ਇੰਡੋ ਅਮੈਰਿਕਨ ਹੈਰੀਟੇਜ ਫੋਰਮ ਫਰਿਜ਼ਨੋ ਵੱਲੋਂ ਗਦਰੀ ਬਾਬਿਆਂ ਨੂੰ ਸਮਰਪਿਤ 23 ਵਾਂ ਮੇਲਾ ਯਾਦਗਾਰੀ ਹੋ ਨਿਬੜਿਆ
“ਡਾ. ਹਰਸਿੰਦਰ ਕੌਰ ਨੇ ਪੰਜਾਬ ਦੇ ਹਲਾਤਾਂ ‘ਤੇ ਪ੍ਰਗਟਾਈ ਚਿੰਤਾ”
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ, ਕੈਲੇਫੋਰਨੀਆ , 25 ਮਾਰਚ, 2025: ਸੈਂਟਰਲ ਵੈਲੀ ਕੈਲੇਫੋਰਨੀਆ ਦੇ ਸ਼ਹਿਰ ਫਰਿਜ਼ਨੋ ਦੀ ਸਥਾਨਿਕ ਗਦਰੀ ਬਾਬਿਆਂ ਨੂੰ ਸਮਰਪਿਤ ਸੰਸਥਾ ਇੰਡੋ ਅਮੈਰੀਕਨ ਹੈਰੀਟੇਜ ਫੋਰਮ ਜਿਹੜੀ ਕਿ ਸਮੇਂ-ਸਮੇਂ ਦੇਸ਼ ਭਗਤਾਂ ਦੀ ਯਾਦ ਵਿੱਚ ਸਮਾਗਮ ਕਰਵਾਕੇ ਸਾਡੀ ਨਵੀਂ ਪੀੜ੍ਹੀ ਨੂੰ ਉਨ੍ਹਾਂ ਦੀ ਸੋਚ ਤੋਂ ਜਾਣੂ ਕਰਵਾਉਣ ਲਈ ਸਾਰਥਿਕ ਉਪਰਾਲੇ ਕਰਦੀ ਰਹਿੰਦੀ ਹੈ। ਇਸ ਸੰਸਥਾ ਵੱਲੋ ਬੀਤੇ ਐਤਵਾਰ ਸ਼ਹੀਦ ਸੁਖਦੇਵ ਥਾਪਰ, ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਸਿਵਰਾਮ ਰਾਜਗੁਰੂ ਨੂੰ ਸਮਰਪਿਤ ਗਦਰੀ ਬਾਬਿਆਂ ਦਾ 23ਵਾਂ ਮੇਲਾ ਸਥਾਨਿਕ ਮੇਲਾ ਸੈਂਟਰਲ ਹਾਈ ਸਕੂਲ ਦੇ ਆਡੋਟੋਰੀਅਮ ਵਿੱਖੇ ਕਰਵਾਇਆ ਗਿਆ। ਮੇਲੇ ਦੀ ਸ਼ੁਰੂਆਤ ਸਟੇਜਾਂ ਦੀ ਮਲਕਾ ਬੀਬੀ ਆਸ਼ਾ ਸ਼ਰਮਾਂ ਵੱਲੋ ਸ਼ਹੀਦਾਂ ਦੀ ਯਾਦ ਵਿੱਚ ਸਰਧਾ ਭਰੇ ਸ਼ਬਦਾਂ ਦੁਆਰਾ ਕੀਤੀ ਗਈ। ਉਪਰੰਤ ਸੰਸਥਾ ਦੇ ਸੈਕਟਰੀ ਹਰਜਿੰਦਰ ਢੇਸੀ ਨੇ ਸਭਨਾਂ ਨੂੰ ਨਿੱਘੀ ਜੀ ਆਇਆ ਕਹਿਣ ਨਾਲ ਕੀਤਾ। ਸੰਸਥਾ ਮੈਂਬਰ ਅਤੇ ਲੇਖਕ ਇੰਦਰਜੀਤ ਚੁਗਾਵਾਂ ਨੇ ਵੀ ਸਟੇਜ ਤੋਂ ਹਾਜਰੀ ਭਰੀ। ਜਦ ਕਿ ਡਾ. ਅਰਜੁਨ ਜੋਸਨ, ਪਰਗਟ ਸਿੰਘ ਧਾਲੀਵਾਲ ਅਤੇ ਸੈਂਟਰਲ ਵੈਲੀ ਤੇ ਕਾਂਗਰਸਮੈਨ ਜਿੰਮ ਕੌਸਟਾ ਅਤੇ ਹੋਰ ਬੁਲਾਰਿਆਂ ਨੇ ਵੀ ਹਾਜ਼ਰੀਨ ਨੂੰ ਸੰਬੋਧਿਤ ਕੀਤਾ। ਗਾਇਕਾ ਬੀਬੀ ਜੋਤ ਰਣਜੀਤ, ਗਾਇਕਾ ਰੂਬੀ, ਗਾਇਕ ਜੀਤਾ ਗਿੱਲ, ਕਮਲਜੀਤ ਬੈਨੀਪਾਲ ਅਤੇ ਰਾਜ ਬਰਾੜ ਯਮਲਾ ਆਦਿ ਨੇ ਇੱਕ ਇੱਕ ਗੀਤ ਗਾਕੇ ਮੇਲੇ ਵਿੱਚ ਹਾਜਰੀ ਲਵਾਈ।
