ਪਿਛਲੇ 7 ਸਾਲਾਂ ’ਚ ਚੰਡੀਗੜ੍ਹ ਯੂਨੀਵਰਸਿਟੀ ਦੇ 1210 ਪਾੜ੍ਹਿਆਂ ਨੇ ਸਟੈੱਮ ਸੈੱਲ ਦਾਨ ਕਰਨ ਲਈ ਕਰਵਾਈ ਰਜਿਸਟ੍ਰੇਸ਼ਨ
ਵਲੰਟੀਅਰ ਦੇ ਤੌਰ ’ਤੇ ਬਲੱਡ ਕੈਂਸਰ ਪੀੜਤਾਂ ਦੀ ਜਾਨ ਬਚਾਉਣ ਲਈ ਲਿਆ ਪ੍ਰਣ
ਚੰਡੀਗੜ੍ਹ ਯੂਨੀਵਰਸਿਟੀ ਦੇ 5 ਪਾੜ੍ਹਿਆਂ ਨੇ ਬਲੱਡ ਕੈਂਸਰ ਪੀੜਤ ਬੱਚਿਆਂ ਨੂੰ ਸਟੈੱਮ ਸੈੱਲ ਦਾਨ ਕਰ ਕੇ ਇਨਸਾਨੀਅਤ ਦੀ ਵੱਡੀ ਮਿਸਾਲ ਕੀਤੀ ਕਾਇਮ
ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਸਟੈੱਮ ਸੈੱਲ ਦਾਨ ਕਰਨ ਨਾਲ ਬਲੱਡ ਕੈਂਸਰ ਦੀ ਬਿਮਾਰੀ ਨਾਲ ਪੀੜਤ ਬੱਚਿਆਂ ਨੂੰ ਦਿੱਤੀ ਨਵੀਂ ਜ਼ਿੰਦਗੀ, ਬੱਚੇ ਜੀਅ ਸਕਣਗੇ ਸਿਹਤਮੰਦ ਜੀਵਨ
ਮਿਆਰੀ ਉਚੇਰੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ ਚੰਡੀਗੜ੍ਹ ਯੂਨੀਵਰਸਿਟੀ ਸਮਾਜ ਸੇਵੀ ਕਾਰਜਾਂ ਲਈ ਵੀ ਪਾੜ੍ਹਿਆਂ ਨੂੰ ਕਰ ਰਹੀ ਪ੍ਰੇਰਿਤ : ਸੰਸਦ ਮੈਂਬਰ (ਰਾਜ ਸਭਾ) ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ
ਹਰਜਿੰਦਰ ਸਿੰਘ ਭੱਟੀ
ਮੋਹਾਲੀ, 25 ਮਾਰਚ 2025- ਚੰਡੀਗੜ੍ਹ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਮਿਆਰੀ ਉਚੇਰੀ ਸਿੱਖਿਆ ਦਾ ਪ੍ਰਸਾਰ ਕਰਨ ਦਾ ਕਾਰਜ ਹੀ ਨਹੀਂ ਰਹੀ ਹੈ ਬਲਕਿ ਉਨ੍ਹਾਂ ਨੂੰ ਸਮਾਜ ਸੇਵੀ ਕਾਰਜਾਂ ਵਿਚ ਵੀ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕਰ ਰਹੀ ਹੈ।