ਇਰਾਦਾ ਕਤਲ ਦਾ ਮਾਮਲਾ ਲਮਕਾਉਣ ਦੀ ਸ਼ਿਕਾਇਤ ਮਿਲਣ ਤੋਂ ਬਾਅਦ SSP ਨੇ ਥਾਣੇਦਾਰ ਨੂੰ ਤੁਰੰਤ ਪ੍ਰਭਾਵ ਨਾਲ ਕੀਤਾ ਮੁਅੱਤਲ
- ਕਿਹਾ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਨਹੀਂ ਕੀਤੀ ਜਾਏਗੀ ਬਰਦਾਸ਼ਤ
ਰੋਹਿਤ ਗੁਪਤਾ
ਗੁਰਦਾਸਪੁਰ 3 ਅਪ੍ਰੈਲ 2025 - ਐਸਐਸਪੀ ਗੁਰਦਾਸਪੁਰ ਅਦਿੱਤੇ ਕੁਮਾਰ ਨੇ ਥਾਣਾ ਘੁੰਮਣ ਕਲਾ ਦੇ ਐਸ ਐਚ ਓ ਸੁਖਵਿੰਦਰ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਮੁਅਤੱਲ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਐਸ ਐਸ ਪੀ ਵੱਲੋਂ ਇਹ ਕਾਰਵਾਈ ਇਰਾਦਾ ਕਤਲ ਦੀ ਐਮ ਐਲ ਆਰ ਕੱਟੇ ਜਾਣ ਦੇ ਬਾਵਜੂਦ ਇੱਕ ਐਫ ਆਈ ਆਰ ਨੂੰ ਲਮਕਾਉਣ ਦੇ ਮਾਮਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਕੀਤੀ ਗਈ ਹੈ। ਜਦੋਂ ਇਸ ਬਾਰੇ ਐਸ ਐਸ ਪੀ ਆਦਿਤੇ ਕੁਮਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਅਜਿਹੀ ਕੋਈ ਵੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਜਿਸ ਨਾਲ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇ।
ਉਹਨਾਂ ਕਿਹਾ ਕਿ ਐਸ ਐਚ ਓ ਸੁਖਵਿੰਦਰ ਸਿੰਘ ਜੋ ਥਾਣਾ ਘੁੰਮਣ ਕਲਾਂ ਵਿੱਚ ਤੈਨਾਤ ਸਨ ਬਾਰੇ ਉਹਨਾਂ ਨੂੰ ਇੱਕ ਸ਼ਿਕਾਇਤ ਮਿਲੀ ਸੀ ਕਿ ਇੱਕ ਮਾਮਲੇ ਨੂੰ ਸੁਖਵਿੰਦਰ ਸਿੰਘ ਅਨਪਛਾਤੇ ਕਾਰਨਾਂ ਕਾਰਣ ਲਮਕਾ ਰਹੇ ਹਨ ਅਤੇ ਮਾਮਲਾ ਦਰਜ ਨਹੀਂ ਕੀਤਾ ਜਾ ਰਿਹਾ । ਮੁੱਢਲੀ ਤਫਤੀਸ਼ ਦੌਰਾਨ ਇਹ ਸ਼ਿਕਾਇਤ ਸਹੀ ਪਾਈ ਗਈ ਅਤੇ ਐਸ ਐਚ ਓ ਨੂੰ ਤੁਰੰਤ ਪ੍ਰਭਾਵ ਨਾਲ ਮੁਅਤਲ ਕਰ ਦਿੱਤਾ ਗਿਆ ਹੈ। ਨਾਲ ਹੀ ਉਸ ਦੇ ਖਿਲਾਫ ਵਿਭਾਗੀ ਜਾਂਚ ਵੀ ਬਿਠਾ ਦਿੱਤੀ ਗਈ ਹੈ।