Babushahi Special : ਓਹ ਦਿਨ ਡੁੱਬਾ ਜਿੱਦਣ ਘੋੜੀ ਚੜ੍ਹਿਆ ਕੁੱਬਾ ਬਣੀ ਬੱਸ ਅੱਡੇ ਦੀ ਉਸਾਰੀ
ਅਸ਼ੋਕ ਵਰਮਾ
ਬਠਿੰਡਾ,25 ਮਾਰਚ 2025: ਬਠਿੰਡਾ ’ਚ ਬਣਨ ਵਾਲੇ ਨਵੇਂ ਬੱਸ ਅੱਡੇ ਦਾ ਹਾਲ ਓਹ ਦਿਨ ਡੁੱਬਾ ਜਿੱਦਣ ਘੋੜੀ ਚੜ੍ਹਿਆ ਕੁੱਬਾ ਵਾਲਾ ਹੋਇਆ ਪਿਆ ਹੈ। ਸਰਕਾਰਾਂ ਆਈਆਂ ਤੇ ਗਈਆਂ ਅਤੇ ਮੌਜੂਦਾ ਸਰਕਾਰ ਦੀ ਉਲਟੀ ਗਿਣਤੀ ਵੀ ਇੱਕ ਤਰਾਂ ਨਾਲ ਸ਼ੁਰੂ ਹੋ ਗਈ ਹੈ ਪਰ ਅਜੇ ਤੱਕ ਬੱਸ ਅੱਡੇ ਦੀ ਉਸਾਰੀ ਨੂੰ ਭਾਗ ਨਹੀਂ ਲੱਗ ਸਕੇ ਹਨ। ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ ਆਖ ਚੁੱਕੇ ਹਨ ਕਿ ਪ੍ਰਜੈਕਟ ਪਾਈਪ ਲਾਈਨ ਵਿੱਚ ਹੈ ਜਲਦੀ ਹੀ ਸ਼ਹਿਰ ਵਾਸੀਆਂ ਨੂੰ ਖੁਸ਼ਖਬਰੀ ਮਿਲੇਗੀ। ਹਲਕਾ ਵਿਧਾਇਕ ਜਗਰੂਪ ਸਿੰਘ ਗਿੱਲ ਦਾ ਵੀ ਇਹ ਕਹਿਣਾ ਹੈ ਕਿ ਬੱਸ ਅੱਡਾ ਸਰਕਾਰ ਦੀ ਤਰਜੀਹ ਹੈ ਅਤੇ ਹਰ ਪੱਖ ਨੂੰ ਦੇਖਣ ਤੋਂ ਬਾਅਦ ਕੰਮ ਚਾਲੂ ਕਰਵਾਉਣ ਦੀ ਤਿਆਰੀ ਹੈ। ਪ੍ਰਸ਼ਾਸ਼ਨ ਅਤੇ ਸਰਕਾਰੀ ਧਿਰ ਵੱਲੋਂ ਦਾਅਵੇ ਕਰਨ ਦੇ ਬਾਵਜੂਦ ਬੱਸ ਅੱਡਾ ਹਵਾ ਵਿੱਚ ਲਟਕਿਆ ਪਿਆ ਹੈ।

ਗੌਰਤਲਬ ਹੈ ਕਿ ਗਠਜੋੜ ਸਰਕਾਰ ਨੇ ਨਵਾਂ ਏਸੀ ਬੱਸ ਅੱਡਾ ਬਨਾਉਣ ਦੀ ਯੋਜਨਾ ਉਲੀਕੀ ਸੀ ਜਿਸ ਦੀ ਉਸਾਰੀ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ ਵੱਲੋਂ ਕਰਵਾਈ ਜਾਣੀ ਸੀ। ਨਵਾਂ ਬੱਸ ਅੱਡਾ ਬੱਸ ਅੱਡਾ 4 ਮੰਜਿਲਾ ਬਨਣਾ ਸੀ ਤੇ ਇੱਕ ਬੇਸਮਂੈਟ ਤੋਂ ਇਲਾਵਾ ਸਕੂਟਰਾਂ ਕਾਰਾਂ ਆਦਿ ਲਈ ਪਾਰਕਿੰਗ ਵੀ ਤਿਆਰ ਕੀਤੀ ਜਾਣੀ ਸੀ। ਉਸ ਵਕਤ ਦੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਟੇਜਾਂ ਤੋਂ ਏਸੀ ਬੱਸ ਅੱਡੇ ਦਾ ਜਿਕਰ ਕਰਿਆ ਕਰਦੇ ਸਨ। ਬਾਦਲ ਪ੍ਰੀਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਵੱਲੋਂ ਬਠਿੰਡਾ ਸੰਸਦੀ ਹਲਕੇ ਤੋਂ ਚੋਣ ਲੜਨ ਕਾਰਨ ਸਾਲ 2009 ਦੀਆਂ ਲੋਕ ਸਭਾ ਚੋਣਾਂ ਦੌਰਾਨ ਇਹ ਬੱਸ ਅੱਡਾ ਵੱਡੀ ਪੱਧਰ ਤੇ ਚਰਚਾ ਦਾ ਵਿਸ਼ਾ ਬਣਿਆ ਸੀ। ਇਸ ਨੂੰ ਬਣਾਉਣ ਪ੍ਰਜੈਕਟ ਵੀ ਤਿਆਰ ਹੋ ਗਿਆ ਪਰ ਸਿਰੇ ਨਾਂ ਚੜ੍ਹ ਸਕਿਆ ਅਤੇ ਮਗਰੋਂ ਸੱਤ ਸਾਲ ਭਾਫ ਵੀ ਬਾਹਰ ਨਹੀਂ ਕੱਢੀ ਗਈ।
ਰੌਚਕ ਪਹਿਲੂ ਹੈ ਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਸਿਆਸੀ ਲਾਹੇ ਖਾਤਰ 13 ਦਸੰਬਰ 2016 ਨੂੰ ਪਟੇਲ ਨਗਰ ’ਚ ਤੱਤਕਾਲੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਨੀਂਹ ਪੱਥਰ ਰੱਖ ਦਿੱਤਾ। ਇੱੱਥੇ ਕੁੱਲ 17 ਏਕੜ ’ਚ ਪ੍ਰਜੈਕਟ ਉਸਾਰਿਆ ਜਾਣਾ ਸੀ ਜਿਸ ਚੋਂ 8 ਏਕੜ ’ਚ ਬੱਸ ਅੱਡਾ , ਦੋ ਏਕੜ ’ਚ ਵਰਕਸ਼ਾਪ ਅਤੇ 7 ਏਕੜ ਜਗ੍ਹਾ ਵਪਾਰਿਕ ਮੰਤਵ ਲਈ ਰੱਖੀ ਗਈ ਸੀ। ਸੂਤਰ ਦੱਸਦੇ ਹਨ ਕਿ ਨਜ਼ਦੀਕ ਫੌਜੀ ਛਾਉਣੀ ਹੋਣ ਕਾਰਨ ਫੌਜ ਪ੍ਰਸ਼ਾਸ਼ਨ ਦੇ ਇਤਰਾਜ ਦੂਰ ਕੀਤਿਆਂ ਹੀ ਨੀਂਹ ਪੱਥਰ ਰੱਖਿਆ ਸੀ ਪਰ ਇੰਨ੍ਹਾਂ ਇਤਰਾਜਾਂ ਨੂੰ ਦੌਰ ਨਾਂ ਕਰਨ ਕਾਰਨ ਪ੍ਰਜੈਕਟ ਲਟਕ ਗਿਆ। ਸਾਲ 2017 ’ਚ ਸੱਤਾ ਵਿੱਚ ਆਈ ਕਾਂਗਰਸ ਸਰਕਾਰ ਦੇ ਰਾਜ ਵਿੱਚ ਉਸ ਵਕਤ ਦੇ ਵਿੱਤ ਮੰਤਰੀ ਨੇ ਫੌਜ ਦੀ ਐਨਓਸੀ ਲਈ ਰੱਖਿਆ ਮੰਤਰੀ ਨਾਲ ਮੀਟਿੰਗ ਵੀ ਕੀਤੀ ਸੀ ਜਿਸ ਦਾ ਕੋਈ ਸਿੱਟਾ ਨਾਂ ਨਿਕਲਿਆ।