ਇਸੇ ਤਹਿਤ ਮਨੁੱਖਤਾ ਨੂੰ ਕੈਂਸਰ, ਟਿਊਮਰ ਤੇ ਹੱਡੀਆਂ ਦੇ ਖਤਰਨਾਕ ਰੋਗਾਂ ਤੋਂ ਬਚਾਉਣ ਲਈ ਚੰਡੀਗੜ੍ਹ ਯੂਨੀਵਰਸਿਟੀ ਦਾਤਰੀ ਫਾਉਂਡੇਸ਼ਨ ਦੇ ਸਹਿਯੋਗ ਨਾਲ ਸਟੈੱਮ ਸੈੱਲ ਦਾਨ ਕਰਨ ਲਈ ਉੱਤਰ ਭਾਰਤ ’ਚ ਅਭਿਆਨ ਚੱਲਾ ਰਹੀ ਹੈ। ਦੱਸਣਾ ਬਣਦਾ ਹੈ ਕਿ ਦਾਤਰੀ ਫਾਉਂਡੇਸ਼ਨ ਭਾਰਤ ਦੀ ਸਭ ਤੋਂ ਵੱਡੀ ਸਟੈੱਮ ਸੈੱਲ ਰਜਿਸਟਰੀ ਸੰਸਥਾ ਹੈ, ਜੋ ਕਿ ਬਿਨ੍ਹਾਂ ਕਿਸੇ ਲਾਭ ਦੇ ਲੋਕਾਂ ਨੂੰ ਭਿਆਨਕ ਬਿਮਾਰੀਆਂ ਜਿਵੇਂ ਕਿ ਬਲੱਡ ਕੈਂਸਰ, ਥੈਲੇਸੀਮੀਆ, ਲਿਊਕੀਮੀਆ, ਅਪਲਾਸਟਿਕ ਅਨੀਮੀਆ, ਸੀਕਲ ਸੈੱਲ ਤੋਂ ਬਚਾਉਣ ਦੀ ਦਿਸ਼ਾ ਵੱਲ ਕੰਮ ਕਰ ਰਹੀ ਹੈ।
ਇਸ ਅਭਿਆਨ ਦੇ ਤਹਿਤ ਪਿਛਲੇ 7 ਸਾਲਾਂ ਵਿਚ ਚੰਡੀਗੜ੍ਹ ਯੂਨੀਵਰਸਿਟੀ ਦੇ 1210 ਵਿਦਿਆਰਥੀਆਂ ਨੇ ਉਪਰੋਕਤ ਬਿਮਾਰੀਆਂ ਨਾਲ ਪੀੜਤ ਮਰੀਜਾਂ ਦੀ ਜਾਨ ਬਚਾਉਣ ਲਈ ਆਪਣੇ ਸਟੈੱਮ ਸੈੱਲ ਦਾਨ ਕਰਨ ਲਈ ਰਜਿਸਟ੍ਰੇਸ਼ਨ ਕਰਵਾਈ ਹੈ।ਇਹ ਸਟੈੱਮ ਸੈੱਲ ਦੇ ਸਾਰੇ ਅੰਕੜੇ ਦਾਤਰੀ ਫਾਉਂਡੇਸ਼ਨ ਕੋਲ ਦਰਜ ਹਨ, ਜਿਨ੍ਹਾਂ ਵਿਚੋਂ ਚੰਡੀਗੜ੍ਹ ਯੂਨੀਵਰਸਿਟੀ ਦੇ 5 ਵਿਦਿਆਰਥੀਆਂ ਦਾ ਸਟੈੱਮ ਸੈੱਲਾਂ ਦਾ ਮਿਲਾਨ ਹੋਣ ਤੋਂ ਬਾਅਦ ਦਾਨ ਕਰ ਕੇ ਬਲੱਡ ਕੈਂਸਰ ਦੀ ਬਿਮਾਰੀ ਨਾਲ ਪੀੜਤ 5 ਬੱਚਿਆਂ ਦੀ ਜਾਨ ਬਚਾ ਕੇ ਇਨਸਾਨੀਅਤ ਦੀ ਸਭ ਤੋਂ ਵੱਡੀ ਮਿਸਾਲ ਵੀ ਕਾਇਮ ਕੀਤੀ ਹੈ।ਜ਼ਿਕਰਯੋਗ ਹੈ ਕਿ ਸਟੈੱਮ ਸੈੱਲ ਦਾ ਮਿਲਾਨ 1 ਤੋਂ 2 ਲੱਖ ਵਿਅਕਤੀਆਂ ਵਿਚੋਂ ਇੱਕ ਨਾਲ ਹੁੰਦਾ ਹੈ, ਜੋਕਿ ਬਹੁਤ ਹੀ ਦੁਰਲੱਭ ਹੈ। ਉਨ੍ਹਾਂ ਵੱਲੋਂ ਦਾਨ ਕੀਤੇ ਇਨ੍ਹਾਂ ਸਟੈੱਮ ਸੈੱਲਾਂ ਨੇ ਬਲੱਡ ਕੈਂਸਰ ਨਾਲ ਪੀੜਤ ਬੱਚਿਆਂ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ, ਜਿਸ ਨਾਲ ਉਹ ਹੁਣ ਆਪਣਾ ਇੱਕ ਸਿਹਤਮੰਦ ਜੀਵਨ ਜੀਅ ਸਕਦੇ ਹਨ।
ਹਰ ਸਾਲ, ਭਾਰਤ ’ਚ 1 ਲੱਖ ਤੋਂ ਵੱਧ ਲੋਕ ਬਲੱਡ ਕੈਂਸਰ, ਥੈਲੇਸੀਮੀਆ ਅਤੇ ਐਪਲਾਸਟਿਕ ਅਨੀਮੀਆ ਵਰਗੀਆਂ ਬਿਮਾਰੀਆਂ ਨਾਲ ਪੀੜਤ ਪਾਏ ਜਾਂਦੇ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਮਰੀਜਾਂ ਲਈ, ਸਟੈੱਮ ਸੈੱਲ ਟ੍ਰਾਂਸਪਲਾਂਟ ਉਨ੍ਹਾਂ ਦੀ ਬਿਮਾਰੀ ਤੋਂ ਬਚਾਅ ਲਈ ਇੱਕੋ ਇੱਕ ਉਮੀਦ ਹੁੰਦੀ ਹੈ। ਜਦੋਂ ਕਿ ਕੀਮੋਥੈਰੇਪੀ ਅਤੇ ਰੇਡੀਏਸ਼ਨ ਥੈਰੇਪੀ ਵਰਗੇ ਰਵਾਇਤੀ ਢੰਗ ਉਪਲਬਧ ਹਨ, ਪਰ ਇੱਕ ਬਲੱਡ ਸਟੈੱਮ ਸੈੱਲ ਟ੍ਰਾਂਸਪਲਾਂਟ ਅਕਸਰ ਉਨ੍ਹਾਂ ਮਰੀਜਾਂ ਲਈ ਸਹਾਇਕ ਹੁੰਦਾ ਹੈ, ਜਿਨ੍ਹਾਂ ਨੂੰ ਇਨ੍ਹਾਂ ਬਿਮਾਰੀਆਂ ਦੁਬਾਰਾ ਹੋਣ ਦਾ ਖਤਰਾ ਵਧ ਹੁੰਦਾ ਹੈ।ਚੰਡੀਗੜ੍ਹ ਯੂਨੀਵਰਸਿਟੀ ਦੇ 5 ਵਿਦਿਆਰਥੀ ਹੁਣ ਤਕ ਸਟੈੱਮ ਸੈੱਲ ਦਾਨ ਕਰ ਚੁੱਕੇ ਹਨ, ਜਿਨ੍ਹਾਂ ਵਿਚ ਵਿਦਿਆਰਥੀ ਅਭੀਜੀਤ ਪੁੰਧੀਰ, ਰਿਤਵਿਕ ਸਿੰਘ, ਅਰਵਿੰਦ ਕੁਮਾਰ, ਆਯੂਸ਼ ਰੰਜਨ ਤੇ ਹਰਸ਼ ਸੈਣੀ ਸ਼ਾਮਲ ਹਨ।
ਲੋੜਵੰਦਾਂ ਦੀ ਸੇਵਾ ਹੀ ਮਨੁੱਖਤਾ ਦੀ ਅਸਲ ਸੇਵਾ : ਸਟੈੱਮ ਸੈੱਲ ਡੋਨਰ
ਇਸ ਸਬੰਧੀ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਲੀਬਰਲ ਆਰਟਸ ਐਂਡ ਹਿਊਮੀਨਿਟੀਸ ਦੇ ਐੱਮਏ ਭਾਗ-2 ਦੇ ਵਿਦਿਆਰਥੀ ਤੇ ਪਿੰਡ ਸਰਦੂਲਗੜ੍ਹ ਮਾਨਸਾ, ਪੰਜਾਬ ਵਾਸੀ ਅਰਵਿੰਦ ਕੁਮਾਰ ਨੇ ਦਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਚ ਸਾਲ 2023 ’ਚ ਇੱਕ ਹਫ਼ਤਾਵਾਰ ਐੱਨਐੱਸਐੱਸ ਕੈਂਪ ਲਗਾਇਆ ਗਿਆ ਸੀ। ਇਸ ਦੌਰਾਨ ਸਮਾਜ ਸੇਵੀ ਸੰਸਥਾ ਦਾਤਰੀ ਦੇ ਮੈਂਬਰ ਅਨੁਰਾਧਾ ਟੰਡਨ ਵੱਲੋਂ ਖੂਨਦਾਨ ਤੇ ਸਟੈੱਮ ਸੈੱਲ ਦਾਨ ਕਰਨ ਸਬੰਧੀ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ ਸੀ।ਅਸੀਂ ਆਪਣੇ ਸਿਹਤਮੰਦ ਸਟੈੱਮ ਸੈੱਲ ਦਾਨ ਕਰ ਕੇ ਬਲੱਡ ਕੈਂਸਰ, ਰੈੱਡ ਬਲੱਡ ਸੈੱਲ, ਪਲੇਟਲੈਟਸ ਤੇ ਵਾਈਟ ਬਲੱਡ ਸੈੱਲ ਨਾ ਬਣਨ ਵਰਗੀਆਂ ਬਿਮਾਰੀਆਂ ਨਾਲ ਪੀੜਤ ਮਰੀਜ ਦੀ ਜਾਨ ਬਚਾਅ ਸਕਦੇ ਹਾਂ।ਕੈਂਪ ਦੌਰਾਨ ਪੁੱਜੇ 100 ਵਿਦਿਆਰਥੀਆਂ ਨੇ ਖੂਨਦਾਨ ਕਰਨ ਸਮੇਤ ਸਟੈੱਮ ਸੈੱਲ ਦਾਨ ਕਰਨ ਲਈ ਆਪਣਾ ਨਾਮ ਵੀ ਦਰਜ ਕਰਵਾਇਆ ਗਿਆ ਸੀ। ਕਿਉਂਕਿ ਕਾਫੀ ਜਾਂਚ ਤੋਂ ਬਾਅਦ ਕਿਸੇ ਮਰੀਜ ਦੇ ਸਟੈੱਮ ਸੈੱਲ ਪੀੜਤ ਮਰੀਜ ਨੂੰ ਦਾਨ ਕੀਤੇ ਜਾ ਸਕਦੇ ਹਨ।ਇਸ ਦਾ ਡਾਟਾ ਦਾਤਰੀ ਫਾਉਂਡੇਸ਼ਨ ਵੱਲੋਂ ਸਟੋਰ ਕੀਤਾ ਜਾਂਦਾ ਹੈ। ਉਸ ਦੇ ਪਿਤਾ ਇੱਕ ਟ੍ਰੈਕਟਰ ਮਕੈਨਿਕ ਹਨ ਤੇ ਮਾਤਾ ਘਰੇਲੂ ਮਹਿਲਾ ਹਨ।
ਵਿਦਿਆਰਥੀ ਅਰਵਿੰਦ ਕੁਮਾਰ ਨੇ ਦਸਿਆ ਕਿ ਡਾਕਟਰੀ ਮਾਹਿਰਾਂ ਅਨੁਸਾਰ ਸਟੈੱਮ ਸੈੱਲ ਉਦੋਂ ਹੀ ਟ੍ਰਾਂਸਪਲਾਂਟ ਸਫ਼ਲ ਹੋ ਸਕਦਾ ਹੈ ਜਦੋਂ ਦਾਨੀ ਦਾ ਐੱਚਐੱਲਏ (ਹਿਊਮਨ ਲਿਉਕੋਸਾਈਟ ਐਂਟੀਜਨ) ਮਰੀਜ ਨਾਲ ਮੇਲ ਖਾਂਦਾ ਹੈ। ਸਰੀਰ ਦੀ ਰੋਗਾਂ ਨਾਲ ਪ੍ਰਤੀਰੋਧਕ ਪ੍ਰਣਾਲੀ ਵਿਚ ਐੱਚਐੱਲਏ ਨਾਮਕ ਪ੍ਰੋਟੀਨ ਹੁੰਦਾ ਹੈ ਜੋ ਸਰੀਰ ਨਾਲ ਸਬੰਧਤ ਸੈੱਲਾਂ ਨੂੰ ਵੱਖ ਕਰਦਾ ਹੈ ਜੋ ਸਰੀਰ ਨਾਲ ਸਬੰਧਤ ਨਹੀਂ ਹਨ। ਕਿਉਂਕਿ ਐੱਚਐੱਲਏ ਸਾਨੂੰ ਵਿਰਾਸਤ ਵਿਚ ਮਿਲਦੇ ਹਨ। ਇਸ ਲਈ ਸਹੀ ਦਾਨੀ ਮਿਲਣ ਲਈ ਸਭ ਤੋਂ ਵਧੀਆ ਸੰਭਾਵਨਾ ਆਪਣੇ ਘਰੇਲੂ ਪਿਛੋਕੜ ਰੱਖਣ ਵਾਲੇ ਵਿਅਕਤੀ ਤੋਂ ਵੱਧ ਹੁੰਦੀ ਹੈ।ਸਟੈੱਮ ਸੈੱਲ ਦਾ ਮਿਲਾਨ ਹੋਣਾ ਬਹੁਤ ਹੀ ਜ਼ਿਆਦਾ ਦੁਰਲੱਭ ਹੈ।ਸਟੈੱਮ ਸੈੱਲ ਟ੍ਰਾਂਸਪਲਾਂਟ ਲਈ ਔਸਤਨ 1 ਲੱਖ ਤੋਂ 2 ਲੱਖ ਦਾਨੀਆਂ ਦੀ ਜਾਂਚ ਤੋਂ ਬਾਅਦ ਇੱਕ ਨਾਲ ਮਿਲਾਨ ਹੁੰਦਾ ਹੈ। ਸਟੈੱਮ ਸੈੱਲ ਦਾਨ ਕਰਨ ਤੋਂ ਬਾਅਦ ਬਿਮਾਰੀ ਨਾਲ ਪੀੜਤ ਦੇ ਬਚਾਅ ਦਾ 60 ਤੋਂ 70 ਫ਼ੀਸਦ ਮੌਕਾ ਹੁੰਦਾ ਹੈ। ਇਸ ਦੇ ਇਲਾਜ ਦਾ ਖਰਚਾ ਵੀ 15 ਲੱਖ ਰੁਪਏ ਤੋਂ 25 ਲੱਖ ਰੁਪਏ ਤਕ ਹੁੰਦਾ ਹੈ।ਜੇਕਰ ਕਿਸੇ ਮਰੀਜ ’ਚ ਗਲਤ ਸਟੈੱਮ ਸੈੱਲ ਪਾ ਦਿੱਤੇ ਜਾਣ ਤਾਂ ਉਸ ਦੀ ਮੌਤ ਦਾ ਵੀ ਖਤਰਾ ਹੁੰਦਾ ਹੈ। ਇਸਤੋਂ ਪਹਿਲਾ ਹੋਣ ਵਾਲੇ ਸਾਰੇ ਟੈਸਟਾਂ ਤੋਂ ਬਾਅਦ ਹੀ ਸਟੈੱਮ ਸੈੱਲ ਟ੍ਰਾਂਸਪਲਾਂਟ ਦੀ ਕਾਰਵਾਈ ਸ਼ੁਰੂ ਕੀਤੀ ਜਾਂਦੀ ਹੈ। ਉਸ ਦੇ ਸਟੈੱਮ ਸੈੱਲਾਂ ਦਾ ਮਿਲਾਨ ਇੱਕ 8 ਸਾਲਾ ਬਲੱਡ ਕੈਂਸਰ ਦੀ ਬਿਮਾਰੀ (ਐਪਲਾਸਟਿਕ ਅਨੀਮੀਆ) ਨਾਲ ਪੀੜਤ ਬੱਚੇ ਨਾਲ ਹੋਇਆ ਸੀ। ਉਸ ਦੇ ਮਾਪਿਆਂ ਤੇ ਅਧਿਆਪਕਾਂ ਨੇ ਦਾਨ ਕਰਨ ਲਈ ਬਹੁਤ ਉਤਸ਼ਾਹਿਤ ਕੀਤਾ।ਅਰਵਿੰਦ ਨੇ ਕਿਹਾ ਕਿ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿਚ ਆਪਣੇ ਸਟੈੱਮ ਸੈੱਲ ਦਾਨ ਕੀਤੇ ਸੀ, ਜਿਸ ਬੱਚੇ ਨੂੰ ਉਸ ਨੇ ਆਪਣੇ ਸਟੈੱਮ ਸੈੱਲ ਦਾਨ ਕੀਤੇ ਹਨ। ਉਹ ਹੁਣ ਬਿਲਕੁਲ ਠੀਕ ਹੋ ਗਿਆ ਹੈ।
