ਸ਼੍ਰੋਮਣੀ ਅਕਾਲੀ ਦਲ ਪ੍ਰਕਾਸ਼ ਸਿੰਘ ਬਾਦਲ ਵੱਲੋਂ ਦਰਸਾਏ ਸਿਧਾਂਤਾਂ ’ਤੇ ਚੱਲਣ ਵਾਸਤੇ ਵਚਨਬੱਧ: ਸੁਖਬੀਰ
ਅਸ਼ੋਕ ਵਰਮਾ
ਬਾਦਲ, 25 ਅਪ੍ਰੈਲ 2025: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪਾਰਟੀ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਦਰਸਾਏ ਸਿਧਾਂਤਾਂ ’ਤੇ ਚੱਲਣ ਵਾਸਤੇ ਵਚਨਬੱਧ ਹੈ ਅਤੇ ਪੰਜਾਬ ਵਿਚ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਵਾਸਤੇ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਨ।ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਦੂਜੀ ਬਰਸੀ ਜਿਸ ਵਿਚ ਹਜ਼ਾਰਾਂ ਲੋਕਾਂ ਨੇ ਸ਼ਮੂਲੀਅਤ ਕੀਤੀ, ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੈਂ ਬਾਦਲ ਸਾਹਿਬ ਦੀ ਸੋਚ ’ਤੇ ਚੱਲਣ ਵਾਸਤੇ ਅਤੇ ਪੰਜਾਬ ਨੂੰ ਦੇਸ਼ ਦਾ ਨੰਬਰ ਇਕ ਸੂਬਾ ਬਣਾਉਣ ਵਾਸਤੇ ਵਚਨਬੱਧ ਹਾਂ। ਉਹਨਾਂ ਕਿਹਾ ਕਿ ਜੋ ਵੀ ਸੰਗਤ ਇਥੇ ਆਈ ਹੈ, ਮੈਂ ਉਸਨੂੰ ਅਪੀਲ ਕਰਦਾ ਹਾਂ ਕਿ ਉਹ ਸਾਬਕਾ ਮੁੱਖ ਮੰਤਰੀ ਦੇ ਆਦਰਸ਼ਾਂ ਨੂੰ ਆਪਣੇ ਮਨ ਵਿਚ ਵਸਾਉਣ ਅਤੇ ਅਕਾਲੀ ਦਲ ਨੂੰ ਮਜ਼ਬੂਤ ਬਣਾਉਣ ਤੇ ਨਿਰਸਵਾਰਥ ਹੋ ਕੇ ਪੰਜਾਬ ਦੀ ਸੇਵਾ ਕਰਨ ਵਾਸਤੇ ਕੰਮ ਕਰਨ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਸਾਬਕਾ ਮੁੱਖ ਮੰਤਰੀ ਨੇ ’ਰਾਜ ਨਹੀਂ ਸੇਵਾ’ ਦੇ ਨਾਅਰੇ ਨਾਲ ਉਦਾਹਰਣ ਪੇਸ਼ ਕੀਤੀ ਅਤੇ ਧਾਰਮਿਕ ਰਾਜਨੀਤੀ ਤੋਂ ਦੂਰ ਰਹੇ ਅਤੇ ਉਹਨਾਂ ਨੂੰ ਹਰ ਭਾਈਚਾਰੇ ਤੋਂ ਪਿਆਰ ਅਤੇ ਸਤਿਕਾਰ ਮਿਲਿਆ ਤੇ ਉਹ ਲੋਕਾਂ ਦੇ ਮੁੱਖ ਮੰਤਰੀ ਬਣੇ ਰਹੇ।
ਸਾਬਕਾ ਮੁੱਖ ਮੰਤਰੀ ਅਤੇ ਉਹਨਾਂ ਵੱਲੋਂ ਹੁਨਰ ਸਿੱਖਿਆ ਪ੍ਰਦਾਨ ਕਰ ਕੇ ਨੌਜਵਾਨਾਂ ਵਾਸਤੇ ਰੋਜ਼ਗਾਰ ਦੇ ਮੌਕੇ ਸਿਰਜਣ ਪ੍ਰਤੀ ਤਾਂਘ ਦੀ ਗੱਲ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਨੈਸ਼ਨਲ ਸਕਿੱਲ ਡਵੈਲਪਮੈਂਟ ਕਾਰਪੋਰੇਸ਼ਨ (ਐਨ ਐਸ ਡੀ ਸੀ) ਨੇ ਪਿੰਡ ਬਾਦਲ ਵਿਚ ਇਕ ਸਕਿੱਲ ਸੈਂਟਰ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਹੈ। ਉਹਨਾਂ ਕਿਹਾ ਕਿ ਅਸੀਂ ਇਸ ਸੈਂਟਰ ਵਾਸਤੇ ਜ਼ਮੀਨ ਪ੍ਰਦਾਨ ਕਰਾਂਗੇ ਜੋ ਕਿ ਦੇਸ਼ ਵਿਚ ਦੂਜਾ ਅਜਿਹਾ ਸੈਂਟਰ ਹੋਵੇਗਾ। ਪਹਿਲਾ ਸੈਂਟਰ ਭੁਬਨੇਸ਼ਵਰ ਵਿਚ ਸਥਾਪਿਤ ਕੀਤਾ ਗਿਆ ਹੈ। ਐਨ ਐਸ ਡੀ ਸੀ ਦੇ ਸਲਾਹਕਾਰ ਨੇ ਇਸ ਸਬੰਧੀ ਪ੍ਰਵਾਨਗੀ ਪੱਤਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਸੌਂਪਿਆ ਅਤੇ ਦੱਸਿਆ ਕਿ ਇਸ ਸੈਂਟਰ ਦਾ ਨਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਕਿੱਲ ਇੰਡੀਆ ਸੈਂਟਰ ਹੋਵੇਗਾ ਅਤੇ ਇਹ ਹਰ ਸਾਲ 2 ਹਜ਼ਾਰ ਵਿਦਿਆਰਥੀਆਂ ਨੂੰ ਸਿੱਖਲਾਈ ਦੇਵੇਗਾ।
