Babushahi Special: ਹਾਈਕੋਰਟ ਵੱਲੋਂ ‘ਸਿਆਸੀ ਮੁੱਛ ਦੇ ਵਾਲ’ ਐਕਸੀਅਨ ਦੀ ਅਗਾਊਂ ਜ਼ਮਾਨਤ ਅਰਜੀ ਖਾਰਜ
ਅਸ਼ੋਕ ਵਰਮਾ
ਬਠਿੰਡਾ,5 ਅਪਰੈਲ2025 :ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਨਗਰ ਨਿਗਮ ਬਠਿੰਡਾ ਦੇ ਐਕਸੀਅਨ ਗੁਰਪ੍ਰੀਤ ਸਿੰਘ ਬੁੱਟਰ ਵੱਲੋਂ ਅਗਾੳਂੂ ਜਮਾਨਤ ਲਈ ਦਾਇਰ ਅਰਜੀ ਰੱਦ ਕਰ ਦਿੱਤੀ ਹੈ। ਬਠਿੰਡਾ ਵਿਜੀਲੈਂਸ ਵੱਲੋਂ ਨੇ ਫਰਵਰੀ ਵਿੱਚ ਬੁੱਟਰ ਖਿਲਾਫ ਸਰੋਤਾਂ ਤੋਂ ਵੱਧ ਸੰਪਤੀ ਬਨਾਉਣ ਦੇ ਦੋਸ਼ਾਂ ਹੇਠ ਮੁਕੱਦਮਾ ਦਰਜ ਕੀਤਾ ਸੀ । ਐਕਸੀਅਨ ਗ੍ਰਿਫਤਾਰੀ ਤੋਂ ਡਰਦਾ ਫਰਾਰ ਚੱਲਿਆ ਆ ਰਿਹਾ ਹੈ ਅਤੇ ਵਿਜੀਲੈਂਸ ਉਸ ਦੀ ਪੈੜ ਨੱਪਣ ਵਿੱਚ ਹੁਣ ਤੱਕ ਅਸਫਲ ਰਹੀ ਹੈ। ਹੁਣ ਐਕਸੀਅਨ ਗੁਰਪ੍ਰੀਤ ਸਿੰਘ ਬੁੱਟਰ ਕੋਲ ਵਿਜੀਲੈਂਸ ਕੋਲ ਪੇਸ਼ ਹੋਣ ਤੋਂ ਸਿਵਾਏ ਕੋਈ ਦੂਸਰਾ ਰਾਹ ਬਚਿਆ ਨਜ਼ਰ ਨਹੀਂ ਆ ਰਿਹਾ ਹੈ। ਹਾਲਾਂਕਿ ਇੱਕ ਕਾਨੂੰਨੀ ਮਾਹਿਰ ਨੇ ਦੱਸਿਆ ਹੈ ਕਿ ਬੁੱਟਰ ਕੋਲ ਸੁਪਰੀਮ ਕੋਰਟ ਤੱਕ ਪਹੁੰਚ ਕਰਨ ਦਾ ਬਦਲ ਹੈ ਪਰ ਉੱਥੋਂ ਵੀ ਕੋਈ ਰਾਹਤ ਮਿਲਣ ਦੀ ਸੰਭਾਵਨਾ ਮੁਸ਼ਕਲ ਜਾਪਦੀ ਹੈ। ਇਸ ਤੋਂ ਪਹਿਲਾਂ ਐਕਸੀਅਨ ਨੇ ਜਿਲ੍ਹਾ ਅਦਾਲਤ ਕੋਲ ਅਗਾਊਂ ਜਮਾਨਤ ਲਈ ਅਰਜੀ ਦਿੱਤੀ ਸੀ ਜੋ ਖਾਰਜ ਹੋ ਗਈ ਸੀ।
ਇਸ ਤੋਂ ਬਾਅਦ ਗੁਰਪ੍ਰੀਤ ਬੁੱਟਰ ਨੇ ਹਾਈਕੋਰਟ ਦਾ ਦਰਵਾਜਾ ਖੜਕਾਇਆ ਜਿੱਥੇ ਅਦਾਲਤ ਨੇ ਸੁਣਵਾਈ ਲਈ 21 ਮਾਰਚ ਦਾ ਦਿਨ ਤੈਅ ਕੀਤਾ ਸੀ। ਕਿਸੇ ਕਾਰਨ ਕਾਰਨ ਉਸ ਦਿਨ ਸੁਣਵਾਈ ਨਾਂ ਹੋ ਸਕੀ ਤਾਂ ਅਦਾਲਤ ਨੇ 24 ਮਾਰਚ ਦੀ ਤਰੀਕ ਦਿੱਤੀ ਸੀ। ਇਸ ਦਿਨ ਵਿਜੀਲੈਂਸ ਵੱਲੋਂ ਗੁਰਪ੍ਰੀਤ ਸਿੰਘ ਬੁੱਟਰ ਖਿਲਾਫ ਕੋਈ ਰਿਕਾਰਡ ਨਾਂ ਪੇਸ਼ ਕਰਨ ਕਾਰਨ ਅਗਲੀ ਸੁਣਵਾਈ ਲਈ 4 ਮਾਰਚ ਦਾ ਦਿਨ ਰੱਖਿਆ ਸੀ ਜਿੱਥੇ ਹੁਣ ਗੁਰਪ੍ਰੀਤ ਬੁੱਟਰ ਨੂੰ ਹਾਈਕੋਰਟ ਤੋਂ ਝਟਕਾ ਲੱਗਿਆ ਹੈ ਤਾਂ ਉਸ ਨੂੰ ਵਿਜੀਲੈਂਸ ਕੋਲ ਜਾਂਚ ’ਚ ਸ਼ਾਮਲ ਲਈ ਪੇਸ਼ ਹੋਣ ਦਾ ਰਾਹ ਰਹਿ ਗਿਆ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਸ਼ੁੱਕਰਵਾਰ ਨੂੰ ਹੋਈ ਸੁਣਵਾਈ ਦੌਰਾਨ ਵਿਜੀਲੈਂਸ ਨੇ ਅਦਾਲਤ ਨੂੰ ਜਾਣਕਾਰੀ ਦਿੱਤੀ ਸੀ ਕਿ ਇੱਕ ਸ਼ਕਾਇਤ ਦੇ ਅਧਾਰ ਤੇ ਕੇਸ ਦਰਜ ਕਰਨ ਤੋਂ ਬਾਅਦ ਕੀਤੀ ਗਈ ਪੜਤਾਲ ਦੌਰਾਨ ਨਗਰ ਨਿਗਮ ਬਠਿੰਡਾ ਦੇ ਕਾਰਜਕਾਰੀ ਇੰਜਨੀਅਰ ਗੁਰਪ੍ਰੀਤ ਸਿੰਘ ਬੁੱਟਰ ਕੋਲ ਚੱਲ ਤੇ ਅਚੱਲ ਜਾਇਦਾਦ ਹੋਣ ਦਾ ਪਰਦਾਫਾਸ਼ ਹੋਇਆ ਹੈ ।
ਵਿਜੀਲੈਂਸ ਨੇ ਕਿਹਾ ਸੀ ਕਿ ਇਸ ਮਾਮਲੇ ਵਿੱਚ ਸਹੀ ਤੱਥ ਸਾਹਮਣੇ ਲਿਆਉਣ ਅਤੇ ਇਸ ਦੌਰਾਨ ਹੋਏ ਕਥਿਤ ਭ੍ਰਿਸ਼ਟਾਚਾਰ ਦੀ ਜਾਂਚ ਲਈ ਬੁੱਟਰ ਦੀ ਗ੍ਰਿਫਤਾਰੀ ਅਤੇ ਹਿਰਾਸਤੀ ਪੁੱਛਗਿਛ ਲਾਜਮੀ ਹੈ। ਵਿਜੀਲੈਂਸ ਨੇ ਇਹ ਵੀ ਕਿਹਾ ਸੀ ਕਿ ਇਸ ਦੌਰਾਨ ਬੈਂਕ ਖਾਤਿਆਂ ਦੇ ਨਾਲ ਬੁੱਟਰ ਅਤੇ ਉਸ ਦੇ ਪ੍ਰੀਵਾਰਕ ਮੈਂਬਰਾਂ ਦੇ ਨਾਮ ਤੇ ਚੱਲ ਜਾਂ ਅਚੱਲ ਸੰਪਤੀ ਦੇ ਵੇਰਵੇ ਇਕੱਠੇ ਕਰਨੇ ਵੀ ਜਰੂਰੀ ਹੈ। ਇਸ ਤੋਂ ਬਾਅਦ ਹੁਣ ਐਕਸੀਅਨ ਗੁਰਪ੍ਰੀਤ ਸਿੰਘ ਬੁੱਟਰ ਨੂੰ ਵਿਜੀਲੈਂਸ ਕੋਲ ਪੇਸ਼ ਹੋਕੇ ਜਾਂਚ ’ਚ ਸ਼ਾਮਲ ਹੋਣਾ ਪੈਣਾ ਹੈ। ਗੌਰਤਲਬ ਹੈ ਕਿ ਆਪਣੇ ਖਿਲਾਫ ਮੁਕੱਦਮਾ ਦਰਜ ਹੋਣ ਤੋਂ ਬਾਅਦ ਗੁਰਪ੍ਰੀਤ ਸਿੰਘ ਬੁੱਟਰ ਲਗਾਤਾਰ ਫਰਾਰ ਹੈ। ਹਾਲਾਂਕਿ ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੁੱਟਰ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਫਿਰ ਵੀ ਇੱਕ ਵਿਅਕਤੀ ਨੂੰ ਲੱਭ ਨਾਂ ਸਕਣ ਕਾਰਨ ਵਿਜੀਲੈਂਸ ਕਾਰਗੁਜ਼ਾਰੀ ਤੇ ਕਈ ਤਰਾਂ ਦੇ ਸਵਾਲ ਖੜ੍ਹੇ ਹੋਣ ਲੱਗੇ ਹਨ।
ਲੋਕ ਆਖਦੇ ਹਨ ਕਿ ਨਗਰ ਨਿਗਮ ਦੇ ਇਸ ਅਫਸਰ ਨੂੰ ਧਰਤੀ ਨਿਗਲ ਗਈ ਜਾਂ ਅਸਮਾਨ ਖਾ ਗਿਆ ਜੋ ਹੁਣ ਤੱਕ ਪੁਲਿਸ ਦੀ ਪਹੁੰਚ ਤੋਂ ਬਾਹਰ ਹੈ। ਸ਼ਹਿਰ ’ਚ ਚੁੰਝ ਚਰਚਾ ਹੈ ਕਿ ਐਕਸੀਅਨ ਬੁੱਟਰ ਦੀ ਨਾਂ ਕੇਵਲ ਉੱਚ ਪੱਧਰ ਤੱਕ ਤਕੜੀ ਪਹੁੰਚ ਹੈ ਬਲਕਿ ਹਰ ਸਰਕਾਰ ਦੌਰਾਨ ਉਹ ਸਿਆਸੀ ਲੋਕਾਂ ਦੇ ਚਹੇਤਾ ਰਿਹਾ ਹੈ ਜਿੰਨ੍ਹਾਂ ਦੀ ਛਤਰ ਛਾਇਆ ਹੇਠ ਉਹ ਖੁੱਲ੍ਹਕੇ ਖੇਡ੍ਹਦਾ ਰਿਹਾ ਹੈ ਤਾਂ ਹੀ ਤਾਂ ਉਹ ਹੁਣ ਤੱਕ ਪੁਲਿਸ ਦੇ ਹੱਥ ਨਹੀਂ ਲੱਗ ਸਕਿਆ ਹੈ। ਵਿਜੀਲੈਂਸ ਪੜਤਾਲ ਮੁਤਾਬਕ ਬੁੱਟਰ ਤੇ ਦੋਸ਼ ਹਨ ਕਿ ਉਸ ਨੇ ਆਪਣੀ ਆਮਦਨ ਤੋਂ ਵੱਧ 1.83 ਕਰੋੜ ਰੁਪਏ ਦੀ ਜਾਇਦਾਦ ਬਣਾਈ ਹੈ। ਸੂਤਰ ਦੱਸਦੇ ਹਨ ਕਿ ਮਾਮਲੇ ਦੀ ਪੜਤਾਲ ਦੌਰਾਨ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ। ਸੂਤਰਾਂ ਮੁਤਾਬਕ ਵਿਜੀਲੈਂਸ ਨੂੰ ਬੁੱਟਰ ਦੀ ਕਥਿਤ ਪੁਸ਼ਤਪਨਾਹੀਂ ਕਰਨ ਵਾਲੇ ਕੁੱਝ ਸਿਆਸੀ ਲੋਕਾਂ ਬਾਰੇ ਵੀ ਜਾਣਕਾਰੀ ਮਿਲੀ ਹੈ ਜੋ ਹੁਣ ਅਧਿਕਾਰੀਆਂ ਦੇ ਰੇਡਾਰ ਤੇ ਹਨ।
