ਤਹੱਵੁਰ ਰਾਣਾ ਨੇ ਅਦਾਲਤ ਵਿੱਚ ਕੀਤੀ ਅਪੀਲ: ਪੜ੍ਹੋ ਕੀ ਕਿਹਾ ?
ਨਵੀਂ ਦਿੱਲੀ, 12 ਅਪ੍ਰੈਲ 2025 : 26/11 ਮੁੰਬਈ ਹਮਲਿਆਂ ਦੇ ਮੁੱਖ ਸਾਜ਼ਿਸ਼ਕਾਰਾਂ 'ਚੋਂ ਇੱਕ ਤਹਵੁਰ ਹੁਸੈਨ ਰਾਣਾ ਨੇ ਅਦਾਲਤ ਵਿੱਚ ਅਰਜ਼ੀ ਦਿੰਦਿਆਂ ਕਿਹਾ ਕਿ ਉਹ ਨਹੀਂ ਚਾਹੁੰਦਾ ਕਿ ਉਸਦੇ ਕੇਸ ਦੀ ਵਕਾਲਤ ਕੋਈ ਅਜਿਹਾ ਵਕੀਲ ਕਰੇ ਜੋ ਇਸ ਰਾਹੀਂ ਆਪਣੇ ਲਈ ਨਾਮ ਜਾਂ ਪ੍ਰਸਿੱਧੀ ਬਣਾਉਣ ਦੀ ਕੋਸ਼ਿਸ਼ ਕਰੇ।
ਵੀਰਵਾਰ ਦੀ ਰਾਤ 10 ਵਜੇ, ਰਾਣਾ ਦੀ ਰਸਮੀ ਗ੍ਰਿਫ਼ਤਾਰੀ ਤੋਂ ਬਾਅਦ, ਐਨਆਈਏ ਨੇ ਉਸਨੂੰ ਪਟਿਆਲਾ ਹਾਊਸ ਕੋਰਟ ਦੀ ਵਿਸ਼ੇਸ਼ ਐਨਆਈਏ ਅਦਾਲਤ ਵਿੱਚ ਪੇਸ਼ ਕੀਤਾ। ਜਾਂਚ ਏਜੰਸੀ ਨੇ 20 ਦਿਨਾਂ ਦੀ ਹਿਰਾਸਤ ਦੀ ਮੰਗ ਕੀਤੀ, ਪਰ ਜੱਜ ਚੰਦਰ ਜੀਤ ਸਿੰਘ ਨੇ 18 ਦਿਨਾਂ ਦੀ ਮਨਜ਼ੂਰੀ ਦਿੱਤੀ। ਰਾਣਾ ਨੂੰ ਹੁਣ ਐਨਆਈਏ ਹੈੱਡਕੁਆਰਟਰ ਵਿਖੇ ਪੁੱਛਗਿੱਛ ਲਈ ਲੈ ਜਾਇਆ ਜਾਵੇਗਾ।
ਅਦਾਲਤ ਨੇ ਕੀ ਕਿਹਾ?
ਜੱਜ ਨੇ ਆਪਣੇ ਹੁਕਮ ਵਿੱਚ ਕਿਹਾ ਕਿ ਰਾਣਾ ਦੀ ਅਪੀਲ ਨੂੰ ਮੰਨਿਆ ਜਾਂਦਾ ਹੈ ਅਤੇ ਕਾਨੂੰਨੀ ਸੇਵਾਵਾਂ ਦੇ ਅਧੀਨ ਨਿਯੁਕਤ ਵਕੀਲ ਮੀਡੀਆ — ਚਾਹੇ ਉਹ ਪ੍ਰਿੰਟ, ਡਿਜੀਟਲ ਜਾਂ ਇਲੈਕਟ੍ਰਾਨਿਕ ਹੋਵੇ — ਨਾਲ ਕੋਈ ਗੱਲਬਾਤ ਨਹੀਂ ਕਰਨਗੇ। ਜੇਕਰ ਮੀਡੀਆ ਨੂੰ ਕਿਸੇ ਵਕੀਲ ਦੀ ਜਾਣਕਾਰੀ ਪਹਿਲਾਂ ਨਹੀਂ, ਤਾਂ ਉਹ ਜਾਣਕਾਰੀ ਸਾਂਝੀ ਨਹੀਂ ਕੀਤੀ ਜਾਵੇਗੀ।
ਸੁਰੱਖਿਆ ਅਤੇ ਸੁਵਿਧਾਵਾਂ 'ਤੇ ਵੀ ਜ਼ੋਰ
ਅਦਾਲਤ ਨੇ ਇਹ ਵੀ ਹੁਕਮ ਦਿੱਤਾ ਕਿ ਰਾਣਾ ਨੂੰ ਆਪਣੇ ਵਕੀਲ ਨਾਲ ਸੰਪਰਕ ਵਿੱਚ ਰਹਿਣ ਅਤੇ ਹਦਾਇਤਾਂ ਦੇਣ ਲਈ ਇੱਕ ਸਾਫਟ ਟਿਪ ਪੈੱਨ ਅਤੇ ਕਾਗਜ਼ ਦਿੱਤੇ ਜਾਣ। ਇਹ ਇੰਤਜ਼ਾਮ ਇਸ ਲਈ ਕੀਤਾ ਗਿਆ ਹੈ ਤਾਂ ਜੋ ਉਹ ਆਪਣੇ ਆਪ ਨੂੰ ਕੋਈ ਨੁਕਸਾਨ ਨਾ ਪਹੁੰਚਾ ਸਕੇ ਅਤੇ ਕਾਨੂੰਨੀ ਕਾਰਵਾਈ ਰੁਕਾਵਟ-ਰਹਿਤ ਚੱਲੇ।
ਤਹਵੁਰ ਰਾਣਾ ਦੀ ਅਗਲੀ ਪੇਸ਼ੀ ਅਤੇ ਜਾਂਚ ਦੀ ਅੱਗੇ ਦੀ ਰਣਨੀਤੀ 'ਤੇ ਹਰ ਨਜ਼ਰ ਟਿਕੀ ਹੋਈ ਹੈ।