ਟ੍ਰੈਫਿਕ ਸਮੱਸਿਆ ਦਾ ਹੱਲ: ਪੰਜਾਬ ਸਰਕਾਰ ਬਣਾਏਗੀ ਰੇਲਵੇ ਅੰਡਰ ਬ੍ਰਿਜ, ਪੜ੍ਹੋ ਪੂਰਾ ਵੇਰਵਾ
ਜਲਾਲਾਬਾਦ ਵਿੱਚ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨ ਲਈ ਪੰਜਾਬ ਸਰਕਾਰ ਬਣਾਏਗੀ ਬਾਈਪਾਸ : ਹਰਭਜਨ ਸਿੰਘ ਈ.ਟੀ.ਉ.
ਮੁਬਾਰਕਪੁਰ ਤੋਂ ਢਕੋਲੀ ਸੜਕ (ਓ.ਡੀ.ਆਰ-01) ਤੇ ਬਣੇ ਕਾਜਵੇਅ ਦੀ ਮੁੜ ਉਸਾਰੀ ਵਿਚਾਰ ਅਧੀਨ
ਚੰਡੀਗੜ੍ਹ: 24 ਮਾਰਚ: ਫਿਰੋਜ਼ਪੁਰ -ਫਾਜਿਲਕਾ ਮਾਰਗ ਤੇ ਪੈਂਦੇ ਜਲਾਲਾਬਾਦ ਸ਼ਹਿਰ ਵਿੱਚ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨ ਲਈ ਪੰਜਾਬ ਸਰਕਾਰ ਬਾਈਪਾਸ ਬਣਾਏਗੀ। ਇਹ ਜਾਣਕਾਰੀ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਉ. ਵਲੋਂ ਅੱਜ ਵਿਧਾਨ ਸਭਾ ਵਿਚ ਇਕ ਸਵਾਲ ਦਾ ਜਵਾਬ ਦਿੰਦਿਆਂ ਦਿੱਤੀ।
ਜਲਾਲਾਬਾਦ ਤੋਂ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਜਲਾਲਾਬਾਦ ਸ਼ਹਿਰ ਦੇ ਟ੍ਰੈਫਿਕ ਦੀ ਸਮੱਸਿਆ ਤੋਂ ਲੋਕਾਂ ਨੂੰ ਨਿਜਾਤ ਦਿਵਾਉਣ ਲਈ ਫਿਰੋਜਪੁਰ ਤੋਂ ਫਾਜਿਲਕਾ ਰੋਡ ਤੇ ਕੋਈ ਬਾਈਪਾਸ ਬਣਾਉਣ ਦੀ ਤਜਵੀਜ਼ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਲੋਕ ਨਿਰਮਾਣ ਹਰਭਜਨ ਸਿੰਘ ਨੇ ਦੱਸਿਆ ਕਿ ਫਿਰੋਜਪੁਰ-ਫਾਜਿਲਕਾ ਰੋਡ (ਬੱਘੋ ਕੇ ਉਤਾੜ੍ਹ) ਤੋਂ ਐਫ.ਐਫ. ਰੋਡ (ਅਮੀਰ ਖਾਸ) (ਸ਼ਹੀਦ ਉਧਮ ਸਿੰਘ ਮਾਰਗ) ਬਾਈਪਾਸ ਬਣਾਉਣ ਦੀ ਪ੍ਰਸ਼ਾਸਕੀ ਪ੍ਰਵਾਨਗੀ ਸਕੱਤਰ, ਪੰਜਾਬ ਮੰਡੀ ਬੋਰਡ, ਐਸ.ਏ.