਮਾਨਸਾ ਜਿਲ੍ਹੇ ਨਾਲ ਸਬੰਧ ਹੈ ਜੋ ਪਿਛਲੇ ਕਾਫੀ ਸਮੇਂ ਤੋਂ ਬਠਿੰਡਾ ਪੁਲਿਸ ਲਾਈਨ ’ਚ ਤਾਇਨਾਤ ਸੀ। ਇਸ ਮਾਮਲੇ ’ਚ ਵੱਡੀ ਗੱਲ ਇਹ ਵੀ ਹੈ ਕਿ ਬਠਿੰਡਾ ਪੁਲਿਸ ਭਾਵੇਂ ਨਸ਼ਾ ਤਸਕਰਾਂ ਨੂੰ ਫ਼ੜਨ ਦੇ ਦਾਅਵੇ ਕਰ ਰਹੀ ਹੈ ਪਰ ਆਪਣੇ ਹੀ ਕਰਮਚਾਰੀ ਦੇ ਇਸ ਤਰਾਂ ਦੇ ਮਾਮਲੇ ਵਿੱਚ ਸ਼ਾਮਿਲ ਹੋਣ ਨੇ ਖ਼ਾਕੀ ਨੂੰ ਦਾਗਦਾਰ ਕਰ ਦਿੱਤਾ ਹੈ।
ਡੀਐਸਪੀ ਸਿਟੀ ਹਰਬੰਸ ਸਿੰਘ ਨੇ ਦੱਸਿਆ ਕਿ ਵਰਧਮਾਨ ਪੁਲਿਸ ਚੌਂਕੀ ਦੇ ਇੰਚਾਰਜ ਏਐਸਆਈ ਮਨਜੀਤ ਸਿੰਘ ਅਤੇ ਐਂਟੀ ਨਾਰਕੋਟਿਕਸ ਬਿਊਰੋ ਦੀ ਟੀਮ ਨੇ ਇੱਕ ਸਾਂਝੇ ਆਪ੍ਰੇਸ਼ਨ ਤਹਿਤ ਬਾਦਲ ਰੋਡ ’ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਪੁਲਿਸ ਟੀਮ ਨੇ ਦੇਖਿਆ ਕਿ ਲਾਡਲੀ ਚੌਕ ਵਾਲੇ ਪਾਸਿਓਂ ਇੱਕ ਕਾਲੇ ਰੰਗ ਦੀ ਥਾਰ ਆ ਰਹੀ ਸੀ ਜਿਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ। ਕਾਰ ਨਾਕੇ ਦੇ ਨਜ਼ਦੀਕ ਰੁਕੀ ਤਾਂ ਇਸ ਦੌਰਾਨ ਇੱਕ ਔਰਤ ਉਸ ਵਿੱਚੋਂ ਉਤਰ ਕੇ ਭੱਜਣ ਲੱਗੀ ਜਿਸ ਨੂੰ ਮੌਕੇ ’ਤੇ ਮੌਜੂਦ ਲੇਡੀ ਕਾਂਸਟੇਬਲ ਅਤੇ ਪੁਲਿਸ ਟੀਮ ਨੇ ਕਾਬੂ ਕਰ ਲਿਆ। ਉਹਨਾਂ ਦੱਸਿਆ ਕਿ ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਗੱਡੀ ਦੇ ਗੇਅਰ ਦੇ ਕੋਲ ਇੱਕ ਡੱਬੇ ਵਿੱਚੋਂ ਮਿਲੇ ਪੋਲੀਥੀਨ ਬੈਗ ਵਿੱਚੋਂ ਹੈਰੋਇਨ ਬਰਾਮਦ ਹੋਈ ਜਿਸ ਦਾ ਵਜ਼ਨ 17.71 ਗ੍ਰਾਮ ਸੀ।
ਉਹਨਾਂ ਦੱਸਿਆ ਕਿ ਪੁੱਛਗਿੱਛ ਕਰਨ ’ਤੇ ਔਰਤ ਦੀ ਪਛਾਣ ਅਮਨਦੀਪ ਕੌਰ ਵਜੋਂ ਹੋਈ, ਜੋ ਕਿ ਚੱਕ ਫਤਿਹ ਸਿੰਘ ਵਾਲਾ ਦੀ ਰਹਿਣ ਵਾਲੀ ਹੈ। ਜਾਂਚ ਦੌਰਾਨ, ਉਸਨੇ ਕਬੂਲ ਕੀਤਾ ਕਿ ਉਹ ਪੰਜਾਬ ਪੁਲਿਸ ਵਿੱਚ ਇੱਕ ਸੀਨੀਅਰ ਕਾਂਸਟੇਬਲ ਵਜੋਂ ਤਾਇਨਾਤ ਸੀ। ਇਨ੍ਹੀਂ ਦਿਨੀਂ ਉਹ ਮਾਨਸਾ ਵਿੱਚ ਤਾਇਨਾਤ ਹੈ, ਪਰ ਹੁਣ ਉਹ ਬਠਿੰਡਾ ਪੁਲਿਸ ਲਾਈਨ ਨਾਲ ਅਟੈਚ ਹੈ। ਉਨ੍ਹਾਂ ਦੱਸਿਆ ਕਿ ਮਹਿਲਾ ਕਾਂਸਟੇਬਲ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਓਧਰ ਡੀਆਈਜੀ ਬਠਿੰਡਾ ਰੇਂਜ ਹਰਜੀਤ ਸਿੰਘ ਅਤੇ ਸੀਨੀਅਰ ਪੁਲਿਸ ਕਪਤਾਨ ਅਮਨੀਤ ਕੌਂਡਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਮਨਦੀਪ ਕੌਰ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾਏਗੀ। ਇੱਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਮੁਲਜਮ ਨੂੰ ਨੌਕਰੀ ਤੋਂ ਵੀ ਬਰਖਾਸਤ ਕੀਤਾ ਜਾ ਸਕਦਾ ਹੈ। ਇਹ ਵੀ ਪਤਾ ਲੱਗਾ ਹੈ ਕਿ ਅਮਨਦੀਪ ਕੌਰ ਖਿਲਾਫ ਪਹਿਲਾਂ ਵੀ ਨਸ਼ਾ ਤਸਕਰੀ ਦਾ ਮੁਕੱਦਮਾ ਦਰਜ ਹੈ।
