ਛਾਪੜੀ ਸਾਹਿਬ ਨੇੜੇ ਸੜਕ ਹਾਦਸਾ:ਜਾਨੀ ਨੁਕਸਾਨ ਤੋਂ ਬਚਾਓ
ਬਲਜੀਤ ਸਿੰਘ
ਤਰਨ ਤਾਰਨ , 14 ਅਪ੍ਰੈਲ 2025 :
ਜਿਲ੍ਹਾ ਤਰਨ ਤਾਰਨ ਦੇ ਪਿੰਡ ਫਤਿਆਬਾਦ ਤੋਂ ਹਰੀਕੇ ਵੱਲ ਜਾਣ ਵਾਲੀ ਸੜਕ 'ਤੇ, ਛਾਪੜੀ ਸਾਹਿਬ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਹਾਦਸੇ ਦੌਰਾਨ ਇੱਕ ਕਾਰ ਟੱਕਰ ਮਾਰ ਕੇ ਨਹਿਰ ਵਿੱਚ ਡਿੱਗ ਪਈ, ਪਰ ਖੁਸ਼ਕਿਸਮਤੀ ਨਾਲ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ।
ਮੌਕੇ ਦੇ ਗਵਾਹ ਸਰਬਜੀਤ ਸਿੰਘ ਨੇ ਦੱਸਿਆ ਕਿ ਉਹ ਆਪਣਾ ਛੋਟਾ ਹਾਥੀ ਲੈ ਕੇ ਮਲੋਟ ਤੋਂ ਪਿੰਡ ਚੀਮਾ ਖੁੱਡੀ (ਹਰਗੋਬਿੰਦਪੁਰ ਨੇੜੇ) ਜਾ ਰਿਹਾ ਸੀ। ਜਦ ਉਹ ਛਾਪੜੀ ਸਾਹਿਬ ਕੋਲ ਪਹੁੰਚਿਆ, ਤਾਂ ਸੜਕ 'ਤੇ ਇੱਕ ਟਰਾਲਾ ਖਰਾਬ ਹੋ ਕੇ ਖੜਾ ਸੀ। ਉਹ ਆਪਣੀ ਸਾਈਡ ਸੁਰੱਖਿਅਤ ਤਰੀਕੇ ਨਾਲ ਲੰਘ ਰਿਹਾ ਸੀ, ਪਰ ਸਾਹਮਣੋਂ ਇੱਕ ਕਾਰ ਤੇਜ਼ ਰਫਤਾਰ ਵਿੱਚ ਆਈ ਅਤੇ ਛੋਟੇ ਹਾਥੀ ਨਾਲ ਸਿੱਧੀ ਟੱਕਰ ਮਾਰੀ। ਟੱਕਰ ਤੋਂ ਬਾਅਦ ਕਾਰ ਸਿੱਧੀ ਨਹਿਰ ਵਿੱਚ ਡਿੱਗ ਪਈ।
ਕਾਰ ਚਾਲਕ ਹਾਦਸੇ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ।
ਫਤਿਆਬਾਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।