ਲਾਲੜੂ ਖੇਤਰ ਨੂੰ ਸਰਕਾਰੀ ਕਾਲਜ ਦੀ ਸਭ ਤੋਂ ਵੱਧ ਲੋੜ : ਸੀਪੀਆਈ (ਐਮ)
ਪਿਛਲੀ ਸਰਕਾਰ ਵੱਲੋਂ ਤਕਨੀਕੀ ਕਾਰਨਾਂ ਦਾ ਹਵਾਲਾ ਦਿੰਦਿਆਂ ਕੀਤੀ ਗਈ ਸੀ ਮੰਗ ਰੱਦ
ਮਲਕੀਤ ਸਿੰਘ ਮਲਕਪੁਰ
ਲਾਲੜੂ 25 ਮਾਰਚ 2025: ਨਿਰੋਲ ਦਿਹਾਤੀ ਖੇਤਰ ਤੇ ਸਰਕਾਰਾਂ ਵੱਲੋਂ ਹਮੇਸ਼ਾਂ ਹੀ ਅਣਗੌਲੇ ਜਾਂਦੇ ਰਹੇ ਲਾਲੜੂ ਖੇਤਰ ਨੂੰ ਸਰਕਾਰੀ ਡਿਗਰੀ ਕਾਲਜ ਦੀ ਸਭ ਤੋਂ ਵੱਧ ਲੋੜ ਹੈ ਤੇ ਸਰਕਾਰਾਂ ਨੂੰ ਇਸ ਖੇਤਰ ਦੇ ਭੂਗੋਲਿਕ ਦਾਇਰੇ ਨੂੰ ਵੇਖਦਿਆਂ ਇਸ ਖੇਤਰ ਵਿਚ ਸਰਕਾਰੀ ਡਿਗਰੀ ਕਾਲਜ ਖੋਲ੍ਹਣ ਨੂੰ ਤਰਜੀਹ ਦੇਣੀ ਚਾਹੀਦੀ ਹੈ । ਸੀਪੀਆਈ (ਐਮ )ਦੀ ਸਥਾਨਕ ਇਕਾਈ (ਬ੍ਰਾਂਚ ) ਨੇ ਲਾਲੜੂ ਵਿਖੇ ਹੋਈ ਮੀਟਿੰਗ ਦੌਰਾਨ ਇੱਕ ਵਾਰ ਫਿਰ ਇਹ ਮਸਲਾ ਉਠਾਉਂਦਿਆਂ ਇਸ ਖੇਤਰ ਵਿਚ ਸਰਕਾਰੀ ਕਾਲਜ ਖੋਲ੍ਹਣ ਦੀ ਮੰਗ ਕੀਤੀ ਹੈ ਜਦਕਿ ਇਸ ਤੋਂ ਪਹਿਲਾਂ ਪਿਛਲੀ ਸਰਕਾਰ ਵੇਲੇ ਇਹ ਇਕਾਈ 20 ਨਵੰਬਰ 2017 ਨੂੰ ਲਿਖੇ ਰਜਿਸਟਰਡ ਪੱਤਰਾਂ ਰਾਹੀਂ ਤਤਕਾਲੀਨ ਉੱਚ ਸਿੱਖਿਆ ਮੰਤਰੀ ਪੰਜਾਬ ਤੇ ਤਤਕਾਲੀਨ ਰਾਜਪਾਲ ਪੰਜਾਬ ਮੂਹਰੇ ਇਹ ਮੰਗ ਰੱਖ ਚੁੱਕੀ ਹੈ । ਇਸ ਪੱਤਰ ਦਾ ਰਾਜਪਾਲ ਸਾਹਿਬ ਵੱਲੋਂ ਤਾਂ ਕੋਈ ਜਵਾਬ ਨਹੀਂ ਆਇਆ ਪਰ ਤਤਕਾਲੀਨ ਉਚੇਰੀ ਸਿੱਖਿਆ ਵਿਭਾਗ ਵੱਲੋਂ 18 ਜਨਵਰੀ 2018 ਨੂੰ ਮੀਮੋ ਨੰਬਰ 13/1/2018-6 ਸਿ1/130 ਰਾਹੀਂ ਇਹ ਮੰਗ ਇਹ ਕਹਿੰਦਿਆਂ ਰੱਦ ਕਰ ਦਿੱਤੀ ਗਈ ਸੀ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਸਬਡਵੀਜਨਾਂ ਵਿਚ ਹੀ ਕਾਲਜ ਖੋਲ੍ਹਣ ਦੀ ਤਜਵੀਜ਼ ਹੈ ,ਜਿੱਥੇ ਪਹਿਲਾਂ ਕਾਲਜ ਨਹੀਂ ਹਨ । ਦਿੱਤੇ ਜਵਾਬ ਵਿੱਚ ਇਹ ਵੀ ਸਪੱਸ਼ਟ ਲਿਖਿਆ ਗਿਆ ਕਿ ਡੇਰਾਬੱਸੀ ਸਬਡਵੀਜ਼ਨ ਵਿਚ ਪਹਿਲਾਂ ਹੀ ਸਰਕਾਰੀ ਕਾਲਜ ਹੈ ਤੇ ਇਸ ਲਈ ਫਿਲਹਾਲ ਇੱਥੇ ਹੋਰ ਕਾਲਜ ਨਹੀਂ ਖੋਲ੍ਹਿਆ ਜਾ ਸਕਦਾ। ਹੁਣ ਪਾਰਟੀ ਇਕਾਈ ਨੇ ਹਲਕਾ ਵਿਧਾਇਕ ਵੱਲੋਂ ਵਿਧਾਨ ਸਭਾ ਵਿਚ ਜ਼ੀਰਕਪੁਰ ਅੰਦਰ ਸਰਕਾਰੀ ਕਾਲਜ ਖੁਲ੍ਹਵਾਉਣ ਦੀ ਮੰਗ ਦੇ ਨਾਲ-ਨਾਲ ਲਾਲੜੂ ਖੇਤਰ ਵਿਚ ਕਾਲਜ ਖੋਲ੍ਹਣ ਦੀ ਵਿਸ਼ੇਸ਼ ਅਪੀਲ ਕੀਤੀ ਹੈ। ਪਾਰਟੀ ਆਗੂ ਕਾਮਰੇਡ ਲਾਭ ਸਿੰਘ , ਕਾਮਰੇਡ ਕੌਲ ਸਿੰਘ, ਕਾਮਰੇਡ ਚੰਦਰਪਾਲ ਲਾਲੜੂ ਤੇ ਕਾਮਰੇਡ ਨੰਦ ਕਿਸ਼ੋਰ ਸਮੇਤ ਸਮੁੱਚੀ ਪਾਰਟੀ ਇਕਾਈ ਨੇ ਕਿਹਾ ਕਿ ਲਾਲੜੂ ਖੇਤਰ ਹੰਡੇਸਰਾ ਤੇ ਝਾਰਮੜੀ ਤੱਕ ਵੀਹ ਕਿਲੋਮੀਟਰ ਦੇ ਦਾਇਰੇ ਤੱਕ ਫੈਲਿਆ ਹੋਇਆ ਹੈ । ਇਸ ਖੇਤਰ ਦੇ ਵਿਦਿਆਰਥੀਆਂ ਨੂੰ ਡੇਰਾਬੱਸੀ ਹੀ ਵੀਹ ਕਿਲੋਮੀਟਰ ਤੋਂ ਵੀ ਵੱਧ ਦੂਰ ਪੈਂਦਾ ਹੈ ਜਦਕਿ ਜ਼ੀਰਕਪੁਰ ਤੋਂ ਚੰਡੀਗੜ੍ਹ, ਮੋਹਾਲੀ ਤੇ ਪੰਚਕੂਲਾ ਵਰਗੇ ਵੱਡੇ ਸ਼ਹਿਰ ਦੱਸ ਕਿਲੋਮੀਟਰ ਦੇ ਦਾਇਰੇ ਵਿਚ ਹਨ ਤੇ ਉੱਥੇ ਸਰਕਾਰੀ ਕਾਲਜ ਤੇ ਹੋਰ ਸਿੱਖਿਆ ਸੰਸਥਾਵਾਂ ਵੀ ਵੱਡੀ ਗਿਣਤੀ ਵਿਚ ਹਨ । ਪੰਜਾਬ ਦਾ ਕਾਲਜ ਦੂਰ ਹੋਣ ਦੇ ਚੱਲਦਿਆਂ ਇਸ ਖੇਤਰ ਦੇ ਲੋਕ ਆਪਣੇ ਬੱਚਿਆਂ ਨੂੰ ਹਰਿਆਣਾ ਦੇ ਕਾਲਜਾਂ ਵਿੱਚ ਪੜ੍ਹਾਉਣ ਲਈ ਮਜਬੂਰ ਹਨ । ਇਸ ਦਿਹਾਤੀ ਖੇਤਰ ਵਿਚ ਸਰਕਾਰੀ ਟਰਾਂਸਪੋਰਟ ਸਾਧਨਾਂ ਦੀ ਵੀ ਕਮੀ ਹੈ। ਇੱਕ ਤਾਂ ਕਾਲਜ ਦੂਰ ਹੈ ਤੇ ਦੂਜਾ ਸਾਧਨਾਂ ਦੀ ਕਮੀ ਵਿਦਿਆਰਥੀਆਂ ਵਿਚ ਪੜ੍ਹਾਈ ਤੋਂ ਦੂਰੀ ਵਧਾ ਦਿੰਦੀ ਹੈ । ਪਾਰਟੀ ਆਗੂਆਂ ਨੇ ਕਿਹਾ ਕਿ ਲਾਲੜੂ ਵਿਚ ਹੀ ਕਾਲਜ ਲਈ ਉਚਿਤ ਸਰਕਾਰੀ ਜ਼ਮੀਨ ਉਪਲਬਧ ਹੈ । ਉਨ੍ਹਾਂ ਕਿਹਾ ਕਿ ਜੇਕਰ ਇਸ ਖੇਤਰ ਵਿਚ ਸਰਕਾਰੀ ਕਾਲਜ ਖੋਲ੍ਹਣ ਨੂੰ ਤਰਜੀਹ ਦਿੱਤੀ ਜਾਂਦੀ ਹੈ ਤਾਂ ਨਾ ਸਿਰਫ ਸਰਕਾਰ ਨੂੰ ਲਾਭ ਹੋਵੇਗਾ , ਸਗੋਂ ਇੱਥੋਂ ਦੇ ਵਿਦਿਆਰਥੀਆਂ ਦੇ ਨਾਲ -ਨਾਲ ਖੇਤਰ ਦਾ ਬੁਨਿਆਦੀ ਵਿਕਾਸ ਵੀ ਹੋਵੇਗਾ।