66 ਕੇ.ਵੀ. ਸਬਸਟੇਸ਼ਨ ਨੈੱਟਵਰਕ ਦੇ ਅਪਗ੍ਰੇਡੇਸ਼ਨ ਨਾਲ ਬਿਜਲੀ ਬੁਨਿਆਦੀ ਢਾਂਚੇ ਨੂੰ ਮਿਲੀ ਮਜ਼ਬੂਤੀ: ਈ.ਟੀ.ਓ.
• ਪਾਵਰ ਟ੍ਰਾਂਸਫਾਰਮਰਾਂ ਦੇ ਵਾਧੇ ਨਾਲ ਪੰਜਾਬ ਦੇ ਮਹੱਤਵਪੂਰਨ ਉਦਯੋਗਿਕ ਕੇਂਦਰ ਲੁਧਿਆਣਾ ਨੂੰ ਮਿਲਿਆ ਵੱਡਾ ਹੁਲਾਰਾ
ਚੰਡੀਗੜ੍ਹ, 15 ਅਪ੍ਰੈਲ 2025 - ਪੰਜਾਬ ਦੇ ਬਿਜਲੀ ਟਰਾਂਸਮਿਸ਼ਨ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਹੋਰ ਵਿਸ਼ੇਸ਼ ਕਦਮ ਚੁੱਕਦਿਆਂ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਵਿੱਤੀ ਸਾਲ 2024-25 ਦੀ ਚੌਥੀ ਤਿਮਾਹੀ ਦੌਰਾਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਦੁਆਰਾ 66 ਕੇ.ਵੀ. ਸਬਸਟੇਸ਼ਨ ਟਰਾਂਸਮਿਸ਼ਨ ਨੈੱਟਵਰਕ ਵਿੱਚ ਵਿਆਪਕ ਅਪਗ੍ਰੇਡ ਨੂੰ ਸਫ਼ਲਤਾਪੂਰਵਕ ਲਾਗੂ ਕਰਨ ਦਾ ਐਲਾਨ ਕੀਤਾ ਹੈ।
ਹਰੇਕ ਘਰ ਅਤੇ ਉਦਯੋਗ ਨੂੰ ਲੋਂੜੀਦੀ ਬਿਜਲੀ ਪਹੁੰਚਾਉਣ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕਰਦਿਆਂ ਮੰਤਰੀ ਨੇ ਕਿਹਾ ਕਿ ਪੀਐਸਪੀਸੀਐਲ ਨੇ ਬੁਨਿਆਦੀ ਢਾਂਚੇ ਵਿੱਚ ਮਹੱਤਵਪੂਰਨ ਸੁਧਾਰ ਕੀਤੇ ਗਏ ਹਨ, ਜਿਸ ਵਿੱਚ ਪਾਵਰ ਟ੍ਰਾਂਸਫਾਰਮਰਾਂ ਦਾ ਵਾਧਾ, ਨਵੇਂ 66 ਕੇਵੀ ਸਬਸਟੇਸ਼ਨ ਅਤੇ ਹਾਈ-ਵੋਲਟੇਜ ਲਾਈਨਾਂ ਦਾ ਵਿਸਥਾਰ ਕਰਨਾ ਸ਼ਾਮਲ ਹੈ।
ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਨਾਗਰਿਕਾਂ ਨੂੰ ਨਿਰਵਿਘਨ ਅਤੇ ਗੁਣਵੱਤਾ ਵਾਲੀ ਬਿਜਲੀ ਸਪਲਾਈ ਪ੍ਰਦਾਨ ਕਰਨ ਦੇ ਮਿਸ਼ਨ 'ਤੇ ਹੈ ਅਤੇ ਇਹ ਅਪਗ੍ਰੇਡ ਇਸ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ। ਉਹਨਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਵਿਕਾਸ ਅਤੇ ਆਰਥਿਕ ਵਿਕਾਸ ਨੂੰ ਸਮਰਥਨ ਦੇਣ ਲਈ ਸੂਬੇ ਦੇ ਬਿਜਲੀ ਖੇਤਰ ਨੂੰ ਮਜ਼ਬੂਤ ਕਰਨ ਲਈ ਸਮਰਪਿਤ ਹੈ।