ਸਟੈੱਮ ਸੈੱਲ ਦਾਨ ਕਰਨ ਵਾਲੇ ਚੰਡੀਗੜ੍ਹ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਦੇ ਦੂਜੇ ਸਾਲ ਦੇ ਚੌਥੇ ਸਮੈਸਟਰ ਦੇ ਵਿਦਿਆਰਥੀ ਤੇ ਐੱਨਐੱਸਐੱਸ ਵਲੰਟੀਅਰ ਹਰਸ਼ ਸੈਣੀ ਨੇ ਕਿਹਾ ਕਿ ਉਹ ਐੱਨਐੱਸਐੱਸ ਦਾ ਵਲੰਟੀਅਰ ਹੈ ਤੇ ਉਸਦੇ ਮਾਤਾ ਪਿਤਾ ਡਾਕਟਰ ਹਨ। ਲੰਘੇ ਦਿਨੀਂ ਉਹ 26 ਜਨਵਰੀ 2024 ਦੀ ਹੋਣ ਵਾਲੀ ਪਰੇਡ ਲਈ ਤਿਆਰੀ ਕਰ ਰਹੇ ਸਨ ਤਾਂ ਉਸ ਸਮੇਂ ਦਾਤਰੀ ਫਾਊਂਡੇਸ਼ਨ ਵੱਲੋਂ ਯੂਨੀਵਰਸਿਟੀ ਦੇ ਕੈਂਪਸ ’ਚ ਸਟੈੱਮ ਸੈੱਲ ਦਾਨ ਕਰਨ ਵਾਸਤੇ ਪ੍ਰੇਰਿਤ ਕਰਨ ਲਈ ਕੈਂਪ ਲਗਾਇਆ ਗਿਆ ਸੀ। ਉਸ ਸਮੇਂ ਉਨ੍ਹਾਂ ਨੂੰ ਸਟੈੱਮ ਸੈੱਲ ਦਾਨ ਬਾਰੇ ਜਾਣਕਾਰੀ ਮਿਲੀ ਸੀ ਤਾਂ ਉਸ ਸਮੇਂ ਉਸ ਨੇ ਆਪਣੇ ਖੂਨ ਦੇ ਸੈਂਪਲ ਤੇ ਲਾਰਵਾ ਦੀ ਜਾਂਚ ਕਰਵਾ ਕੇ ਸਟੈੱਮ ਸੈੱਲ ਦਾਨ ਕਰਨ ਲਈ ਰਜਿਸਟ੍ਰੇਸ਼ਨ ਕਰਵਾਈ ਸੀ।ਫਰਵਰੀ 2025 ’ਚ ਉਸ ਨੂੰ ਜਾਣਕਾਰੀ ਮਿਲੀ ਸੀ ਕਿ ਉਸ ਦੇ ਸਟੈੱਮ ਸੈੱਲ ਦਾ ਮਿਲਾਨ 12 ਸਾਲਾ ਬਲੱਡ ਕੈਂਸਰ ਪੀੜਤ ਨਾਲ ਹੋਇਆ ਹੈ ਤਾਂ ਉਸ ਨੇ ਸਾਰੀ ਮੈਡੀਕਲ ਪ੍ਰਕਿਰਿਆ ਤੋਂ ਬਾਅਦ ਬੱਚੇ ਨੂੰ ਸਟੈੱਮ ਸੈੱਲ ਦਾਨ ਕਰ ਦਿੱਤੇ ਹਨ, ਜੋ ਕਿ ਹਾਲੇ ਜੇਰੇ ਇਲਾਜ ਹੈ।
