ਲੰਡਨ: ਸ਼੍ਰੋਮਣੀ ਸਾਹਿਤਕਾਰ ਸ਼ਿਵਚਰਨ ਗਿੱਲ ਯਾਦਗਾਰੀ ਪੁਰਸਕਾਰ ਸਮਾਰੋਹ ਨਿਬੜਿਆ
ਸਾਹਿਤ, ਸੱਭਿਆਚਾਰ ਤੇ ਵਿਰਸੇ ਲਈ ਕੰਮ ਕਰਦੇ ਸਖਸ਼ਾਂ ਨੂੰ ਮਾਣ ਦੇਣਾ ਸਾਡਾ ਫਰਜ਼- ਸ਼ਿਵਦੀਪ ਢੇਸੀ
ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਬਰਤਾਨੀਆ ਦੀ ਧਰਤੀ 'ਤੇ ਪੰਜਾਬੀ ਸਾਹਿਤ, ਸੱਭਿਆਚਾਰ ਤੇ ਵਿਰਸੇ ਦੀ ਬਿਹਤਰੀ ਲਈ ਕੰਮ ਕਰ ਰਹੀਆਂ ਸਖਸ਼ੀਅਤਾਂ ਨੂੰ ਹਰ ਸਾਲ ਸਨਮਾਨਿਤ ਕਰਨ ਦਾ ਵੱਡਾ ਉਪਰਾਲਾ ਸ਼੍ਰੋਮਣੀ ਸਾਹਿਤਕਾਰ ਸ਼ਿਵਚਰਨ ਗਿੱਲ ਮੈਮੋਰੀਅਲ ਟਰੱਸਟ ਸਾਊਥਾਲ ਵੱਲੋਂ ਕੀਤਾ ਜਾ ਰਿਹਾ ਹੈ।
ਸ਼ਿਵਚਰਨ ਗਿੱਲ ਜੀ ਦੀ ਧਰਮ ਪਤਨੀ ਸ੍ਰੀਮਤੀ ਧਨਿੰਦਰ ਕੌਰ ਗਿੱਲ, ਉਹਨਾਂ ਦੀ ਬੇਟੀ ਸ਼ਿਵਦੀਪ ਕੌਰ ਢੇਸੀ ਤੇ ਦੋਹਤੀ ਡਾ. ਜਪਿੰਦਰ ਕੌਰ ਢੇਸੀ (ਓ ਬੀ ਈ) ਤੇ ਪਰਿਵਾਰ ਵੱਲੋਂ ਇਸ ਵਰ੍ਹੇ ਦਾ ਸਨਮਾਨ ਸਮਾਰੋਹ ਹੈਸਟਨ ਕਮਿਊਨਿਟੀ ਸੈਂਟਰ ਹੰਸਲੋ ਵਿਖੇ ਕਰਵਾਇਆ ਗਿਆ। ਦੋ ਭਾਗਾਂ ਵਿੱਚ ਵੰਡੇ ਇਸ ਸਮਾਗਮ ਦੇ ਪਹਿਲੇ ਭਾਗ ਵਿੱਚ ਵੱਖ-ਵੱਖ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਸ਼ਾਇਰ ਅਜੀਮ ਸ਼ੇਖਰ ਵੱਲੋਂ ਯੂਰਪੀ ਪੰਜਾਬੀ ਸੱਥ ਵਾਲਸਾਲ ਦੇ ਮੁੱਖ ਸੇਵਾਦਾਰ ਮੋਤਾ ਸਿੰਘ ਸਰਾਏ, ਵਿਸ਼ਵ ਪ੍ਰਸਿੱਧ ਨਾਵਲਕਾਰ ਹਰਜੀਤ ਅਟਵਾਲ, ਸ਼ਾਇਰਾ ਦਲਵੀਰ ਕੌਰ ਵੁਲਵਰਹੈਂਪਟਨ ਤੇ ਸ਼ਿਵਦੀਪ ਕੌਰ ਢੇਸੀ, ਡਿਪਟੀ ਮੇਅਰ ਕੌਂਸਲਰ ਸ਼ਕੀਲ ਅਕਰਮ ਨੂੰ ਸਮਾਗਮ ਦੀ ਪ੍ਰਧਾਨਗੀ ਮੰਡਲ 'ਚ ਬਿਰਾਜਮਾਨ ਹੋਣ ਦੇ ਸੱਦੇ ਨਾਲ ਹੋਈ।
.jpg)