ਕਾਂਗਰਸ ਸਰਕਾਰ ਇੱਕ ਕਰੋੜ ਰੁਪਿਆ ਖਰਚਣ ਨਾਲ ਪੁਰਾਣੇ ਬੱਸ ਅੱਡੇ ਦਾ ਨਵੀਨੀਕਰਨ ਕਰਵਾਕੇ ਸੁਰਖੁਰੂ ਹੋ ਗਈ। ਸਾਲ 2022 ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਵਿਧਾਇਕ ਜਗਰੂਪ ਗਿੱਲ ਨੇ ਫੌਜ ਪ੍ਰਸ਼ਾਸ਼ਨ ਦੇ ਝੰਜਟ ’ਚ ਪੈਣ ਦੀ ਥਾਂ ਮਲੋਟ ਰੋਡ ਤੇ ਬੱਸ ਅੱਡਾ ਬਨਾਉਣ ਦਾ ਐਲਾਨ ਕਰ ਦਿੱਤਾ। ਇਸ ਪ੍ਰਜੈਕਟ ਲਈ ਤਿਆਰੀ ਸ਼ੁਰੂ ਹੋ ਗਈ ਅਤੇ ਕਰੀਬ 17 ਏਕੜ ਜਗ੍ਹਾ ਦੀ ਸ਼ਿਨਾਖਤ ਵੀ ਕਰ ਲਈ। ਮਲੋਟ ਰੋਡ ਤੇ ਫਲਾਈਓਵਰ ਦੇ ਨਜ਼ਦੀਕ ਹੋਣ ਕਾਰਨ ਹਾਦਸਿਆਂ ਦੇ ਡਰੋਂ ਇੱਕ ਵਾਰ ਫਿਰ ਜਗ੍ਹਾ ਬਦਲ ਦਿੱਤੀ ਗਈ ਅਤੇ ਅੰਬੂਜਾ ਸੀਮਿੰਟ ਦੇ ਨਜ਼ਦੀਕ ਥਰਮਲ ਦੀ ਥਾਂ ’ਚ ਬੱਸ ਅੱਡਾ ਬਨਾਉਣ ਦਾ ਫੈਸਲਾ ਕਰ ਲਿਆ। ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਕਨਵੀਨਰ ਅਰਵਿੰਦ ਕੇਜ਼ਰੀਵਾਲ ਨੇ ਨੀਂਹ ਪੱਥਰ ਵੀ ਰੱਖ ਦਿੱਤਾ ਫਿਰ ਵੀ ਅਜੇ ਤੱਕ ਬੱਸ ਅੱਡੇ ਦੀ ਉਸਾਰੀ ਨੂੰ ਖੰਭ ਨਹੀਂ ਲੱਗੇ ਹਨ।
ਇਹ ਹੈ ਬੱਸ ਅੱਡੇ ਦਾ ਪ੍ਰਜੈਕਟ
ਅੰਬੂਜਾ ਸੀਮਿੰਟ ਕੰਪਨੀ ਦੇ ਨਜ਼ਦੀਕ ਥਰਮਲ ਪਲਾਂਟ ਦੀ 30 ਏਕੜ ਜਗ੍ਹਾ ’ਚ ਬੱਸ ਅੱਡਾ ਬਨਾਉਣ ਦੀ ਯੋਜਨਾ ਹੈ। ਇਸ ਵਿੱਚ 2 ਏਕੜ ਥਾਂ ਵਪਾਰਿਕ ਮੰਤਵ ਲਈ ਹੈ ਜਦੋਂਕਿ 4 ਏਕੜ ਵਿੱਚ ਵਰਕਸ਼ਾਪ ਬਣਾਈ ਜਾਣੀ ਹੈ ਅਤੇ ਕਰੀਬ 