ਇਸੇ ਤਰ੍ਹਾਂ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਜਬਲਪੁਰ ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਦੇ ਤੀਸਰੇ ਸਾਲ ਤੇ 6ਵੇਂ ਸਮੈਸਟਰ ਦੇ ਵਿਦਿਆਰਥੀ ਤੇ ਐੱਨਐੱਸਐੱਸ ਵਲੰਟੀਅਰ ਆਯੂਸ਼ ਰੰਜਨ ਨੇ ਕਿਹਾ ਕਿ ਮੇਰਾ ਬਚਪਨ ਤੋਂ ਹੀ ਸਮਾਜ ਸੇਵੀ ਕਾਰਜਾਂ ਵਿਚ ਵੀ ਭਾਰੀ ਰੁਝਾਨ ਹੈ ਤੇ ਮੈਂ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਚ ਐੱਨਐੱਸਐੱਸ ਵਲੰਟੀਅਰ ਦੇ ਤੌਰ ’ਤੇ ਸੇਵਾਵਾਂ ਨਿਭਾ ਰਿਹਾ ਹਾਂ। ਮੈਂਨੂੰ ਐੱਨਐੱਸਐੱਸ ਕੈਂਪ ਦੌਰਾਨ ਹੀ ਸਟੈੱਮ ਸੈੱਲ ਬਾਰੇ ਜਾਣਾਕਾਰੀ ਮਿਲੀ ਸੀ। ਮੇਰੇ ਸਟੈੱਮ ਸੈੱਲ ਦਾ ਮਿਲਾਨ ਇੱਕ ਬਲੱਡ ਕੈਂਸਰ ਪੀੜਤ ਬੱਚੇ ਨਾਲ ਹੋਇਆ ਸੀ।ਮੈਂ ਆਪਣੇ ਸਟੈੱਮ ਸੈੱਲ ਦਾਨ ਕਰਨ ਲਈ ਮੈਡੀਕਲ ਪ੍ਰਕਿਰਿਆ ਤੋਂ ਬਾਅਦ ਅਕਤੂਬਰ 2024 ਵਿਚ ਦਾਨ ਕੀਤੇ ਸਨ।ਮੇਰਾ ਮੰਨਣਾ ਹੈ ਕਿ ਸਾਨੂੰ ਸਾਰਿਆਂ ਨੂੰ ਅਜਿਹੇ ਲੋੜਵੰਦ ਮਰੀਜਾਂ ਲਈ ਅੱਗੇ ਆਉਣਾ ਚਾਹੀਦਾ ਹੈ, ਸਾਨੂੰ ਸਭ ਨੂੰ ਸਟੈੱਮ ਸੈੱਲ ਦਾਨ ਕਰਨ ਲਈ ਰਜਿਸਟ੍ਰੇਸ਼ਨ ਜਰੂਰ ਕਰਵਾਉਣੀ ਚਾਹੀਦੀ ਹੈ ਤਾਂ ਕਿ ਸਾਡੀ ਮਦਦ ਨਾਲ ਕਿਸੇ ਵੀ ਲੋੜਵੰਦ ਮਰੀਜ ਦੀ ਜਾਨ ਬਚ ਸਕੇ।ਅਸੀਂ ਅਜਿਹੀ ਉਮੀਦ ਦੇ ਨਾਲ ਹੀ ਅਸੀਂ ਦੂਜਿਆਂ ਨੂੰ ਜ਼ਿੰਦਗੀ ਦੇ ਸਕਦੇ ਹਾਂ। ਕਿਉਂਕਿ ਲੋੜਵੰਦਾ ਦੀ ਸੇਵਾ ਹੀ ਮਨੁੱਖਤਾ ਦੀ ਅਸਲ ਸੇਵਾ ਹੈ।
ਵਿਦਿਆਰਥੀਆਂ ਵੱਲੋਂ ਕੀਤਾ ਜਾ ਰਿਹਾ ਸ਼ਲਾਘਾਯੋਗ ਉਪਰਾਲਾ : ਸੰਸਦ ਮੈਂਬਰ (ਰਾਜ ਸਭਾ) ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਦ ਮੈਂਬਰ (ਰਾਜ ਸਭਾ) ਤੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਵਿਦਿਆਰਥੀਆਂ ਵੱਲੋਂ ਕੀਤਾ ਗਿਆ ਉਪਰਾਲਾ ਸ਼ਲਾਘਾਯੋਗ ਹੈ।