ਇਸ ਉਪਰੰਤ ਮੋਤਾ ਸਿੰਘ ਸਰਾਏ, ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ, ਨਾਵਲਕਾਰ ਹਰਜੀਤ ਅਟਵਾਲ, ਦਲਵੀਰ ਕੌਰ, ਰਣਜੀਤ ਸਿੰਘ ਧੀਰ, ਮਨਦੀਪ ਖੁਰਮੀ ਹਿੰਮਤਪੁਰਾ, ਸ਼ਾਇਰ ਕਿਰਪਾਲ ਪੂਨੀ, ਨਾਵਲਕਾਰ ਮਹਿੰਦਰਪਾਲ ਧਾਲੀਵਾਲ, ਸ਼ਾਇਰ ਅਮਨਦੀਪ ਸਿੰਘ ਅਮਨ, ਰੰਗਮੰਚ ਕਲਾਕਾਰ ਤੇ ਨਿਰਦੇਸ਼ਕ ਤਜਿੰਦਰ ਸਿੰਧਰਾ, ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਵੱਲੋਂ ਜਗਰਾਜ ਸਿੰਘ ਸਰਾ, ਹਰਸੇਵ ਬੈਂਸ, ਰੂਪ ਦਵਿੰਦਰ ਕੌਰ, ਜਸਵਿੰਦਰ ਰੱਤੀਆਂ, ਮਨਜੀਤ ਸਿੰਘ ਬੁੱਟਰ, ਕੌਂਸਲਰ ਸ਼ਕੀਲ ਅਕਰਮ, ਕੌਂਸਲਰ ਰਾਜੂ ਸੰਸਾਰਪੁਰੀ ਆਦਿ ਵੱਲੋਂ ਸ਼ਿਵਦੀਪ ਢੇਸੀ ਦੇ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ। ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਸ਼ਿਵਦੀਪ ਕੌਰ ਢੇਸੀ ਨੇ ਜਿੱਥੇ ਹਾਜਰੀਨ ਦਾ ਧੰਨਵਾਦ ਕੀਤਾ ਉੱਥੇ ਮਰਹੂਮ ਚਿਤਰਕਾਰ ਸ੍ਰ: ਸਰੂਪ ਸਿੰਘ ਜੀ, ਨਾਵਲਕਾਰ ਜੱਗੀ ਕੁੱਸਾ ਦੀ ਮਰਹੂਮ ਬੇਟੀ ਲਾਲੀ ਕੁੱਸਾ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸਨਮਾਨ ਸਮਾਰੋਹ ਦੌਰਾਨ ਪੰਜਾਬੀ ਸਾਹਿਤ ਤੇ ਕਲਾ ਖੇਤਰ ਵਿੱਚ ਪਾਏ ਵਡਮੁੱਲੇ ਯੋਗਦਾਨ ਲਈ ਸਰਵ ਸ੍ਰੀ ਮੋਤਾ ਸਿੰਘ ਸਰਾਏ, ਜਨਾਬ ਸਲੀਮ ਖਾਨ ਗਿੰਮੀ, ਸਵ: ਗੁਰਨਾਮ ਸਿੰਘ ਗਿੱਲ, ਸ਼ਾਇਰਾ ਕੁਲਵੰਤ ਕੌਰ ਢਿੱਲੋਂ, ਬਹੁਪੱਖੀ ਸਖਸ਼ੀਅਤ ਜਤਿੰਦਰ ਪੱਤੜ, ਸ਼ਾਇਰ ਸੁਰਿੰਦਰ ਸੀਹਰਾ, ਵਿਸ਼ਵ ਪ੍ਰਸਿੱਧ ਗਾਇਕ ਚੰਨੀ ਸਿੰਘ ਦੀ ਧੀ ਗਾਇਕਾ ਮੋਨਾ ਸਿੰਘ, ਅਜੀਤ ਸਿੰਘ ਰਾਏ ਨੂੰ ਸਨਮਾਨਿਤ ਕੀਤਾ ਤਾਂ ਪੰਡਾਲ ਤਾੜੀਆਂ ਨਾਲ ਗੂੰਜ ਉੱਠਿਆ।
.jpg)
