ਵੀਰ ਮੇਰੇ ਨੇ ਚਰਖਾ ਦਿੱਤਾ ਭਾਬੋ ਨੇ ਫੁਲਕਾਰੀ
ਜੁਗ ਜੁਗ ਜੀ ਭਾਬੋ ਲੱਗੇ ਵੀਰ ਤੋਂ ਪਿਆਰੀ .....
ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਮਹਿਲਾਵਾਂ ਲਈ ‘ਫੁੱਲਕਾਰੀ ਨਾਈਟ’ 31 ਮਈ ਨੂੰ-ਰੰਗਦਾਰ ਪੋਸਟਰ ਜਾਰੀ
ਔਕਲੈਂਡ 14 ਅਪ੍ਰੈਲ 2025 (ਹਰਜਿੰਦਰ ਸਿੰਘ ਬਸਿਆਲਾ)-ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਨਿਊਜ਼ੀਲੈਂਡ ਵੱਲੋਂ 31 ਮਈ ਦਿਨ ਸ਼ਨੀਵਾਰ ਨੂੰ ਡਿਊ ਡ੍ਰਾਪ ਈਵੈਂਟ ਸੈਂਟਰ ਮੈਨੁਕਾਓ ਵਿਖੇ ਸ਼ਾਮ 6 ਵਜੇ ਤੋਂ ਦੇਰ ਰਾਤ ਤੱਕ ‘ਫੁੱਲਕਾਰੀ ਲੇਡੀਜ਼ ਨਾਈਟ’ ਕਰਵਾਈ ਜਾ ਰਹੀ ਹੈ। ਅੱਜ ਇਸ ਸਬੰਧੀ ਰੰਗਦਾਰ ਪੋਸਟਰ ਲਵ ਪੰਜਾਬ ਰੈਸਟੋਰੈਂਟ ਮੈਨੁਰੇਵਾ ਵਿਖੇ ਮਾਲਵਾ ਕਲੱਬ ਦੀਆਂ ਮਹਿਲਾ ਮੈਂਬਰਜ਼ ਦੇ ਵੱਲੋਂ ਪੰਜਾਬੀ ਬੋਲੀਆਂ ਪਾ ਕੇ ਕੀਤਾ ਗਿਆ। ਸਿਰਫ਼ ਮਹਿਲਾਵਾਂ ਦੇ ਲਈ ਰਾਖਵੇਂ ਇਸ ਸਭਿਆਚਾਰਕ ਪ੍ਰੋਗਰਾਮ ਦੇ ਲਈ ਕੋਈ ਦਾਖਲਾ ਫੀਸ ਨਹੀਂ ਹੁੰਦੀ, ਨਾ ਹੀ ਕੋਈ ਪਾਰਕਿੰਗ ਫੀਸ ਹੁੰਦੀ ਹੈ। ਛੋਟੀਆਂ ਬੱਚੀਆਂ ਤੋਂ ਲੈ ਕੇ ਬਜ਼ੁਰਗ ਮਾਤਾਵਾਂ ਵੀ ਇਥੇ ਮਨ ਪ੍ਰਚਾਵੇ ਲਈ ਅਤੇ ਪੁਰਾਣੀਆਂ-ਨਵੀਂਆਂ ਰਵਾਇਤੀ ਪੰਜਾਬੀ ਗੀਤ-ਸੰਗੀਤ ਲਈ ਪਹੁੰਚਦੀਆਂ ਹਨ। ਨਿਊਜ਼ੀਲੈਂਡ ਵਸਦੀਆਂ ਸਮੂਹ ਮਹਿਲਾਵਾਂ ਨੂੰ ਅਪੀਲ ਕੀਤੀ ਗਈ ਕਿ ਇਸ ਦਿਨ ਸਾਰੀਆਂ ਮਹਿਲਾਵਾਂ ਪੰਜਾਬੀ ਸੂਟ, ਲਹਿੰਗੇ ਅਤੇ ਹੋਰ ਖਾਸ ਰਵਾਇਤੀ ਕੱਪੜੇ ਪਹਿਨ ਕੇ ਆਉਣ। ਫੁੱਲਕਾਰੀ ਨਾਈਟ ਦੇ ਨਾਲ-ਨਾਲ ਇਥੇ ਦੇਸੀ ਬਾਜ਼ਾਰ ਵੀ ਲੱਗੇਗਾ ਜਿਸ ਦੇ ਵਿਚ ਬਹੁਤ ਸਾਰੀਆਂ ਖਾਣ-ਪੀਣ ਦੀਆਂ ਦੁਕਾਨਾਂ, ਸੂਟਾਂ ਦੀਆਂ ਦੁਕਾਨਾਂ ਅਤੇ ਹੋਰ ਖਰੀਦੋ-ਫਰੋਖਤ ਲਈ ਸਜ਼ਾਵਟੀ ਸਮਾਨ ਦੀਆਂ ਦੁਕਾਨਾਂ ਸਜਣਗੀਆਂ। ਜਿਆਦਾ ਜਾਣਕਾਰੀ ਲਈ ਪ੍ਰਧਾਨ ਸ. ਪਰਮਿੰਦਰ ਸਿੰਘ ਤੱਖਰ, ਉਪ ਪ੍ਰਧਾਨ ਪਾਲ ਰਣੀਆ, ਸਕੱਤਰ ਗਗਨ ਧਾਲੀਵਾਲ ਅਤੇ ਸਭਿਆਚਾਰਕ ਪੈਰੀ ਭੁੱਲਰ ਨਾਲ ਦਿੱਤੇ ਫੋਨ ਨੰਬਰਾਂ ਉਤੇ ਸੰਪਰਕ ਕੀਤਾ ਜਾ ਸਕਦਾ ਹੈ।