ਇਸ ਮੌਕੇ ਇੰਡੀਆ ਤੋਂ ਵਿਸ਼ੇਸ਼ ਤੌਰ ਤੇ ਡਾ. ਹਰਸਰਨ ਕੌਰ ਬਤੌਰ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਹੋਏ ਸਨ। ਜਿੰਨਾ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਸਮੂੰਹ ਹਾਜ਼ਰੀਨ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਨ ਤੋਂ ਇਲਾਵਾ ਅੱਜ ਦੇ ਸਮੇਂ ਅੰਦਰ ਪੰਜਾਬ ਲੋਕਾ ਦੀ ਤ੍ਰਾਸਦੀ, ਨਸ਼ਿਆਂ ਦਾ ਹੜ, ਔਰਤਾਂ ਦੀ ਸੁਰੱਖਿਆ ਆਦਿਕ ਬਹੁਤ ਸਾਰੇ ਵਿਸ਼ਿਆਂ ਉੱਤੇ ਵਿਚਾਰਾਂ ਦੀ ਸਾਂਝ ਪਾਈ। ਸੰਸਥਾ ਵੱਲੋਂ ਡਾ. ਹਰਸਿੰਦਰ ਕੌਰ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਜੀ. ਐਚ. ਜੀ. ਡਾਂਸ ਐਂਡ ਸੰਗੀਤ ਅਕੈਡਮੀ ਅਤੇ ਪੰਜਾਬੀ ਸਕੂਲ ਦੇ ਬੱਚਿਆ ਨੇ ਗਿੱਧੇ ਭੰਗੜੇ ਦੀ ਪੇਸ਼ਕਾਰੀ ਕਰਕੇ ਦਰਸ਼ਕਾਂ ਦੀ ਖ਼ੂਬ ਵਾਹ-ਵਾਹ ਖੱਟੀ। ਸੰਸਥਾ ਦੇ ਮੈਂਬਰ ਡਾ. ਹਰਮਨਪ੍ਰੀਤ ਗਿੱਲ ਵੱਲੋ ਬੱਚਿਆਂ ਦੇ ਦਿਲਚਸਪ ਪੇਂਟਿੰਗ ਮੁਕਾਬਲੇ ਵੀ ਕਰਵਾਏ ਗਏ। ਇਸ ਮੌਕੇ 4.0 ਜੀ ਪੀ ਏ ਵਾਲੇ ਬੱਚਿਆਂ ਨੂੰ ਸੰਸਥਾਂ ਵੱਲੋ ਸਨਮਾਨਿਤ ਕੀਤਾ ਗਿਆ। ਵੀਡੀਓ ਅਤੇ ਫੋਟੋਗ੍ਰਾਫੀ ਦੀ ਸੇਵਾ ਸ਼ਿਆਰਾ ਸਿੰਘ ਢੀਂਡਸਾ ‘ਉਮਨੀ ਵੀਡੀੳ’ ਬੇਕਰਸ਼ਫੀਲਡ ਨੇ ਕੀਤੀ। ਸਟੇਜ਼ ਸੰਚਾਲਨ ਬੀਬੀ ਆਸ਼ਾ ਸ਼ਰਮਾ ਅਤੇ ਹਰਜਿੰਦਰ ਢੇਸੀ ਨੇ ਬਾਖੂਬੀ ਕੀਤਾ। ਸਮੁੱਚੇ ਪ੍ਰੋਗਰਾਮ ਦੇ ਪ੍ਰਬੰਧ ਬਹੁਤ ਵਧੀਆ ਤਰੀਕੇ ਨਾਲ ਕੀਤੇ ਹੋਏ ਸਨ। ਸਥਾਨਕ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੰਸਥਾ ਦੇ ਸਰਗਰਮ ਮੈਂਬਰ ਸੁਰਿੰਦਰ ਸਿੰਘ ਮੰਢਾਲੀ ਨੇ ਸਾਰੇ ਭਾਈਚਾਰੇ ਦਾ ਸਹਿਯੋਗ ਅਤੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ। ਸਮੁੱਚੇ ਪ੍ਰੋਗਰਾਮ ਦੀ ਸਫਲਤਾ ਲਈ ਪ੍ਰਬੰਧਕ ਵਧਾਈ ਦੇ ਪਾਤਰ ਹਨ। ਮੇਲੇ ਦੌਰਾਨ ਹਾਜ਼ਰੀਨ ਲਈ ਚਾਹ ਪਕੌੜਿਆ ਦੇ ਲੰਗਰ ਅਤੁੱਟ ਵਰਤਿਆ। ਅੰਤ ਹਾਜ਼ਰੀਨ ਦੇ ਭਾਰੀ ਇਕੱਠ ਦੌਰਾਨ ਇਹ ਮੇਲਾ ਅਮਿੱਟ ਪੈੜ੍ਹਾ ਛੱਡਦਾ ਯਾਦਗਾਰੀ ਹੋ ਨਿਬੜਿਆ।