SGPC ਇਜਲਾਸ; ਕਿਤੇ 28 ਮਾਰਚ ਨੂੰ ਟਕਰਾਅ ਦੀ ਸਥਿਤੀ ਨਾ ਬਣ ਜਾਵੇ... ਬੀਬੀ ਜਗੀਰ ਕੌਰ ਨੇ ਕੀਤੀ ਵੱਡੀ ਅਪੀਲ
ਬਾਬੂਸ਼ਾਹੀ ਬਿਊਰੋ
ਅੰਮ੍ਰਿਤਸਰ25 ਮਾਰਚ 2025- ਐਸਜੀਪੀਸੀ ਦਾ ਸਲਾਨਾ ਇਜਲਾਸ 28 ਮਾਰਚ ਨੂੰ ਬੁਲਾਇਆ ਗਿਆ ਹੈ ਅਤੇ ਉਸ ਤੋਂ ਪਹਿਲਾਂ ਹੀ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਦੇ ਵੱਲੋਂ ਸਮੂਹ ਪੰਥਕ ਧਿਰਾਂ ਨੁੰ ਐਸਜੀਪੀਸੀ ਦਫ਼ਤਰ ਸਾਹਮਣੇ ਪ੍ਰਦਰਸ਼ਨ ਕਰਨ ਦਾ ਐਲਾਨ ਕਰ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ 28 ਮਾਰਚ ਨੂੰ ਟਕਰਾਅ ਦੀ ਸਥਿਤੀ ਪੈਦਾ ਹੋ ਸਕਦੀ ਹੈ। ਇਸੇ ਵਿਚਾਲੇ ਐਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਸਾਰੀਆਂ ਪੰਥਕ ਧਿਰਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਿਆਂ ਹੋਇਆ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਵੀ ਖ਼ਾਸ ਅਪੀਲ ਕੀਤੀ ਹੈ।
ਉਨ੍ਹਾਂ ਨੇ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ-- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਪੰਥ ਦੀ ਨੁਮਾਇੰਦਾ ਸੰਸਥਾ ਹੈ। ਇਸ ਸੰਸਥਾ ਸਬੰਧੀ ਕੋਈ ਵੀ ਚਿੰਤਾ ਜਾਂ ਵਿਰੋਧ ਗੁਰਮਤਿ ਮਰਿਆਦਾ ਪਰੰਪਰਾ ਅਤੇ ਪੰਥਕ ਸੰਵਾਦ ਰਾਹੀਂ ਹੀ ਹੱਲ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਵਿਕਾਰ ਨੂੰ ਕਾਇਮ ਰੱਖਣਾ ਇਸ ਦੇ ਪ੍ਰਬੰਧਕਾਂ ਅਤੇ ਸਮੁੱਚੀ ਕੌਮ ਦੀ ਜਿੰਮੇਵਾਰੀ ਹੈ ।
2 ਦਸੰਬਰ ਦੇ ਹੁਕਮਨਾਮੇ ਨਾਲ ਇੱਕ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬ ਉੱਚਤਾ ਬਹਾਲ ਹੁੰਦੀ ਦਿਸੀ ਦੂਜੇ ਪਾਸੇ ਕੌਮ ਵਿੱਚ ਇਹ ਆਸ ਜਾਗੀ ਸੀ ਕਿ ਪੰਥ ਦੀ ਇੱਕ ਸਦੀ ਪੁਰਾਣੀ ਰਾਜਨੀਤਿਕ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਵੀ ਪੁਨਰ ਸੁਰਜੀਤ ਹੋ ਕੇ ਤਕੜਾ ਹੋ ਸਕਾਂਗੇ। ਪਰ ਉਸ ਤੋਂ ਬਾਅਦ ਲਗਾਤਾਰ ਇਹੋ ਜਿਹੀਆਂ ਘਟਨਾਵਾਂ ਹੋਈਆਂ ਜਿਸ ਨੇ ਪੰਥ ਵਿੱਚ ਨਿਰਾਸ਼ਾ ਅਤੇ ਗੁੱਸਾ ਪੈਦਾ ਕੀਤਾ 2 ਦਸੰਬਰ ਦੇ ਹੁਕਮਨਾਮੇ ਦੇ ਆਦੇਸ਼ ਨੂੰ ਲਾਗੂ ਕਰਨ ਦੀ ਬਜਾਏ ਸਿਆਸੀ ਹਿੱਤਾਂ ਲਈ ਸਤਿਕਾਰਯੋਗ ਸਿੰਘ ਸਾਹਿਬਾਨਾਂ ਨੂੰ ਜਿਸ ਤਰੀਕੇ ਨਾਲ ਕਿਰਦਾਰ ਕੁਸ਼ੀ ਕਰਕੇ ਜਲੀਲ ਕਰਦਿਆਂ ਸੇਵਾਵਾਂ ਤੋਂ ਲਾਂਭੇ ਕੀਤਾ ਗਿਆ ਉਸ ਨਾਲ ਤਖਤ ਸਾਹਿਬਾਨ ਅਤੇ ਸ੍ਰੋਮਣੀ ਕਮੇਟੀ ਦੇ ਸਨਮਾਨ ਨੂੰ ਠੇਸ ਪੁੱਜੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਵੀ ਕਮਜ਼ੋਰੀ ਦਿਖਾਉਂਦਿਆਂ ਕੋਈ ਆਪਣੀ ਜਿੰਮੇਵਾਰੀ ਨਹੀਂ ਨਿਭਾਈ ਜਿਸ ਕਰਕੇ ਸਥਿਤੀ ਹੋਰ ਖਰਾਬ ਹੋਈ।
ਇਸ ਲਈ ਸਾਨੂੰ ਸਾਰੇ ਇਕੱਠੇ ਹੋ ਕੇ ਦੋ ਦਸੰਬਰ 2024 ਦਾ ਹੁਕਮਨਾਮਾ ਇਨ ਬਿਨ ਲਾਗੂ ਕਰਵਾਉਣ ਲਈ ਸੁਹਿਰਦ ਯਤਨ ਕਰਨੇ ਚਾਹੀਦੇ ਹਨ। ਪਰ ਹੁਣ ਹਾਲਾਤ ਹੋਰ ਖਰਾਬ ਨਜ਼ਰ ਆਉਂਦੇ ਜਾਪਦੇ ਹਨ ਨਿਜੀ ਤੌਰ ਤੇ ਮੇਰਾ ਮਨ ਪਿਛਲੇ ਤਿੰਨ ਚਾਰ ਦਿਨਾਂ ਤੋਂ ਬਹੁਤ ਬੇਚੈਨ ਹੈ। ਆਪਣੇ ਤਜਰਬੇ ਦੇ ਆਧਾਰ ਤੇ ਅਤੇ ਜੋ ਮੌਜੂਦਾ ਹਾਲਾਤ ਨਜ਼ਰ ਆਉਂਦੇ ਹਨ ਉਹਨਾਂ ਦੇ ਆਧਾਰ ਤੇ ਮੈਨੂੰ ਲੱਗ ਰਿਹਾ ਹੈ ਕਿ 28 ਮਾਰਚ ਨੂੰ ਸਥਿਤੀ ਕਿਤੇ ਟਕਰਾਅ ਵਾਲੀ ਨਾ ਬਣ ਜਾਵੇ ਜਿਸ ਨਾਲ ਪੰਥ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੇ ਵਕਾਰ ਨੂੰ ਹੋਰ ਠੇਸ ਪਹੁੰਚੇਗੀ। ਸਾਡੀ ਸਾਰਿਆਂ ਦੀ ਕੋਸ਼ਿਸ਼ ਇਹ ਹੋਈ ਚਾਹੀਦੀ ਹੈ ਕਿ ਜੋ ਅੰਤਰਿਕ ਕਮੇਟੀ ਦੇ ਤਿੰਨ ਮੈਂਬਰਾਂ ਦੀ ਆਵਾਜ਼ ਨੂੰ ਦਬਾਉਂਦਿਆਂ ਕਾਬਜ ਧੜੇ ਦੇ ਮੈਂਬਰਾਂ ਵੱਲੋਂ ਜੋ ਸਥਿਤੀ ਖਰਾਬ ਕੀਤੀ ਹੈ। ਤਾਂ ਬਾਕੀ ਸਮੁੱਚੀਆਂ ਧਿਰਾਂ ਵੀ ਕੋਈ ਇਹੋ ਜਿਹਾ ਕਦਮ ਨਾ ਚੁੱਕਣ ਕਿ ਸਥਿਤੀ ਅਤੇ ਅਕਸ ਹੋਰ ਖਰਾਬ ਹੋਣ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਮੇਰੀ ਮੌਜੂਦਾ ਪ੍ਰਧਾਨ ਐਸ ਜੀ ਪੀ ਸੀ ਨੂੰ ਬੇਨਤੀ ਹੈ ਕਿ ਉਹ ਸਾਰੇ ਮੈਂਬਰਾਂ ਨੂੰ ਇਕੱਠੇ ਬਿਠਾਉਣ ਅਤੇ ਉਹਨਾਂ ਨਾਲ ਖੁੱਲੇ ਮਨ ਨਾਲ ਵਿਚਾਰ ਕਰਨੀ ਚਾਹੀਦੀ ਹੈ ਕਿ ਇਸ ਵਿੱਚੋਂ ਉਸਾਰੂ ਹੱਲ ਕਿਵੇਂ ਲੱਭਿਆ ਜਾਵੇ ਮੈਨੂੰ ਆਸ ਹੈ ਕਿ ਜੇ ਸਾਰੇ ਮੈਂਬਰ ਆਪਣੇ ਸਿਆਸੀ ਅਕਾਵਾਂ ਨੂੰ ਛੱਡ ਕਿ ਆਪ ਹੀ। ਗੁਰੂ ਦੇ ਸਨਮੁਖ ਹੋ ਬੈਠਣ ਤਾ ਗੁਰਮਤਿ ਦੀ ਰੋਸ਼ਨੀ ਵਿੱਚੋਂ ਸਾਰਥਿਕ ਹੱਲ ਨਿਕਲ ਸਕਦੇ ਹਨ।
ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜੇ ਸ਼੍ਰੋਮਣੀ ਕਮੇਟੀ ਖਿਲਾਫ ਰੋਸ ਦੀ ਭਾਵਨਾ ਲੈ ਕੇ ਇਕੱਠ ਹੁੰਦਾ ਹੈ ਤਾਂ ਉਸ ਦਾ ਫਾਇਦਾ ਕੋਈ ਪੰਥ ਵਿਰੋਧੀ ਜਾਂ ਬਾਹਰੀ ਸ਼ਕਤੀਆਂ ਵੀ ਉਠਾ ਸਕਦੀਆਂ ਹਨ ਜੇ ਕੋਈ। ਅਣਸੁਖਾਵੀ ਘਟਨਾ ਵਾਪਰੀ ਤਾਂ ਸਾਰੀ ਕੰਮ ਵਿੱਚ ਹੋਰ ਨਮੋਸ਼ੀ| ਆਵੇਗੀ ਅਤੇ ਸ਼੍ਰੋਮਣੀ ਸੰਸਥਾ ਦੇ ਅਕਸ਼ ਨੂੰ ਵੀ ਠੇਸ ਪਹੁੰਚੇਗੀ।।
ਪੰਥ ਨੇ ਹਮੇਸ਼ਾ ਸੰਵਾਦ ਅਤੇ ਸਾਂਝੀ ਸੋਚ ਰਾਹੀਂ ਅੱਗੇ ਵਧਣ ਦੀ ਰੀਤ ਨਿਭਾਈ ਹੈ। 18ਵੀਂ ਸਦੀ ਦੇ ਸਿੱਖ ਮਿਸਲਾਂ ਦੇ ਸਮੇਂ ਦੌਰਾਨ ਆਪਸੀ ਮੱਤਭੇਦਾਂ ਦੇ ਬਾਵਜੂਦ ਵੱਡੇ ਕੌਮੀ ਫੈਸਲੇ ਸਲਾਹ ਮਸ਼ਵਰੇ ਨਾਲ ਲਏ ਜਾਂਦੇ ਸਨ ਸਾਨੂੰ ਉਸ ਭਾਵਨਾ ਅਤੇ ਮਾਡਲ ਵੱਲ ਦੇਖਣ ਦੀ ਲੋੜ ਹੈ। ਮੇਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਫਿਰ ਦੁਬਾਰਾ ਸਿਨਮਰ ਬੇਨਤੀ ਹੈ ਕਿ ਉਹ ਸਾਰੇ ਮੈਂਬਰਾਂ ਨੂੰ ਇਕੱਠੇ ਕਰਕੇ ਗੁਰਮਤਿ ਦੀ ਜੁਗਤ ਵਿੱਚੋਂ ਵਿਚਾਰ ਕਰਨ ਅਤੇ ਸਿੱਖ ਜਥੇਬੰਦੀਆਂ ਵੀ ਲਿਖਤੀ ਰੂਪ ਵਿੱਚ ਪੰਥਕ ਨੁਮਾਇੰਦਿਆਂ ਰਾਹੀਂ ਸ਼੍ਰੋਮਣੀ ਕਮੇਟੀ ਨਾਲ ਗੱਲਬਾਤ ਕਰਨ ਅਤੇ ਕਿਸੇ ਵੀ ਇਹੋ ਜਿਹੀ ਕਾਰਵਾਈ ਤੋਂ ਬਚਣ ਜਿਸ ਨਾਲ ਟਕਰਾ ਪੈਦਾ ਹੁੰਦਾ ਹੋਵੇ। ਅਸੀਂ ਗਿਣਤੀ ਨਾਲ ਨਹੀਂ। ਗੱਲ ਦੀ ਗੰਭੀਰਤਾ ਨਾਲ ਆਪਣੀ ਤਾਕਤ ਦਰਸਾਈਏ। ਲੋੜ ਕੈਮ ਨੂੰ ਖਾਨਾ ਜੰਗੀ ਤੋਂ ਬਚਾਉਣ ਦੀ ਹੈ ਮੇਰੀ ਇਹ ਅਪੀਲ ਵੀ ਉਸੀ ਭਾਵਨਾ ਵਿੱਚੋਂ ਨਿਕਲੀ ਹੈ।