ਲੰਬੇ ਸਮੇਂ ਤੋਂ ਤਸਕਰੀ ਵਿੱਚ ਸ਼ਾਮਿਲ
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅਮਨਦੀਪ ਕੌਰ ਬਠਿੰਡਾ ਵਿੱਚ ਤਾਇਨਾਤ ਸੀ। ਉਹ ਲੰਬੇ ਸਮੇਂ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰ ਰਹੀ ਸੀ, ਪਰ ਵਰਦੀ ਦੀ ਆੜ ਵਿੱਚ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਕਰਨ ਵਾਲੀ ਅਮਨਦੀਪ ਹਮੇਸ਼ਾ ਪੁਲਿਸ ਦੀ ਪਹੁੰਚ ਤੋਂ ਬਾਹਰ ਰਹੀ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਕਈ ਦਿਨਾਂ ਤੋਂ ਔਰਤ ਅਮਨਦੀਪ ਕੌਰ ਬਾਰੇ ਜਾਣਕਾਰੀ ਪ੍ਰਾਪਤ ਕਰ ਰਹੀ ਸੀ। ਇਸ ਕਾਰਵਾਈ ਤਹਿਤ ਬਠਿੰਡਾ ਪੁਲਿਸ ਨੇ ਭਰੋਸੇਯੋਗ ਸੂਚਨਾ ਦੇ ਆਧਾਰ ’ਤੇ ਬਾਦਲ ਰੋਡ ’ਤੇ ਨਾਕਾ ਲਾਇਆ ਸੀ ਜਿੱਥੇ ਪੁਲਿਸ ਨੇ ਮਹਿਲਾ ਪੁਲਿਸ ਮੁਲਾਜਮ ਅਮਨਦੀਪ ਕੌਰ ਨੂੰ ਰੰਗੇ ਹੱਥੀ ਫੜ ਲਿਆ । ਜਾਂਚ ਅਧਿਕਾਰੀ ਮਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਰਿਮਾਂਡ ਦੌਰਾਨ ਇਹ ਪਤਾ ਲਗਾਇਆ ਜਾਵੇਗਾ ਕਿ ਇਸ ਮਹਿਲਾ ਕਾਂਸਟੇਬਲ ਨੂੰ ਨਸ਼ੀਲੇ ਪਦਾਰਥ ਕਿੱਥੋਂ ਮਿਲੇ ਅਤੇ ਉਸ ਨੂੰ ਕਿੱਥੇ ਵੇਚਿਆ ਜਾਣਾ ਸੀ?
ਨਿਰਪੱਖ ਜਾਂਚ ਹੋਵੇ: ਗਗਨ
ਇਸ ਦੌਰਾਨ ਅੱਜ ਗਗਨ ਨਾਂ ਦੀ ਇੱਕ ਮਹਿਲਾ ਸਾਹਮਣੇ ਆਈ ਹੈ ਜਿਸ ਨੇ ਅਮਨਦੀਪ ਕੌਰ ਤੇ ਕਾਫੀ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਅਮਨਦੀਪ ਕੌਰ ਦੀ ਇੱਕ ਪਾਸ਼ ਕਲੋਨੀ ਵਿੱਚ ਦੋ ਕਰੋੜ ਦੀ ਕੋਠੀ ਹੈ। ਉਨ੍ਹਾਂ ਕਿਹਾ ਕਿ ਜੇਕਰ ਮਾਮਲੇ ਦੀ ਨਿਰਪੱਖ ਪੜਤਾਲ ਕੀਤੀ ਜਾਏ ਤਾਂ ਹੋਰ ਵੀ ਤੱਥ ਸਾਹਮਣੇ ਆ ਸਕਦੇ ਹਨ। ਗਗਨ ਨੇ ਦੱਸਿਆ ਕਿ ਅਮਨਦੀਪ ਕੌਰ ਦੇ ਉਸ ਦੇ ਪਤੀ ਨਾਲ ਵੀ ਕਥਿਤ ਤੌਰ ਤੇ ਨਜਾਇਜ ਸਬੰਧ ਸਨ। ਐਸਐਸਪੀ ਅਮਨੀਤ ਕੌਂਡਲ ਦਾ ਕਹਿਣਾ ਸੀ ਕਿ ਹਰ ਤੱਥ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾਏਗੀ ਅਤੇ ਦੋਸ਼ੀ ਪਾਏ ਜਾਣ ਤੇ ਬਖਸ਼ਿਆ ਨਹੀਂ ਜਾਏਗਾ।