11 ਏਕੜ ਵਿੱਚ ਏਸੀ ਬੱਸ ਅੱਡਾ ਬਣੇਗਾ। ਅਕਤੂਬਰ 2023 ’ਚ ਬਠਿੰਡਾ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਦੀ ਸਲਾਹ ਨਾਲ ਬੱਸ ਅੱਡਾ ਬਨਾਉਣ ਦੀ ਗੱਲ ਆਖੀ ਸੀ। ਸਾਲ 2024 ’ਚ ਮੁੱਖ ਮੰਤਰੀ ਨੇ ਕਿਹਾ ਸੀ ਕਿ ਬਠਿੰਡਾ ’ਚ ਦੋ ਬੱਸ ਅੱਡੇ ਹੋਣਗੇ। ਹੁਣ ਬੱਸ ਅੱਡੇ ਦੇ ਅੱਛੇ ਦਿਨ ਕਦੋਂ ਆਉਣਗੇ ਇਹ ਭੇਦ ਬਣਿਆ ਹੋਇਆ ਹੈ।
ਗੁੰਮਸ਼ੁਦਾ ਦੇ ਲੱਗੇ ਸੀ ਪੋਸਟਰ
ਲਾਈਨੋਪਾਰ ਦੇ ਸਾਬਕਾ ਕੌਂਸਲਰ ਅਤੇ ਅਕਾਲੀ ਆਗੂ ਵਿਜੇ ਕੁਮਾਰ ਸ਼ਰਮਾ ਨੇ ਤਾਂ ਬੱਸ ਅੱਡਾ ਗੁੰਮ ਹੋਣ ਸਬੰਧੀ ਫਲੈਕਸਾਂ ਲਾਕੇ ਰੋਸ ਵੀ ਜਾਹਰ ਕੀਤਾ ਸੀ। ਉਨ੍ਹਾਂ ਸਰਕਾਰ ਦੇ ਨਾਲ ਨਾਲ ਵਿਧਾਇਕ ਜਗਰੂਪ ਸਿੰਘ ਗਿੱਲ ਨੂੰ ਘੇਰਿਆ ਸੀ ਜਿੰਨ੍ਹਾਂ ਦੀ ਰਿਹਾਇਸ਼ ਲਾਈਨੋਪਾਰ ਇਲਾਕੇ ਵਿੱਚ ਹੈ।
ਸੰਜੀਦਾ ਨਹੀਂ ਸਰਕਾਰ
ਸਮਾਜਿਕ ਕਾਰਕੁੰਨ ਸਾਧੂ ਰਾਮ ਕੁਸਲਾ ਦਾ ਕਹਿਣਾ ਸੀ ਕਿ ਐਲਾਨਾਂ ਦੇ ਬਾਵਜੂਦ ਬੱਸ ਅੱਡੇ ਲਈ ਇੱਕ ਵੀ ਇੱਟ ਨਾਂ ਲੱਗਣੀ ਸਵਾਲ ਖੜ੍ਹੇ ਕਰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸੰਜੀਦਾ ਨਹੀਂ, ਜੇਕਰ ਹੁੰਦੀ ਤਾਂ ਸ਼ਹਿਰ ਵਾਸੀਆਂ ਨੂੰ ਟਰੈਫਿਕ ਦਾ ਸੰਤਾਪ ਨਹੀਂ ਝੱਲਣਾ ਪੈਣਾ ਸੀ । ਉਨ੍ਹਾਂ ਮੰਗ ਕੀਤੀ ਕਿ ਸਰਕਾਰ ਸਮੂਹ ਧਿਰਾਂ ਦੀ ਸਹਿਮਤੀ ਨਾਲ ਪ੍ਰਜੈਕਟ ਸ਼ੁਰੂ ਕਰੇ।
ਜਲਦੀ ਕੰਮ ਸ਼ੁਰੂ-ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਜਲਦੀ ਹੀ ਕੰਮ ਸ਼ੁਰੂ ਕੀਤਾ ਜਾਏਗਾ।