ਸਮਾਗਮ ਦੇ ਦੂਜੇ ਭਾਗ ਵਿੱਚ ਆਯੋਜਿਤ ਕੀਤੇ ਕਵੀ ਦਰਬਾਰ ਵਿੱਚ ਸਾਹਿਤਕ ਰਚਨਾਵਾਂ ਦਾ ਹੜ੍ਹ ਵਗ ਤੁਰਿਆ ਜਦੋਂ ਨਾਵਲਕਾਰ ਮਹਿੰਦਰਪਾਲ ਧਾਲੀਵਾਲ ਵੱਲੋਂ ਮੰਚ ਸੰਚਾਲਨ ਵਜੋਂ ਇੱਕ ਤੋਂ ਬਾਅਦ ਇੱਕ ਸ਼ਾਇਰ ਨੂੰ ਹਾਜਰੀਨ ਦੇ ਰੂਬਰੂ ਕੀਤਾ। ਕਵੀ ਦਰਬਾਰ ਦੌਰਾਨ ਰੂਪ ਦਵਿੰਦਰ ਕੌਰ, ਭਿੰਦਰ ਜਲਾਲਾਬਾਦੀ,ਪਰਮਿੰਦਰ ਕੌਰ ਹਾਰਫੋਰਡ, ਕਿੱਟੀ ਬੱਲ, ਗੁਰਮੇਲ ਸੰਘਾ, ਰਾਜਿੰਦਰਜੀਤ, ਜਸਵਿੰਦਰ ਰੱਤੀਆਂ, ਬਿੱਟੂ ਖੰਗੂੜਾ, ਅਮਨਦੀਪ ਕੌਰ, ਨਛੱਤਰ ਭੋਗਲ, ਰੁਪਿੰਦਰ ਗਿੱਲ, ਕੁਲਵੰਤ ਕੌਰ ਢਿੱਲੋਂ, ਮਨਜੀਤ ਕੌਰ ਪੱਡਾ, ਸ਼ਗੁਫ਼ਤਾ ਗਿੰਮੀ ਲੋਧੀ, ਗੁਰਨਾਮ ਢਿੱਲੋਂ, ਕੁਲਦੀਪ ਸਿੰਘ ਗਰੇਵਾਲ, ਜਤਿੰਦਰ ਪੱਤੜ, ਜਤਿੰਦਰ ਸਿੰਘ, ਬੇਅੰਤ ਕੌਰ, ਸੁਰਿੰਦਰ ਸੀਹਰਾ, ਕਿਰਪਾਲ ਪੂਨੀ, ਬੰਟੀ ਉੱਪਲ, ਮਨਪ੍ਰੀਤ ਸਿੰਘ ਬੱਧਨੀ, ਅਮਨਦੀਪ ਸਿੰਘ ਅਮਨ, ਨਾਹਰ ਸਿੰਘ ਗਿੱਲ, ਅਜੀਮ ਸ਼ੇਖਰ, ਕਮਲਪ੍ਰੀਤ ਕੌਰ, ਦਿਲਰਾਜ ਕੌਰ, ਮਹਿੰਦਰਪਾਲ ਧਾਲੀਵਾਲ ਆਦਿ ਵੱਲੋਂ ਗ਼ਜ਼ਲਾਂ, ਕਵਿਤਾਵਾਂ, ਨਜ਼ਮਾਂ ਰਾਹੀਂ ਮਾਹੌਲ ਨੂੰ ਚਾਰ ਚੰਨ ਲਾਏ ਗਏ। ਇਸ ਸਮੇਂ ਜਿੱਥੇ ਸ਼ਿਵਚਰਨ ਗਿੱਲ ਜੀ ਦੀਆਂ ਲਿਖਤਾਂ ਦਾ ਸੰਗ੍ਰਿਹ "ਅਲਖ" ਪੁਸਤਕ ਲੋਕ ਅਰਪਣ ਕੀਤੀ ਗਈ ਉੱਥੇ ਪੰਜ ਦਰਿਆ ਅਖ਼ਬਾਰ ਦਾ ਸ਼ਿਵਚਰਨ ਗਿੱਲ ਯਾਦਗਾਰੀ ਵਿਸ਼ੇਸ਼ ਅੰਕ ਵੀ ਲੋਕ ਅਰਪਣ ਕਰਨ ਦੀ ਰਸਮ ਅਦਾ ਕੀਤੀ ਗਈ। ਸਮਾਗਮ ਦੌਰਾਨ ਕੇਸਰ ਸਿੰਘ ਧਾਲੀਵਾਲ, ਈਲਿੰਗ ਕੌਂਸਲ ਦੀ ਸਾਬਕਾ ਮੇਅਰ ਕੌਂਸਲਰ ਮਹਿੰਦਰ ਕੌਰ ਮਿੱਢਾ, ਜੱਸੀ ਢੱਟ, ਗਾਇਕ ਪਰੇਮੀ ਜੌਹਲ, ਬਲਵਿੰਦਰ ਸਿੰਘ ਗਿੱਲ ਕੋਕਰੀ, ਸ਼ਿਵਜੋਤ ਸਿੰਘ ਗਿੱਲ, ਅਰਜਨ ਸਿੰਘ ਗਿੱਲ, ਜਸਮੀਨ ਕੌਰ ਗਿੱਲ, ਇੰਦਰਦੀਪ ਸਿੰਘ ਗਿੱਲ, ਗੁਰਨੂਰ ਸਿੰਘ ਗਿੱਲ, ਅਮ੍ਰਿਤ ਕੌਰ ਗਿੱਲ, ਰੁਪਿੰਦਰ ਕੌਰ ਗਿੱਲ, ਪੰਮੀ ਚੀਮਾ, ਟੀਨਾ ਬਖਸ਼ੀ, ਮਨਪ੍ਰੀਤ ਦਿਓਲ, ਵਰਿੰਦਰ ਖੁਰਮੀ, ਹਿੰਮਤ ਖੁਰਮੀ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।