ਐਸ. ਨਗਰ ਵੱਲੋਂ ਪੱਤਰ ਨੰ: ਉੱਤਰ/1916 ਮਿਤੀ 11-03-2025 ਰਾਹੀਂ ਰਕਮ ਬਾਬਤ 1328.70 ਲੱਖ ਰੁਪਏ ਇਸ ਵਿਭਾਗ ਨੂੰ ਜ਼ਾਰੀ ਕਰ ਦਿੱਤੀ ਗਈ ਹੈ। ਇਹ ਸੜਕ ਐਫ.ਐਫ. ਰੋਡ (ਬੱਘੇ ਕੇ ਉਤਾੜ) ਤੋਂ ਐਫ.ਐਫ. ਰੋਡ (ਅਮੀਰ ਖਾਸ) ਨਹਿਰ ਦੇ ਨਾਲ-ਨਾਲ ਬਣੇਗੀ। ਇਸ ਦੀ ਕੁੱਲ ਲੰਬਾਈ 8.75 ਕਿਲੋਮੀਟਰ ਹੈ ਅਤੇ ਚੋੜਾਈ 18 ਫੁੱਟ (5.50 ਮੀਟਰ) ਹੈ। ਇਹ ਸੜਕ ਜਲਾਲਾਬਾਦ ਸ਼ਹਿਰ ਲਈ ਬਾਈਪਾਸ ਦਾ ਕੰਮ ਕਰੇਗੀ ਅਤੇ ਸ਼ਹਿਰ ਵਿੱਚ ਟ੍ਰੈਫਿਕ ਦੀ ਸਮੱਸਿਆ ਤੋਂ ਨਿਜਾਤ ਪਾਉਣ ਵਿੱਚ ਮਦਦ ਕਰੇਗੀ।
ਹਲਕਾ ਡੇਰਾਬੱਸੀ ਤੋਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵਲੋਂ ਮੁਬਾਰਕਪੁਰ ਤੋਂ ਢਕੋਲੀ ਸੜਕ (ਓ.ਡੀ.ਆਰ-01) ਤੇ ਬਣੇ ਕਾਜਵੇਅ ਦੀ ਮੁੜ ਉਸਾਰੀ ਕਰਨ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਉ.ਨੇ ਦੱਸਿਆ ਕਿ ਮੁਬਾਰਕਪੁਰ ਤੋਂ ਢਕੋਲੀ ਸੜਕ (ਓ.ਡੀ.ਆਰ-01) ਉੱਤੇ330 ਮੀਟਰ ਲੰਬਾਈ (ਸਮੇਤ ਅਪਰੋਚ ਸੜਕਾਂ) ਅਤੇ 8 ਮੀਟਰ ਚੋੜਾ ਕਾਜਵੇਅ ਬਣਿਆ ਹੋਇਆ ਹੈ। ਇਹ ਕਾਜਵੇਅ ਜੁਲਾਈ2023 ਵਿੱਚ ਆਏ ਹੜ੍ਹਾਂ ਕਾਰਨ ਨੁਕਸਾਨਿਆ ਗਿਆ ਸੀ, ਜਿਸਦੀ ਆਰਜੀ ਤੌਰ ਤੇ ਮੁਰੰਮਤ ਐਸ.ਡੀ.ਆਰ.ਐਫ. ਨਾਰਮਜ ਨਾਲ ਕੀਤੀ ਜਾ ਚੁੱਕੀ ਹੈ ਅਤੇ ਹੁਣ ਇਹ ਕਾਜਵੇਅ ਟਰੈਫਿਕ ਦੇ ਚੱਲਣਯੋਗ ਹੈ। ਪ੍ਰੰਤੂ ਭਾਰੀ ਵਾਹਨਾਂ ਦੀ ਆਵਾਜਾਈ ਕਾਰਣ ਇਸ ਕਾਜਵੇਅ ਦਾ ਵੀਅਰਿੰਗ ਕੋਟ ਹਾਲ ਹੀ ਵਿਚ ਖਰਾਬ ਹੋ ਰਿਹਾ ਹੈ। ਇਸ ਕਾਜਵੇਅ ਤੇ ਭਾਰੀ ਵਾਹਨਾਂ ਦੀ ਆਵਾਜਾਈ ਨੂੰ ਰੋਕਣ ਲਈ ਗਾਰਡਰ ਵੀ ਲਗਾਏ ਗਏ ਸਨ, ਜੋ ਕਿ ਭਾਰੀ ਵਾਹਨਾਂ ਵੱਲੋਂ ਤੋੜੇ ਗਏ ਹਨ।