ਸਾਨੂੰ ਸਾਡੇ ਵਿਦਿਆਰਥੀ ਅਭੀਜੀਤ ਪੁੰਧੀਰ, ਰਿਤਵਿਕ ਸਿੰਘ, ਅਰਵਿੰਦ ਕੁਮਾਰ, ਆਯੂਸ਼ ਰੰਜਨ ਤੇ ਹਰਸ਼ ਸੈਣੀ ਦੀ ਤਰ੍ਹਾਂ ਬਲੱਡ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਮਰੀਜ਼ਾਂ ਨੂੰ ਬਚਾਉਣ ਲਈ ਅੱਗੇ ਆਉਣਾ ਚਾਹੀਦਾ ਹੈ ਤੇ ਹੋਰਨਾਂ ਨੂੰ ਵੀ ਜਾਗਰੂਕ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ, ਸਾਡੀ ਚੰਡੀਗੜ੍ਹ ਯੂਨੀਵਰਸਿਟੀ ਦੇ 210 ਵਿਦਿਆਰਥੀਆਂ ਨੇ ਸਟੈੱਮ ਸੈੱਲ ਦਾ ਕਰਨ ਲਈ ਪ੍ਰਣ ਵੀ ਲਿਆ ਹੈ। ਚੰਡੀਗੜ੍ਹ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ ਸਮਾਜ ਸੇਵੀ ਕਾਰਜਾਂ ਵਿਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰ ਰਹੀ ਹੈ।
ਚੰਡੀਗੜ੍ਹ ਯੂਨੀਵਰਸਿਟੀ ’ਚ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਤੇ ਉਚੇਰੀਆਂ ਕਦਰਾਂ-ਕੀਮਤਾਂ ਭਰਪੂਰ ਜੀਵਨ-ਜਾਚ ਸਿੱਖਣ ਲਈ ਉਨ੍ਹਾਂ ਨੂੰ ਸੰਪੂਰਨ ਸਮਾਜਿਕ ਅਤੇ ਸੁਖਾਵਾਂ ਵਾਤਾਵਰਨ ਪ੍ਰਦਾਨ ਕੀਤਾ ਜਾਂਦਾ ਹੈ, ਜਿੱਥੇ ਉਹ ਸਿਖਿਆਰਥੀ ਬਣ ਕੇ ਯੋਗ ਅਧਿਆਪਕਾਂ ਦੀ ਅਗਵਾਈ ਵਿਚ ਰੋਜ਼ਾਨਾ ਸਰੀਰਕ, ਸਮਾਜਿਕ, ਸੱਭਿਆਚਾਰਕ, ਨੈਤਿਕ, ਧਾਰਮਿਕ, ਆਚਰਣਿਕ, ਆਰਥਿਕ ਅਤੇ ਰਾਜਨੀਤਕ ਜੀਵਨ ਦੀ ਪਛਾਣ ਕਰਨ ਦੇ ਨਾਲ-ਨਾਲ ਤੰਦਰੁਸਤ ਭਾਈਚਾਰੇ ਦੀਆਂ ਤੰਦਾਂ ਪਰੋਂਦੇ ਹਨ।