ਘਰ ਦੀ ਕੁਰਕੀ ਦਾ ਵਿਰੋਧ ਕਰਨ ਮੌਕੇ ਹਿਰਾਸਤ ਵਿੱਚ ਲਏ ਮਜ਼ਦੂਰਾਂ ਸੰਘਰਸ਼ ਦੇ ਜ਼ੋਰ ਤੇ ਛਡਾਇਆ
ਅਸ਼ੋਕ ਵਰਮਾ
ਮਲੋਟ, 25 ਅਪ੍ਰੈਲ 2025 :ਮਲੋਟ ਨੇੜਲੇ ਪਿੰਡ ਦਾਨੇਵਾਲਾ ਦੇ ਇੱਕ ਮਜ਼ਦੂਰ ਪਰਿਵਾਰ ਦੇ ਘਰ ਦੀ ਕੁਰਕੀ ਦਾ ਵਿਰੋਧ ਕਰਦੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਤੇ ਬੀਕੇਯੂ ਏਕਤਾ ਉਗਰਾਹਾਂ ਦੇ ਆਗੂਆਂ ਅਤੇ ਵਰਕਰਾਂ ਨੂੰ ਮਲੋਟ ਪੁਲਿਸ ਨੇ ਹਿਰਾਸਤ ਵਿੱਚ ਤਾਂ ਲੈ ਲਿਆ ਪਰ ਜਦੋਂ ਜਥੇਬੰਦੀਆਂ ਨੇ ਧਰਨਾ ਲਾ ਦਿੱਤਾ ਤਾਂ ਅੰਤ ਨੂੰ ਉਹਨਾਂ ਨੂੰ ਛੱਡਣਾ ਪਿਆ। ਮਲੋਟ ਪੁਲਿਸ ਵੱਲੋਂ ਕੀਤੀ ਇਸ ਕਾਰਵਾਈ ਦੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਤੇ ਬੀਕੇਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਪਾਸ਼ ਸਿੰਘ ਸਖ਼ਤ ਸ਼ਬਦਾਂ ਚ ਨਿਖੇਧੀ ਕੀਤੀ ਹੈ। ਮਜ਼ਦੂਰ ਕਿਸਾਨ ਆਗੂਆਂ ਨੇ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਮਜ਼ਦੂਰ ਪਰਿਵਾਰ ਦੇ ਘਰ ਦੀ ਕੁਰਕੀ ਵਿਰੋਧ ਦਾ ਕਰਦੇ ਖੇਤ ਮਜ਼ਦੂਰ ਆਗੂ ਗੁਰਜੰਟ ਸਿੰਘ ਸਾਉਂਕੇ, ਤਰਸੇਮ ਸਿੰਘ ਖੁੰਡੇ ਹਲਾਲ , ਰਾਜਾ ਸਿੰਘ ਖੂਨਣ ਖੁਰਦ ਅਤੇ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ ਜ਼ਿਲ੍ਹਾ ਜਨਰਲ ਸਕੱਤਰ ਗੁਰਭਗਤ ਸਿੰਘ ਸਮੇਤ ਕਰੀਬ ਡੇਢ ਦਰਜਨ ਆਗੂਆਂ ਵਰਕਰਾਂ ਤੇ ਪਰਿਵਾਰ ਮੈਂਬਰਾਂ ਨੂੰ ਪੁਲਿਸ ਵੱਲੋਂ ਜਬਰੀ ਗਿਰਫ਼ਤਾਰ ਕਰਕੇ ਮਜ਼ਦੂਰ ਪਰਿਵਾਰ ਨੂੰ ਘਰੋਂ ਬੇਘਰ ਕਰ ਦਿੱਤਾ ਗਿਆ।
ਉਹਨਾਂ ਦੋਸ਼ ਲਾਇਆ ਕਿ ਭਾਰਤੀ ਫੌਜ ਚ ਲੇਹ ਲੱਦਾਖ ਵਿਖੇ ਤਾਇਨਾਤ ਵਰਿੰਦਰ ਸਿੰਘ ਫੌਜੀ ਦੇ ਪਰਿਵਾਰ ਨੇ ਬਠਿੰਡਾ ਦੀ ਅਧਾਰ ਬੈਂਕ ਤੋਂ ਵੀਹ ਸਾਲਾ ਕਿਸ਼ਤਾਂ 'ਤੇ 17 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਜਿਸ ਵਿੱਚੋਂ ਮਜ਼ਦੂਰ ਪਰਿਵਾਰ ਨੇ ਕਰੀਬ ਪੰਜ ਲੱਖ ਰੁਪਏ ਵਾਪਸ ਕਰ ਦਿੱਤੇ ਸਨ । ਉਹਨਾਂ ਦੱਸਿਆ ਕਿ ਆਰਥਿਕ ਤੰਗੀ ਕਾਰਨ ਕੁਝ ਕਿਸ਼ਤਾਂ ਟੁੱਟਣ ਉਪਰੰਤ ਹੀ ਪ੍ਰਾਈਵੇਟ ਬੈਂਕ ਵੱਲੋਂ ਆਪਣੇ ਵਿੱਤੀ ਤੇ ਸਿਆਸੀ ਜ਼ੋਰ ਸਦਕਾ ਮਜ਼ਦੂਰ ਪਰਿਵਾਰ ਵੱਲ 27 ਲੱਖ ਰੁਪਏ ਕੱਢ ਕੇ ਚਾਰ ਸਾਲਾਂ ਬਾਅਦ ਹੀ ਮਜ਼ਦੂਰ ਪਰਿਵਾਰ ਦੇ ਘਰ ਦੀ ਕੁਰਕੀ ਦੇ ਅਦਾਲਤੀ ਹੁਕਮ ਜਾਰੀ ਕਰਵਾ ਦਿੱਤੇ। ਕਿਸਾਨ ਮਜ਼ਦੂਰ ਆਗੂਆਂ ਨੇ ਆਖਿਆ ਕਿ ਪਿੰਡਾਂ ਦੀਆਂ ਸੱਥਾਂ 'ਚੋਂ ਸਰਕਾਰ ਚਲਾਉਣ ਵਰਗੇ ਫ਼ਰੇਬੀ ਦਾਅਵਿਆਂ ਨਾਲ ਸੱਤਾ 'ਚ ਆਈ ਭਗਵੰਤ ਮਾਨ ਸਰਕਾਰ ਦੀ ਅਫ਼ਸਰਸ਼ਾਹੀ ਤੇ ਪੁਲਿਸ ਨੇ ਮਜ਼ਦੂਰ ਪਰਿਵਾਰ ਦਾ ਪੱਖ ਸੁਣਨ ਦੀ ਥਾਂ ਡਾਂਗ ਦੇ ਜੋਰ ਮਜ਼ਦੂਰ ਪਰਿਵਾਰ ਦੇ ਘਰ ਨੂੰ ਤਾਲਾ ਲਾਉਣ ਲਈ ਕਿਸਾਨ ਮਜ਼ਦੂਰ ਆਗੂਆਂ ਨੂੰ ਗਿਰਫ਼ਤਾਰ ਕਰ ਲਿਆ।
ਇਸ ਮੌਕੇ ਸਿਟੀ ਥਾਣਾ ਮਲੋਟ ਵਿਖੇ ਪੁੱਜੇ ਮਜ਼ਦੂਰ ਆਗੂ ਕਾਲਾ ਸਿੰਘ ਖੂਨਣ ਖੁਰਦ, ਕਾਕਾ ਸਿੰਘ ਖੁੰਡੇ ਹਲਾਲ, ਬਾਜ਼ ਸਿੰਘ ਭੁੱਟੀਵਾਲਾ, ਕਿਸਾਨ ਆਗੂ ਗੁਰਮੀਤ ਸਿੰਘ ਬਿੱਟੂ ਮੱਲਣ, ਮਲਕੀਤ ਸਿੰਘ ਗੱਗੜ ਨੇ ਆਖਿਆ ਕਿ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਮਜ਼ਦੂਰਾਂ ਕਿਸਾਨਾਂ ਸਿਰ ਚੜ੍ਹੇ ਕਰਜ਼ੇ ਖ਼ਤਮ ਕਰਨ ਦੀ ਥਾਂ ਭਗਵੰਤ ਮਾਨ ਸਰਕਾਰ ਪੁਲਿਸ ਤਾਕਤ ਦੇ ਜ਼ੋਰ ਮਜ਼ਦੂਰਾਂ ਦੇ ਘਰਾਂ ਤੇ ਕਿਸਾਨਾਂ ਦੀਆਂ ਜ਼ਮੀਨਾਂ ਦੀਆਂ ਕੁਰਕੀਆਂ ਕਰਨ ਦੇ ਰਾਹੀਂ ਕਿਰਤੀ ਲੋਕਾਂ ਨਾਲ਼ ਧ੍ਰੋਹ ਕਮਾ ਰਹੀ ਹੈ। ਉਹਨਾਂ ਮੰਗ ਕੀਤੀ ਮਜ਼ਦੂਰ ਪਰਿਵਾਰ ਦੇ ਘਰ ਦੀ ਕੁਰਕੀ ਰੱਦ ਕਰਕੇ ਲਾਇਆ ਤਾਲਾ ਖੋਲਿਆ ਜਾਵੇ ਅਤੇ ਗਿਰਫਤਾਰ ਕਿਸਾਨਾਂ ਮਜ਼ਦੂਰਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ। ਉਹਨਾਂ ਐਲਾਨ ਕੀਤਾ ਪੁਲਿਸ ਅਤੇ ਪ੍ਰਾਈਵੇਟ ਬੈਂਕ ਅਧਿਕਾਰੀਆਂ ਦੀ ਧੱਕੇਸ਼ਾਹੀ ਖ਼ਿਲਾਫ਼ ਸੰਘਰਸ਼ ਜਾਰੀ ਰੱਖਿਆ ਜਾਵੇਗਾ।