ਡਾ. ਬਲਜੀਤ ਕੌਰ ਨੇ ਵਿਸਾਖੀ ਮੌਕੇ ਦਿੱਤੀਆਂ ਵਧਾਈਆਂ, ਗੁਰਦੁਆਰਾ ਸ੍ਰੀ ਚਰਨ ਕਮਲ ਭੋਰਾ ਸਾਹਿਬ ਦਾਨੇਵਾਲਾ ਵਿਖੇ ਹੋਏ ਨਤਮਸਤਕ
- ਮਲੋਟ ਦਾਣਾ ਮੰਡੀ ਦਾ ਕੀਤਾ ਦੌਰਾ, ਕਿਹਾ ਪੰਜਾਬ ਸਰਕਾਰ ਦਾਣਾ - ਦਾਣਾ ਖਰੀਦਣ ਲਈ ਵਚਨਬੱਧ
ਮਲੋਟ, 13 ਅਪ੍ਰੈਲ 2025 - ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਪੰਜਾਬ ਸਰਕਾਰ ਡਾ. ਬਲਜੀਤ ਕੌਰ ਗੁਰਦੁਆਰਾ ਸ੍ਰੀ ਚਰਨ ਕਮਲ ਭੋਰਾ ਸਾਹਿਬ ਦਾਨੇਵਾਲਾ ਵਿਖੇ ਖਾਲਸਾ ਸਿਰਜਣਾ ਦਿਵਸ ਵਿਸਾਖੀ ਦੇ ਮੌਕੇ ਨਤਮਸਤਕ ਹੋਏ ਅਤੇ ਸਰਬਤ ਦੇ ਭਲੇ ਦੀ ਅਰਦਾਸ 'ਚ ਸ਼ਾਮਲ ਹੋਏ। ਉਨ੍ਹਾਂ ਸਾਰੇ ਪੰਜਾਬ ਵਾਸੀਆਂ ਨੂੰ ਵਿਸਾਖੀ ਦੀਆਂ ਮੁਬਾਰਕਾਂ ਦਿੱਤੀਆਂ।
ਮੰਤਰੀ ਡਾ. ਬਲਜੀਤ ਕੌਰ ਨੇ ਦਾਣਾ ਮੰਡੀ ਮਲੋਟ ਦਾ ਵੀ ਦੌਰਾ ਕੀਤਾ ਜਿੱਥੇ ਉਨ੍ਹਾਂ ਨੇ ਕਣਕ ਦੀ ਖਰੀਦ ਦੀ ਬੋਲੀ ਸ਼ੁਰੂ ਕਰਵਾਈ । ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦਾ ਦਾਣਾ - ਦਾਣਾ ਖਰੀਦਣ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਮੰਡੀ ‘ਚ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਵੀ ਹੱਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਬਰ ਕਿਸਾਨਾਂ ਦੇ ਦੁੱਖ ਸੁਖ 'ਚ ਉਨ੍ਹਾਂ ਨਾਲ ਖੜੀ ਹੈ। ਉਨ੍ਹਾਂ ਨਾਲ ਹੀ ਅਫਸਰਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਦਾਣਾ ਮੰਡੀਆਂ 'ਚ ਕਿਸਾਨਾਂ ਨੂੰ ਵੱਖ ਵੱਖ ਸੁਵਿਧਾਵਾਂ ਦੇਣੀਆਂ ਯਕੀਨੀ ਬਣਾਉਣ।