ਉਨ੍ਹਾਂ ਦੱਸਿਆ ਕਿ ਇਸ ਕਾਜਵੇਅ ਦੀ ਮੁਰੰਮਤ ਕਰਵਾਉਣ ਦਾ ਅਨੁਮਾਨ ਬਾਬਤ ਰਕਮ 44.87 ਲੱਖ ਰੁਪਏ ਦਾ ਤਿਆਰ ਕਰਕੇ 3054 (ਐਸ.ਐਚ) ਸਰਕਾਰ ਦੇ ਧਿਆਨ ਵਿੱਚ ਹੈ। ਬਜਟ ਦੀ ਪ੍ਰਵਾਨਗੀ ਉਪਰੰਤ ਇਹ ਕੰਮ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਥੇ 150 ਮੀਟਰ ਲੰਬਾ ਨਵਾ ਕਾਜਵੇ ਬਨਾਉਣ ਲਈ 18 ਕਰੋੜ ਰੁਪਏ ਖਰਚ ਆਉਣ ਦਾ ਅਨੁਮਾਨ ਹੈ ਅਤੇ ਇਸ ਕੰਮ ਲਈ ਹੈ 18 ਤੋਂ 24 ਮਹੀਨੇ ਲੱਗਣਗੇ ਇਸ ਨੂੰ ਵਿਚਾਰ ਲਿਆ ਜਾਵੇਗਾ।
ਜ਼ਿਲ੍ਹਾ ਜਲੰਧਰ ਵਿੱਚ ਸਾਹਨੇਵਾਲ-ਜਲੰਧਰ-ਅੰਮ੍ਰਿਤਸਰ ਲਾਈਨ ਤੇ ਟਾਂਡਾ ਫਾਟਕ ਲੈਵਲ ਕਰਾਸਿੰਗ ਨੰ. 5.63/ਈ3, ਰੇਲਵੇ ਅੰਡਰ ਬ੍ਰਿਜ ਬਣਾਉਣਾ ਸਬੰਧੀ ਜਲੰਧਰ ਉੱਤਰੀ ਤੋਂ ਵਿਧਾਇਕ ਸ ਅਵਤਾਰ ਸਿੰਘ ਜੂਨੀਅਰ ਵਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਉ. ਨੇ ਦੱਸਿਆ ਕਿ ਜ਼ਿਲ੍ਹਾ ਜਲੰਧਰ ਵਿੱਚ ਸਾਹਨੇਵਾਲ-ਜਲੰਧਰ-ਅੰਮ੍ਰਿਤਸਰ ਲਾਈਨ ਤੇ ਟਾਂਡਾ ਫਾਟਕ ਲੈਵਲ ਕਰਾਸਿੰਗ ਨੰ. 5.63/ਈ3, ਰੇਲਵੇ ਅੰਡਰ ਬ੍ਰਿਜ ਬਣਾਉਣ ਦੀ ਤਜਵੀਜ਼ ਸਰਕਾਰ ਦੇ ਵਿਚਾਰ ਅਧੀਨ ਹੈ। ਇਸ ਕੰਮ ਦੀ ਪ੍ਰਸ਼ਾਸਕੀ ਪ੍ਰਵਾਨਗੀ ਪੀ.ਆਈ.ਡੀ.ਬੀ. 2021/2394 ਮਿਤੀ 11-05-2021 ਨੂੰ ਬਾਬਤ ਰਕਮ 13.06 ਕਰੋੜ ਰੁਪਏ ਦੀ ਪ੍ਰਾਪਤ ਹੋਈ ਸੀ। ਆਰ.ਯੂ.ਬੀ. ਦੇ ਦੋਨਾਂ ਪਾਸੇ ਅਪਰੋਚਾਂ ਦਾ ਕੰਮ ਲੋਕ ਨਿਰਮਾਣ ਵਿਭਾਗ ਦੁਆਰਾ ਕੀਤਾ ਜਾਣਾ ਸੀ, ਜਦੋਂ ਕਿ ਰੇਲਵੇ ਸੀਮਾ ਦੇ ਅੰਦਰ ਦਾ ਕੰਮ ਰੇਲਵੇ ਵਿਭਾਗ ਦੁਆਰਾ ਕੀਤਾ ਜਾਣਾ ਸੀ। ਜਿਸ ਦੀ ਉੱਤਰੀ ਰੇਲਵੇ ਅਥਾਰਟੀਜ਼ ਦੁਆਰਾ ਅੰਬਰੇਲਾ ਵਰਕ 2024-25 ਅਧੀਨ ਇਸ ਕੰਮ ਨੂੰ ਸ਼ਾਮਲ ਕਰ ਲਿਆ ਹੈ।