ਗਊ ਹੱਤਿਆ ਮਾਮਲੇ ਵਿਚ 5 ਗ੍ਰਿਫ਼ਤਾਰ
- ਸਰਗਨਾ ਅਜੇ ਫ਼ਰਾਰ
ਰਵਿੰਦਰ ਢਿੱਲੋਂ
ਮਾਛੀਵਾੜਾ, 13 ਅਪ੍ਰੈਲ 2025 - ਸਰਹਿੰਦ ਨਹਿਰ ਕਿਨਾਰੇ ਜੰਗਲੀ ਖੇਤਰ ਵਿਚ ਗਊ ਹੱਤਿਆ ਮਾਮਲੇ ਵਿਚ ਪੁਲਸ ਵਲੋਂ ਪੂਰੀ ਤਰ੍ਹਾਂ ਮੁਸ਼ਤੈਦੀ ਵਰਤਦਿਆਂ 13 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਅਤੇ 5 ਨੂੰ ਗ੍ਰਿਫ਼ਤਾਰ ਕਰ ਲਿਆ। ਡੀਐੱਸਪੀ ਤਰਲੋਚਨ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਮਾਛੀਵਾੜਾ ਦੇ ਜੰਗਲੀ ਖੇਤਰ ਵਿਚ ਜੋ ਗਊਆਂ ਦੀ ਹੱਤਿਆ ਕਰ ਜੋ ਨਾਜਾਇਜ਼ ਬੁੱਚੜਖਾਨਾ ਚਲਾਇਆ ਜਾ ਰਿਹਾ ਸੀ ਜਿਸ ਸਬੰਧੀ ਐੱਸ.ਐੱਸ.ਪੀ. ਜੋਤੀ ਯਾਦਵ ਅਤੇ ਐੱਸ.ਪੀ. ਪਵਨਜੀਤ ਦੇ ਨਿਰਦੇਸ਼ਾਂ ਹੇਠ ਪੁਲਸ ਟੀਮਾਂ ਦਾ ਗਠਨ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਥਾਣਾ ਮੁਖੀ ਹਰਵਿੰਦਰ ਸਿੰਘ, ਸਮਰਾਲਾ ਥਾਣਾ ਮੁਖੀ ਪਵਿੱਤਰ ਸਿੰਘ ਦੀ ਅਗਵਾਈ ਹੇਠ ਪੁਲਸ ਟੀਮਾਂ ਨੇ ਸਾਰੀ ਰਾਤ ਸਖ਼ਤ ਮਿਹਨਤ ਕਰ ਇਨ੍ਹਾਂ ਗਊਆਂ ਹੱਤਿਆ ਕਰਨ ਵਾਲਿਆਂ ਦਾ ਪਿੱਛਾ ਕੀਤਾ ਜਿਨ੍ਹਾਂ ’ਚੋਂ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਿਨ੍ਹਾਂ ਦੀ ਪਹਿਚਾਣ ਅਯੂਬ, ਸਲੀਮ, ਸਵੀਰ, ਯੂਸਫ਼, ਵਸ਼ੀਰ ਵਾਸੀਆਨ ਪਵਾਤ ਪੁਲ ਵਜੋਂ ਹੋਈ ਹੈ। ਡੀਐੱਸਪੀ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਖਿਲਾਫ਼ ਬਹੁਤ ਸਖ਼ਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਲਦ ਹੀ ਇਹ ਗਊ ਹੱਤਿਆ ਕਰਨ ਵਾਲੇ ਵਿਅਕਤੀਆਂ ਦਾ ਸਰਗਨਾ ਕਾਬੂ ਕਰ ਲਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਇੱਕ ਵਿਅਕਤੀ ਖਿਲਾਫ਼ ਪਹਿਲਾਂ ਵੀ ਗਊ ਮਾਸ ਤਸਕਰੀ ਦਾ ਮਾਮਲਾ ਦਰਜ ਹੈ। ਜਾਣਕਾਰੀ ਅਨੁਸਾਰ ਜਿੱਥੇ ਗਊਆਂ ਦੀ ਹੱਤਿਆ ਕੀਤੀ ਜਾ ਰਹੀ ਸੀ ਉੱਥੋਂ ਮਿਲਿਆ ਫਰਸ਼ੀ ਕੰਡਾ ਤੇ ਨਵੇਂ ਲਿਫ਼ਾਫਿਆਂ ਤੋਂ ਇਹ ਸਾਬਿਤ ਹੋਇਆ ਕਿ ਇਹ ਵਿਅਕਤੀ ਗਊਆਂ ਦੀ ਹੱਤਿਆ ਕਰ ਉਨ੍ਹਾਂ ਦਾ ਮਾਸ ਤੋਲ ਕੇ ਲਿਫ਼ਾਫਿਆਂ ਵਿਚ ਪੈਕ ਕਰ ਬਾਹਰਲੇ ਸੂਬਿਆਂ ਵਿਚ ਸਪਲਾਈ ਕਰਦੇ ਸਨ।