ਕੈਬਨਿਟ ਮੰਤਰੀ ਨੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਜੀ ਦੇ 134ਵੇਂ ਜਨਮ ਦਿਹਾੜੇ ਨੂੰ ਸਮਰਪਿਤ ਡਾ. ਬੀ.ਆਰ. ਅੰਬੇਡਕਰ ਬਲੱਡ ਡੋਨਰ ਕਲੱਬ ਅਤੇ ਏਕਤਾ ਨਗਰ ਸੰਮਤੀ ਮਲੋਟ ਵਲੋਂ ਲਗਵਾਏ ਗਏ ਖੂਨਦਾਨ ਕੈਂਪ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਸੰਸਥਾਵਾਂ ਵੱਲੋਂ ਅੱਗੇ ਹੋ ਕੇ ਸਮਾਜਿਕ ਕੰਮਾਂ ‘ਚ ਹਿੱਸਾ ਪਾਉਣ ਨਾਲ ਨਾ ਕੇਵਲ ਸਮਾਜ ਦੀ ਬੇਹਤਰੀ ਲਈ ਕੰਮ ਕੀਤਾ ਜਾਂਦਾ ਹੈ ਬਲਕਿ ਨਾਲ ਹੀ ਗਰੀਬ ਅਤੇ ਲੋੜਵੰਦ ਦੀ ਵੀ ਮਦਦ ਕੀਤੀ ਜਾਂਦੀ ਹੈ। ਉਨ੍ਹਾਂ ਕੈਂਪ ਆਯੋਜਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੂਨਦਾਨ ਮਹਾਂਦਾਨ ਹੈ ਅਤੇ ਇਸ ਲਈ ਕੀਤੇ ਜਾ ਰਹੇ ਉਪਰਾਲੇ ਬਹੁਤ ਹੀ ਸ਼ਲਾਘਾਯੋਗ ਹਨ। ਇਸ ਮੌਕੇ ਕੈਬਨਿਟ ਮੰਤਰੀ ਦੇ ਨਿੱਜੀ ਸਹਾਇਕ ਸ੍ਰੀ ਅਰਸ਼ਦੀਪ ਸਿੰਘ ਨੇ ਆਪਣੇ ਜਨਮ ਦਿਵਸ ‘ਤੇ ਖੂਨਦਾਨ ਵੀ ਕੀਤਾ।
ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਮਾਰਕੀਟ ਕਮੇਟੀ ਮਲੋਟ ਸ਼੍ਰੀ ਜਸ਼ਨ ਬਰਾੜ, ਚੇਅਰਮੈਨ ਕੋਅਪਰੇਟਿਵ ਸੋਸਾਇਟੀ ਪੰਜਾਬ ਸ੍ਰੀ ਜਗਦੇਵ ਸਿੰਘ ਬਾਂਮ, ਜ਼ਿਲ੍ਹਾ ਖੁਰਾਕ ਅਤੇ ਸਿਵਲ ਸਪਲਾਈ ਅਫਸਰ ਸ਼੍ਰੀ ਸੁਖਵਿੰਦਰ ਸਿੰਘ ਗਿੱਲ, ਸੰਤ ਬਾਬਾ ਬਲਜੀਤ ਸਿੰਘ ਮੁਖੀ ਗੁਰਦੁਆਰਾ ਸ੍ਰੀ ਚਰਨ ਕਮਲ ਭੋਰਾ ਸਾਹਿਬ ਦਾਨੇਵਾਲਾ, ਸ਼ੀਂਦਰਪਾਲ ਨਿੱਜੀ ਸਹਾਇਕ, ਦਫ਼ਤਰ ਇੰਚਾਰਜ ਪਰਮਜੀਤ ਗਿੱਲ, ਆੜਤੀਆ ਅਸੋਸੀਏਸ਼ਨ ਦੇ ਪ੍ਰਧਾਨ ਸੁਨਿਸ਼ ਗੋਇਲ, ਸੈਕਟਰੀ ਮਾਰਕੀਟ ਕਮੇਟੀ ਮਨਦੀਪ ਕੁਮਾਰ, ਐਡਵੋਕੇਟ ਅਮਨ ਨਾਇਕ ਤੋਂ ਇਲਾਵਾ ਪਤਵੰਤੇ ਵਿਅਕਤੀ ਹਾਜ਼ਰ ਰਹੇ।