ਚੰਦਭਾਨ ਜ਼ਬਰ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਐਸ ਐਸ ਪੀ ਫਰੀਦਕੋਟ ਦੇ ਦਫਤਰ ਅੱਗੇ ਧਰਨਾ ਦੇਣ ਦਾ ਐਲਾਨ
ਅਸ਼ੋਕ ਵਰਮਾ
ਫਰੀਦਕੋਟ ,25 ਅਪ੍ਰੈਲ 2025 :ਚੰਦਭਾਨ ਜ਼ਬਰ ਵਿਰੋਧੀ ਐਕਸ਼ਨ ਕਮੇਟੀ ਨੇ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਪ੍ਰਵਾਨ ਕੀਤੀਆਂ ਮੰਗਾਂ ਲਾਗੂ ਕਰਨ ਤੋਂ ਕੀਤੀ ਜਾ ਰਹੀ ਟਾਲ ਮਟੋਲ ਖਿਲਾਫ 12 ਮਈ ਨੂੰ ਐਸ ਐਸ ਪੀ ਦਫਤਰ ਫਰੀਦਕੋਟ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ ਹੈ। ਐਕਸ਼ਨ ਕਮੇਟੀ ਦੇ ਕਨਵੀਨਰ ਮੰਗਾ ਸਿੰਘ ਵੈਰੋਕੇ, ਗੁਰਤੇਜ ਸਿੰਘ ਹਰੀ ਨੌ, ਗੁਰਪਾਲ ਸਿੰਘ ਨੰਗਲ, ਨੌਨਿਹਾਲ ਸਿੰਘ ਦੀਪ ਸਿੰਘ ਵਾਲਾ, ਬਲਜੀਤ ਕੌਰ ਸਿੱਖਾਂਵਾਲਾ, ਸਤਨਾਮ ਸਿੰਘ ਪੱਖੀ, ਸੁਖਪਾਲ ਸਿੰਘ ਖਿਆਲੀ ਵਾਲਾ, ਸਿਕੰਦਰ ਸਿੰਘ ਅਜਿੱਤਗਿੱਲ ,ਗੁਰਨਾਮ ਸਿੰਘ ਮਾਨੀਵਾਲਾ,ਗੋਰਾ ਸਿੰਘ ਪਿਪਲੀ ਤੇ ਲਛਮਣ ਸਿੰਘ ਸੇਵੇਵਾਲਾ ਨੇ ਜ਼ਾਰੀ ਬਿਆਨ ਰਾਹੀਂ ਦੋਸ਼ ਲਾਇਆ ਕਿ ਐਸ ਐਸ ਪੀ ਫਰੀਦਕੋਟ ਤੇ ਪੁਲਿਸ ਪ੍ਰਸ਼ਾਸ਼ਨ ਸਿਆਸੀ ਦਬਾਅ ਕਾਰਨ ਪੀੜਤ ਮਜ਼ਦੂਰਾਂ ਵੱਲੋਂ ਦਿੱਤੇ ਬਿਆਨਾਂ ਨੂੰ ਦਰਜ਼ ਕਰਕੇ ਦਲਿਤ ਮਜ਼ਦੂਰਾਂ 'ਤੇ ਜ਼ਬਰ ਢਾਹੁਣ, ਘਰਾਂ ਦੇ ਸਮਾਨ ਦੀ ਭੰਨਤੋੜ ਤੇ ਲੁੱਟ ਮਾਰ ਕਰਨ ਵਾਲੇ ਦੋਸ਼ੀਆਂ ਖਿਲਾਫ ਕਾਰਵਾਈ ਨਹੀਂ ਕਰ ਰਿਹਾ।
ਉਹਨਾਂ ਆਖਿਆ ਕਿ ਐਸ ਐਸ ਪੀ ਫਰੀਦਕੋਟ ਵੱਲੋਂ ਐਕਸ਼ਨ ਕਮੇਟੀ ਨਾਲ਼ ਕੀਤੇ ਸਮਝੌਤੇ ਤਹਿਤ ਭਾਵੇਂ ਗਿਰਫ਼ਤਾਰ ਕੀਤੇ 41 ਮਜ਼ਦੂਰਾਂ ਨੂੰ ਰਿਹਾਅ ਤਾਂ ਕਰ ਦਿੱਤਾ ਸੀ ਪਰ ਉਹਨਾਂ ਉੱਤੇ ਦਰਜ਼ ਕੇਸ ਅਜੇ ਤੱਕ ਵੀ ਰੱਦ ਕਰਨ ਦਾ ਵਾਅਦਾ ਪੂਰਾ ਨਹੀਂ ਕੀਤਾ ਜਾ ਰਿਹਾ। ਉਹਨਾਂ ਦੋਸ਼ ਲਾਇਆ ਚੰਦਭਾਨ ਦੇ ਮਜ਼ਦੂਰਾਂ 'ਤੇ ਗੋਲੀਆਂ ਚਲਾਉਣ ਕਾਰਨ ਇਰਾਦਾ ਕਤਲ ਤੇ ਐਸ ਸੀ ਐਸ ਟੀ ਐਕਟ ਤਹਿਤ ਮੁਕੱਦਮੇ 'ਚ ਨਾਮਜ਼ਦ ਗਮਦੂਰ ਸਿੰਘ ਪੱਪੂ ਵੱਲੋਂ ਚੰਦਭਾਨ ਦੇ ਇੱਕ ਮਜ਼ਦੂਰ ਨੂੰ ਧਮਕੀਆਂ ਦੇਣ ਸਬੰਧੀ ਲਿਖਤੀ ਸ਼ਿਕਾਇਤ ਦੇਣ ਸਬੰਧੀ ਵੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਪ੍ਰਸ਼ਾਸਨ ਵੱਲੋਂ ਤਹਿ ਕੀਤੇ ਅਨੁਸਾਰ ਝਗੜੇ ਦੀ ਜੜ੍ਹ ਬਣੇ ਗੰਦੇ ਪਾਣੀ ਦੀ ਨਿਕਾਸੀ ਦੇ ਮਸਲੇ ਨੂੰ ਵੀ ਜਾਣਬੁੱਝ ਕੇ ਹੱਲ ਨਹੀਂ ਕੀਤਾ ਜਾ ਰਿਹਾ।ਐਕਸ਼ਨ ਕਮੇਟੀ ਆਗੂਆਂ ਨੇ ਦੋਸ਼ ਲਾਇਆ ਕਿ ਅਫਸਰਾਂ ਵੱਲੋਂ ਐਕਸ਼ਨ ਕਮੇਟੀ ਨਾਲ਼ ਦੋ ਵਾਰ ਮੀਟਿੰਗਾਂ ਤਹਿ ਕਰਕੇ ਐਨ ਮੌਕੇ ਤੇ ਰੱਦ ਕਰਨਾ ਵੀ ਪੁਲਿਸ ਪ੍ਰਸ਼ਾਸਨ ਦੀ ਦਲਿਤ ਵਿਰੋਧੀ ਮਾਨਸਿਕਤਾ ਦਾ ਹੀ ਸਿੱਟਾ ਹੈ। ਉਹਨਾਂ ਮਜ਼ਦੂਰ ਹਿਤੈਸ਼ੀ ਹਿੱਸਿਆਂ ਨੂੰ 12 ਮਈ ਦੇ ਧਰਨੇ ਚ ਪਰਿਵਾਰਾਂ ਸਮੇਤ ਸ਼ਾਮਲ ਹੋਣ ਦੀ ਅਪੀਲ ਕੀਤੀ।