ਵਿੱਤੀ ਸਾਲ 2024-25 ਦੌਰਾਨ ਪੀਐਸਪੀਸੀਐਲ ਨੇ ਲਗਭਗ 250 ਕਰੋੜ ਰੁਪਏ ਦੀ ਲਾਗਤ ਨਾਲ 5 ਨਵੇਂ 66 ਕੇ.ਵੀ. ਗਰਿੱਡ ਸਬਸਟੇਸ਼ਨ ਅਤੇ 101 ਪਾਵਰ ਟ੍ਰਾਂਸਫਾਰਮਰ ਲਗਾਏ ਹਨ। ਇਸ ਤੋਂ ਇਲਾਵਾ 160 ਕਰੋੜ ਰੁਪਏ ਦਾ ਨਿਵੇਸ਼ ਕਰਕੇ 66 ਕੇ.ਵੀ. ਟ੍ਰਾਂਸਮਿਸ਼ਨ ਲਾਈਨਾਂ ਨਾਲ ਲਗਭਗ 200 ਸਰਕਟ ਕਿਲੋਮੀਟਰ ਨੂੰ ਤਿਆਰ ਜਾਂ ਅਪਗ੍ਰੇਡ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਚੌਥੀ ਤਿਮਾਹੀ (ਜਨਵਰੀ ਤੋਂ ਮਾਰਚ 2025) ਦੌਰਾਨ ਲਗਭਗ 82 ਕਰੋੜ ਰੁਪਏ ਦੀ ਪ੍ਰੋਜੈਕਟ ਲਾਗਤ ਨਾਲ ਵੱਖ-ਵੱਖ ਜ਼ਿਲ੍ਹਿਆਂ ਵਿੱਚ 354 ਐਮ.ਵੀ.ਏ. ਦੀ ਕੁੱਲ ਸਮਰੱਥਾ ਵਾਲੇ 37 ਪਾਵਰ ਟ੍ਰਾਂਸਫਾਰਮਰਾਂ ਵਿੱਚ ਵਾਧਾ ਜਾਂ ਨਵੀਂ ਸਥਾਪਨਾ ਕੀਤੀ ਗਈ ਹੈ। ਇਸ ਨਾਲ ਲੁਧਿਆਣਾ, ਬਠਿੰਡਾ, ਜਲੰਧਰ, ਗੁਰਦਾਸਪੁਰ, ਬਰਨਾਲਾ ਅਤੇ ਸੰਗਰੂਰ ਵਰਗੇ ਮੁੱਖ ਖੇਤਰਾਂ ਵਿੱਚ ਬਿਜਲੀ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਹੋਇਆ ਹੈ, ਜਿਸ ਨਾਲ ਬਿਹਤਰ ਲੋਡ ਪ੍ਰਬੰਧਨ ਅਤੇ ਬਿਜਲੀ ਦੀ ਭਰੋਸੇਯੋਗਤਾ ਨੂੰ ਯਕੀਨੀ ਬਣਾਇਆ ਗਿਆ ਹੈ।
ਪੰਜਾਬ ਦੇ ਮਹੱਤਵਪੂਰਨ ਉਦਯੋਗਿਕ ਕੇਂਦਰ ਲੁਧਿਆਣਾ ਦੇ ਨਾਲ-ਨਾਲ ਰਾਜਗੁਰੂ ਨਗਰ, ਆਲਮਗੀਰ, ਦੁੱਗਰੀ, ਕੰਗਣਵਾਲ ਅਤੇ ਚੰਡੀਗੜ੍ਹ ਰੋਡ ਸਮੇਤ ਕਈ ਮੁੱਖ ਸਬਸਟੇਸ਼ਨਾਂ 'ਤੇ ਪਾਵਰ ਟ੍ਰਾਂਸਫਾਰਮਰਾਂ ਦੇ ਵਾਧੇ ਨਾਲ ਵੱਡਾ ਹੁਲਾਰਾ ਮਿਲਿਆ ਹੈ। 