ਵਿਜੀਲੈਂਸ ਦਾ ਪਹਿਲਾ ਪੱਖ
ਵਿਜੀਲੈਂਸ ਦੇ ਡੀਐਸਪੀ ਕੁਲਵੰਤ ਸਿੰਘ ਲਹਿਰੀ ਦਾ ਕਹਿਣਾ ਸੀ ਕਿ ਕਾਫੀ ਮੁਸ਼ੱਕਤ ਤੋਂ ਬਾਅਦ ਗੁਰਪ੍ਰੀਤ ਬੁੱਟਰ ਦੀ ਜਮਾਨਤ ਦੀ ਅਰਜੀ ਰੱਦ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਬੁੱਟਰ ਨੂੰ ਗ੍ਰਿਫਤਾਰ ਕਰਨ ਲਈ ਪਹਿਲਾਂ ਤੋਂ ਹੀ ਯਤਨ ਜਾਰੀ ਹਨ ਪਰ ਹੁਣ ਨਵੀਂ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਵਿਜੀਲੈਂਸ ਅੱਗੇ ਪੇਸ਼ ਹੋਣਾ ਜਾਂ ਨਾਂ ਹੋਣਾ ਉਸ ਦਾ ਆਪਣਾ ਫੈਸਲਾ ਹੋ ਸਕਦਾ ਹੈ ਪਰ ਜਾਂਚ ਟੀਮ ਉਸ ਨੂੰ ਕਾਬੂ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ।
ਹਰ ਹਕੂਮਤ ’ਚ ਬੁੱਟਰ ਸਰਦਾਰ
ਆਮ ਆਦਮੀ ਪਾਰਟੀ ਦੀ ਸਰਕਾਰ ਦੇ ਤੀਜੇ ਸਾਲ ਐਕਸੀਅਨ ਗੁਰਪ੍ਰੀਤ ਸਿੰਘ ਬੁੱਟਰ ਖਿਲਾਫ ਕੋਈ ਐਕਸ਼ਨ ਹੋਇਆ ਹੈ ਨਹੀਂ ਤਾਂ ਇਸ ਤੋਂ ਪਹਿਲਾਂ ਅਕਾਲੀ ਸਰਕਾਰ ਦੌਰਾਨ ਬਠਿੰਡਾ ਦੇ ਅਕਾਲੀ ਲੀਡਰਾਂ ਦੇ ਥਾਪੜੇ ਨਾਲ ਬੁੱਟਰ ਦੀ ਤੂਤੀ ਬੋਲਦੀ ਰਹੀ ਸੀ। ਕਾਂਗਰਸ ਦੇ ਰਾਜ ਦੌਰਾਨ ਉਹ ਇੱਕ ਚਰਚਿਤ ਸਿਆਸੀ ਆਗੂ ਦੀਆਂ ਅੱਖਾਂ ਦਾ ਤਾਰਾ ਰਿਹਾ ਅਤੇ ਕਾਂਗਰਸੀ ਹਕੂਮਤ ਨੇ ਬੁੱਟਰ ਨੂੰ ਤਰੱਕੀ ਵੀ ਦਿੱਤੀ ਸੀ। ਭਗਵੰਤ ਮਾਨ ਸਰਕਾਰ ਬਣਦਿਆਂ ਬੁੱਟਰ ਦੀ ਬਦਲੀ ਕਰ ਦਿੱਤੀ ਗਈ ਪਰ ਉਹ ਮੁੜ ਬਠਿੰਡਾ ਆ ਗਿਆ ਸੀ। ਪਿਛੇ ਜਿਹੇ ਇੱਕ ਕਾਂਗਰਸੀ ਆਗੂ ਨੇ ਮੰਤਰੀ ਨੂੰ ਬੁੱਟਰ ਖਿਲਾਫ ਸ਼ਕਾਇਤ ਵੀ ਦਿੱਤੀ ਸੀ।
2 | 8 | 3 | 8 | 5 | 4 | 7 | 5 |