ਇਸ ਮੌਕੇ ਸੰਬੋਧਨ ਕਰਦਿਆਂ ਸੀਨੀਅਰ ਆਗੂ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਆਪਣੀ ਦਹਾਕਿਆਂ ਪੁਰਾਣੀ ਸਾਂਝ ਨੂੰ ਚੇਤੇ ਕਰਦਿਆਂ ਸਾਬਕਾ ਮੁੱਖ ਮੰਤਰੀ ਵੱਲੋਂ ਲੋਕਾਂ ਦੀ ਖ਼ਾਤਰ ਕੀਤੇ ਸੰਘਰਸ਼ ਤੇ ਦਿੱਤੀਆਂ ਸ਼ਹਾਦਤਾਂ ਨੂੰ ਚੇਤੇ ਕੀਤਾ। ਉਹਨਾਂ ਦੱਸਿਆ ਕਿ ਕਿਵੇਂ ਸਾਬਕਾ ਮੁੱਖ ਮੰਤਰੀ ਨੇ ਬੰਦੀ ਸਿੰਘ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਤੋਂ ਬਚਾਉਣ ਵਾਸਤੇ ਆਪਣੀ ਸਰਕਾਰ ਤੱਕ ਦਾਅ ’ਤੇ ਲਗਾ ਦਿੱਤੀ ਸੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਭ ਨੂੰ ਅਪੀਲ ਕੀਤੀ ਕਿ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜੀਵਨ ਤੋਂ ਸੇਧ ਲੈਣ ਅਤੇ ਜ਼ੋਰ ਦੇ ਕੇ ਕਿਹਾ ਕਿ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰਦਿਆਂ ਜ਼ਿੰਦਗੀ ਦੇ 75 ਸਾਲ ਲਗਾ ਦਿੱਤੇ। ਉਹਨਾਂ ਦੱਸਿਆ ਕਿ ਕਿਵੇਂ ਸਾਬਕਾ ਮੁੱਖ ਮੰਤਰੀ ਤਰੱਕੀ ਦੇ ਰਾਹ ’ਤੇ ਸਭ ਨੂੰ ਨਾਲ ਲੈ ਕੇ ਚੱਲਦੇ ਸਨ।
ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਡਗੱਜ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਿੱਖ ਯਾਦਗਾਰਾਂ ਤੇ ਸ਼ਤਾਬਦੀ ਸਮਾਗਮਾਂ ਸਮੇਤ ਪੰਥ ਵਾਸਤੇ ਪਾਏ ਯੋਗਦਾਨ ਨੂੰ ਚੇਤੇ ਕੀਤਾ। ਉਹਨਾਂ ਨੇ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਉਹ ਗੁਰੂ ਸਾਹਿਬਾਨ ਦੇ ਦਰਸਾਏ ਰਾਹ ’ਤੇ ਚੱਲੇ ਅਤੇ ਇਕਜੁੱਟ ਹੋ ਕੇ ਪੰਥ ਵਿਰੋਧੀ ਤਾਕਤਾਂ ਦਾ ਸਾਹਮਣਾ ਕਰੇ ਅਤੇ ਉਹਨਾਂ ਅੰਦਰੂਨੀ ਵਿਰੋਧੀਆਂ ਦੀ ਪਛਾਣ ਕਰੇ ਜੋ ਸਿੱਖ ਪੰਥ ਤੇ ਇਸਦੀਆਂ ਸੰਸਥਾਵਾਂ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਯਤਨਸ਼ੀਲ ਹਨ। ਅਕਾਲੀ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਤੇ ਡਾ. ਦਲਜੀਤ ਸਿੰਘ ਚੀਮਾ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਚੇਤੇ ਕਰਦਿਆਂ ਦੱਸਿਆ ਕਿ ਹਜ਼ਾਰਾਂ ਦੀ ਗਿਣਤੀ ਵਿਚ ਆਮ ਸੰਗਤ ਤੋਂ ਇਲਾਵਾ ਵੱਡੀ ਗਿਣਤੀ ਵਿਚ ਧਾਰਮਿਕ ਤੇ ਸਿਆਸੀ ਸ਼ਖਸੀਅਤਾਂ ਦੀ ਅੱਜ ਦੇ ਪ੍ਰੋਗਰਾਮ ਵਿਚ ਹਾਜ਼ਰੀ ਸਪਸ਼ਟ ਕਰਦੀ ਹੈ ਕਿ ਸਰਦਾਰ ਬਾਦਲ ਵੱਲੋਂ ਪੰਜਾਬ, ਸਿੱਖੀ ਤੇ ਭਾਰਤੀ ਰਾਜਨੀਤੀ ਵਾਸਤੇ ਪਾਏ ਯੋਗਦਾਨ ਦਾ ਲੋਕ ਕਿੰਨਾ ਸਤਿਕਾਰ ਕਰਦੇ ਹਨ।