14 ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਵਾਲੇ ਇਨ੍ਹਾਂ ਅਪਗ੍ਰੇਡਾਂ ਨਾਲ ਸ਼ਹਿਰੀ ਅਸਟੇਟਾਂ, ਉਦਯੋਗਿਕ ਜ਼ੋਨਾਂ ਅਤੇ ਬੀਆਰਐਸ ਨਗਰ, ਪੱਖੋਵਾਲ ਰੋਡ ਅਤੇ ਫਿਰੋਜ਼ਪੁਰ ਰੋਡ ਵਰਗੇ ਵਧੇਰੇ ਮੰਗ ਵਾਲੇ ਰਿਹਾਇਸ਼ੀ ਖੇਤਰਾਂ ਵਿੱਚ ਬਿਜਲੀ ਸਪਲਾਈ ਵਿੱਚ ਮਹੱਤਵਪੂਰਨ ਵਾਧਾ ਹੋਣ ਦੀ ਸੰਭਾਵਨਾ ਹੈ। ਮਜ਼ਬੂਤ ਬੁਨਿਆਦੀ ਢਾਂਚਾ ਜ਼ਿਲ੍ਹਾ ਲੁਧਿਆਣਾ ਦੇ ਆਰਥਿਕ ਵਿਕਾਸ ਅਤੇ ਬਿਜਲੀ ਦੀ ਵਧੇਰੇ ਮੰਗ ਵਾਲੇ ਸੀਜ਼ਨਾਂ ਵਿੱਚ ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਏਗਾ।
ਬਿਜਲੀ ਮੰਤਰੀ ਸਿੰਘ ਨੇ ਅੱਗੇ ਕਿਹਾ ਕਿ ਅਜਿਹੇ ਸਰਗਰਮ ਵਿਕਾਸ ਨਾ ਸਿਰਫ਼ ਰੋਜ਼ਾਨਾ ਬਿਜਲੀ ਸਪਲਾਈ ਵਿੱਚ ਹੋਰ ਸੁਧਾਰ ਕਰਦੇ ਹਨ ਬਲਕਿ ਭਵਿੱਖ ਵਿੱਚ ਬਿਜਲੀ ਦੀ ਵਧਦੀ ਮੰਗ ਲਈ ਵੀ ਇੱਕ ਮਜ਼ਬੂਤ ਪ੍ਰਣਾਲੀ ਤਿਆਰ ਕਰਦੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਪੀਐਸਪੀਸੀਐਲ ਦੇ ਯਤਨ 'ਪਾਵਰ ਸਰਪਲੱਸ ਪੰਜਾਬ' ਦੇ ਸਾਡੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੇ ਹਨ, ਜਿੱਥੇ ਉਦਯੋਗ ਪ੍ਰਫੁਲਿੱਤ ਹੁੰਦੇ ਹਨ ਅਤੇ ਨਾਗਰਿਕਾਂ ਨੂੰ ਨਿਰਵਿਘਨ ਬਿਜਲੀ ਨਾਲ ਸਸ਼ਕਤ ਬਣਾਇਆ ਜਾਂਦਾ ਹੈ।
ਬਿਜਲੀ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀਆਂ ਬਿਜਲੀ ਪ੍ਰਣਾਲੀਆਂ ਨੂੰ ਆਧੁਨਿਕ ਬਣਾਉਣ, ਟ੍ਰਾਂਸਮਿਸ਼ਨ ਘਾਟੇ ਨੂੰ ਹੋਰ ਘਟਾਉਣ ਅਤੇ ਆਪਣੇ ਖਪਤਕਾਰਾਂ ਨੂੰ ਵਿਸ਼ਵ ਪੱਧਰੀ ਸੇਵਾ ਪ੍ਰਦਾਨ ਕਰਨ ਲਈ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਕਰਨਾ ਜਾਰੀ ਰੱਖੇਗੀ।