← Go Back
ਫੀਜ਼ੀ: ‘‘ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ ॥’’
ਰਾਜਧਾਨੀ ਸੂਬਾ ਦੇ ਗੁਰਦੁਆਰਾ ਸਾਹਿਬ ਸਾਮਾਬੁੱਲਾ (1923) ਵਿਖੇ ਖਾਲਸਾ ਸਾਜਨਾ ਦਿਵਸ ਮੌਕੇ ਖੂਬ ਰੌਣਕਾਂ -ਭਾਰਤੀ ਹਾਈ ਕਮਿਸ਼ਨਰ ਨੇ ਖਾਲਸਾ ਸਾਜਨਾ ਦਿਵਸ ਮੌਕੇ ਭਰੀ ਹਾਜ਼ਰੀ ਔਕਲੈਂਡ 14 ਅਪ੍ਰੈਲ 2025 (ਹਰਜਿੰਦਰ ਸਿੰਘ ਬਸਿਆਲਾ)-ਸਿੱਖਾਂ ਦੇ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਦੀ ਧਰਤੀ ਤੋਂ ਲਗਪਗ ਸਵਾ 12 ਹਜ਼ਾਰ ਕਿਲੋਮੀਟਰ ਦੂਰ ਫੀਜ਼ੀ ਦੀ ਰਾਜਧਾਨੀ ਸਾਮਾਬੁੱਲਾ ਵਿਖੇ 1923 ਦੇ ਵਿਚ ਸਥਾਪਿਤ ਗੁਰਦੁਆਰਾ ਸਾਹਿਬ ਸਾਮਾਬੁੱਲਾ ਵਿਖੇ ਖਾਲਸਾ ਪੰਥ ਦਾ 326ਵਾਂ ਸਾਜਨਾ ਦਿਵਸ ਬੜੀ ਸ਼ਰਧਾ ਨਾਲ ਮਨਾਇਆ ਗਿਆ। 11 ਅਪ੍ਰੈਲ ਨੂੰ ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਕਰਨ ਉਪਰੰਤ ਸ੍ਰੀ ਅਖੰਠ ਪਾਠ ਸਾਹਿਬ ਆਰੰਭ ਹੋਏ। 13 ਅਪ੍ਰੈਲ ਨੂੰ ਸ੍ਰੀ ਅਖੰਠ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਕੀਰਤਨ ਦੀਵਾਨ ਸਜਿਆ। ਹਜ਼ੂਰੀ ਰਾਗੀ ਭਾਈ ਸੰਦੀਪ ਸਿੰਘ ਖਾਲਸਾ ਹੋਰਾਂ ਨੇ ਗੁਰਬਾਣੀ ਕੀਰਤਨ ਅਤੇ ਵਿਚਾਰਾਂ ਨਾਲ ਸਾਂਝ ਪਾਈ। ਇਸ ਮੌਕੇ ਫੀਜ਼ੀ ਸਥਿਤ ਭਾਰਤੀ ਦੂਤਾਵਾਸ ਤੋਂ ਹਾਈ ਕਮਿਸ਼ਨਰ ਸ੍ਰੀ ਸੁਨੀਤ ਮਹਿਤਾ ਜੀ ਖਾਸ ਤੌਰ ਉਤੇ ਪਹੁੰਚੇ। ਉਨ੍ਹਾਂ ਨੂੰ ਭਾਈ ਹਰਮੀਤ ਸਿੰਘ ਨੇ ਮੈਨੇਜਮੈਂਟ ਦੀ ਤਰਫ ਤੋਂ ਜੀ ਆਇਆਂ ਆਖਿਆ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ੍ਰੀ ਮੰਗਲ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਗੁਰੂ ਕੇ ਲੰਗਰ ਵਿਚ ਤਰ੍ਹਾਂ-ਤਰ੍ਹਾਂ ਦੇ ਪਕਵਾਨ ਬਣਾਏ ਗਏ ਅਤੇ ਵਰਤਾਏ ਗਏ। ਵਰਨਣਯੋਗ ਹੈ ਕਿ ਫੀਜ਼ੀ ਦੇ ਵਿਚ ਭਾਰਤੀ ਲੋਕ ਕੰਮ ਕਾਰ ਵਾਸਤੇ 1882 ਤੋਂ ਜਾਣੇ ਸ਼ੁਰੂ ਹੋਏ ਸਨ। ਪੰਜਾਬੀਆਂ ਦੀ ਵੱਡੀ ਆਮਦ ਵੀ ਇਸ ਦੌਰਾਨ ਇਥੇ ਆਈ। ਦੁਆਬਾ ਖੇਤਰ ਦੇ ਲੋਕ ਬਹੁ ਗਿਣਤੀ ਵਿਚ ਪਹੁੰਚੇ। ਇਸ ਵੇਲੇ ਇਥੇ 5 ਗੁਰਦੁਆਰਾ ਸਾਹਿਬਾਨ ਹਨ, ਖਾਲਸਾ ਸਕੂਲ ਅਤੇ ਖਾਲਸਾ ਕਾਲਜ ਹਨ। ਪੰਜਾਬੀਆਂ ਦੇ ਵੱਡੇ ਕਾਰੋਬਾਰ ਹਨ। ਗੁਰਦੁਆਰਾ ਸਾਹਿਬ ਸਾਮਾਬੁੱਲਾ ਆਪਣੀ 100ਵੀਂ ਵਰ੍ਹੇਗੰਢ 2023 ਵਿਚ ਮਨਾ ਚੁੱਕਾ ਹੈ।
Total Responses : 0