ਆਕਸਫੋਰਡ ਸਕੂਲ ਭਗਤਾ ਭਾਈ ਦੇ ਵਿਹੜੇ ਵਿੱਚ ਧੂਮਧਾਮ ਨਾਲ ਮਨਾਇਆ ਵਿਸਾਖੀ ਦਾ ਤਿਉਹਾਰ
ਅਸ਼ੋਕ ਵਰਮਾ
ਭਗਤਾ ਭਾਈ ,12 ਅਪ੍ਰੈਲ 2025 : ‘ਦ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ’ ਭਗਤਾ ਭਾਈ ਵੱਲੋਂ ਹਰ ਤਿਉਹਾਰ ਪੂਰੀ ਸ਼ਰਧਾ ਭਾਵਨਾ ਨਾਲ ਮਨਾਉਣ ਦੀ ਰਵਾਇਤ ਤਹਿਤ
ਖਾਲਸੇ ਦਾ ਜਨਮ ਦਿਹਾੜਾ ਭਾਵ “ਖ਼ਾਲਸਾ-ਸਿਰਜਨਾ ਦਿਵਸ” ਅਤੇ ਵਿਸਾਖੀ ਦਾ ਤਿਉਹਾਰ ਬੜੀ ਹੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਸਵੇਰ ਦੀ ਸਭਾ ਦੌਰਾਨ ਸ਼ੁਰੂ ਹੋਏ ਰੰਗਾ-ਰੰਗ ਪੋ੍ਰਗਰਾਮ ਦਾ ਆਗਮਨ ਸ਼ਬਦ “ਦੇਹ ਸ਼ਿਵਾ ਵਰ ਮੋਹਿ ਇਹੈ ” ਨਾਲ ਹੋਇਆ। ਇਸ ਸਮੇਂ ਸਕੂਲ ਦੇ ਚਾਰ ਹਾਊਸਾਂ ਵੱਲੋਂ ਲੋਕ-ਗੀਤ, ਗਿੱਧਾ, ਭੰਗੜਾ ਪੇਸ਼ ਕੀਤੇ ਗਏ। ਗਿੱਧਾ-ਭੰਗੜਾ ਪੇਸ਼ ਕਰਦੇ ਵਿਦਿਆਰਥੀਆਂ ਨੇ ਤਾਂ ਸਾਰਾ ਪੰਡਾਲ ਹੀ ਝੂਮਣ ਲਾ ਦਿੱਤਾ।ਨਰਸਰੀ ਜਮਾਤ ਦੀਆਂ ਨੰਨ੍ਹੀਆਂ ਵਿਦਿਆਰਥਣਾਂ ਨੇ ਨੱਚ ਕੇ ਸਭ ਦਾ ਮਨ ਮੋਹ ਲਿਆ। ਇਸ ਸਮੇਂ ਖਾਲਸਾ ਪੰਥ ਨੂੰ ਸਮਰਪਿਤ ਇੱਕ ਸਮੂਹ ਗੀਤ ਵੀ ਪੇਸ਼ ਕੀਤਾ ਗਿਆ।ਪ੍ਰੋਗਰਾਮ ਉਦੋਂ ਸਿਖਰ ਤੇ ਪਹੁੰਚ ਗਿਆ ਜਦੋਂ ਨਿਹੰਗ-ਸਿੰਘਾਂ ਦੀ ਪੁਸ਼ਾਕ ਵਿੱਚ ਸਜੇ ਵਿਦਿਆਰਥੀਆਂ ਨੇ ਗਤਕੇ ਦੀ ਪੇਸ਼ਕਾਰੀ ਕੀਤੀ।ਗੁਰਸਿੱਖੀ ਬਾਣੇ ਵਿੱਚ ਸਜੇ ਵਿਦਿਆਰਥੀਆਂ ਨੇ ਗਤਕੇ ਵਿੱਚ ਅਨੇਕਾਂ ਹੀ ਦਿਲ ਕੰਬਾਊ ਜੌਹਰ ਵਿਖਾਏ।
ਇਸ ਮੌਕੇ ਤੇ ਹਾਊਸ ਡਿਸਪਲੇਅ ਬੋਰਡ ਡੈਕੋਰੇਸ਼ਨ ਮੁਕਾਬਲੇ ਵੀ ਕਰਵਾਏ ਗਏ। ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਤਿਉਹਾਰ ਸਾਨੂੰ ਵਿਰਸੇ ਵਿੱਚ ਮਿਲੇ ਹਨ ਅਤੇ ਅਸੀਂ ਬਹੁਤ ਭਾਗਾਂ ਵਾਲੇ ਹਾਂ ਕਿ ਅਸੀਂ ਇੱਕ ਅਮੀਰ ਵਿਰਸੇ ਦੇ ਮਾਲਕ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਵਿਰਸੇ, ਸੱਭਿਆਚਾਰ ਨਾਲ ਜੁੜੇ ਰਹਿਣਾ ਚਾਹੀਦਾ ਹੈ।“ਖ਼ਾਲਸਾ ਸਿਰਜਨਾ ਦਿਵਸ” ਤੇ ਚਾਨਣਾ ਪਾਉਦਿਆਂ ਸ੍ਰੀ ਬਾਂਸਲ ਜੀ ਨੇ ਕਿਹਾ ਕਿ ਇਹ ਦਿਵਸ ਸਾਨੂੰ ਜਾਤ-ਪਾਤ ਦਾ ਖੰਡਨ ਕਰਕੇ ਇੱਕ ਹੋਣ ਦਾ ਸੁਨੇਹਾ ਦਿੰਦਾ ਹੈ।ਇਸ ਲਈ ਸਾਨੂੰ “ਸਭੈ ਸਾਂਝੀਵਾਲ ਸਦਾਇਣ” ਦੀ ਧਾਰਨਾ ਤੇ ਪਹਿਰਾ ਦੇਣਾ ਚਾਹੀਦਾ ਹੈ। ਇਸ ਸਮੇਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਸ. ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ (ਵਾਈਸ ਚੇਅਰਮੈਨ) , ਗੁਰਮੀਤ ਸਿੰਘ ਗਿੱਲ ਸਰਪੰਚ (ਵਿੱਤ-ਸਕੱਤਰ) ਨੇ ਵੀ ਵਿਦਿਆਰਥੀਆਂ ਨੂੰ ਆਪਣੇ ਵਿਰਸੇ ਅਤੇ ਸੱਭਿਆਚਾਰ ਨਾਲ ਜੁੜਨ ਦਾ ਸੁਨੇਹਾ ਦਿੱਤਾ ਅਤੇ ਹਰ ਵਿਦਿਆਰਥੀ ਨੂੰ ਕਿਸੇ ਨਾ ਕਿਸੇ ਐਕਟੀਵਿਟੀ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ।