ਪੰਜਾਬ ਦਾ ਕਰਜ਼ਾ ਮੁਆਫ਼ ਕਰਨ ਦੀ ਪਾਰਲੀਮੈਂਟ 'ਚ ਗੂੰਜ, ਸੰਤ ਸੀਚੇਵਾਲ ਨੇ ਵਾਹਗਾ ਬਾਰਡਰ ਖੋਲ੍ਹਣ ਦੀ ਕੀਤੀ ਮੰਗ
ਕਿਸਾਨਾਂ ਤੇ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਦਾ ਰਿਕਾਰਡ ਨਾ ਰੱਖਣਾ ਮੰਦਭਾਗਾ
ਪੰਜਾਬ ਦੇ ਮਸਲਿਆਂ ਨੂੰ ਹੱਲ ਕਰਨ ਵਿੱਚ ਕੇਂਦਰ ਸਰਕਾਰ ਬਣਦੀ ਭੂਮਿਕਾ ਨਿਭਾਵੇ
ਸੰਸਦ ਵਿਚ ਗੂੰਜਿਆ ਕਿਸਾਨਾਂ ਤੇ ਮਜ਼ਦੂਰਾਂ ਦੀ ਆਮਦਨ ਦਾ ਮੁੱਦਾ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 25 ਮਾਰਚ 2025- ਪੰਜਾਬ ਸਿਰ ਚੜ੍ਹੇ 3 ਲੱਖ 74 ਹਜ਼ਾਰ ਕਰੋੜ ਦੀ ਗੂੰਜ ਅੱਜ ਪਾਰਲੀਮੈਂਟ ਵਿੱਚ ਪੈਂਦੀ ਰਹੀ। ਜ਼ੀਰੋ ਆਵਰ ਦੌਰਾਨ ਆਰਥਿਕ ਸੰਕਟ ਵਿੱਚ ਘਿਰੇ ਪੰਜਾਬ ਦੇ ਮਸਲਿਆਂ ਨੂੰ ਉਠਾਉਂਦਿਆਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਦੇਸ਼ ਦੇ ਮੋਹਰੀ ਸੂਬਿਆਂ ਵਿਚ ਗਿਿਣਆ ਜਾਣ ਵਾਲਾ ਪੰਜਾਬ ਫਾਡੀ ਕਿਵੇਂ ਹੋ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਜਿਸਦੀ ਆਰਥਿਕਤਾ ਪੂਰੀ ਤਰ੍ਹਾਂ ਨਾਲ ਖੇਤੀਬਾੜੀ 'ਤੇ ਨਿਰਭਰ ਹੈ, ਇਸ ਸਮੇਂ ਉਸਦਾ ਖੇਤੀ ਸੈਕਟਰ ਸੰਕਟ ਵਿੱਚ ਆਇਆ ਹੋਇਆ ਹੈ। ਪੰਜਾਬ ਜਿਸਨੇ ਹਮੇਸ਼ਾ ਹੀ ਦੇਸ਼ ਦੇ ਅਨਾਜ਼ ਭੰਡਾਰਾਂ ਨੂੰ ਭਰ ਕਿ ਰੱਖਿਆ ਉਹ ਇਸ ਸਮੇਂ ਕਰਜ਼ੇ ਨਾਲ ਜੂਝ ਰਿਹਾ ਹੈ। ਪੰਜਾਬ ਸਿਰ ਇਸ ਸਮੇਂ 3 ਲੱਖ 74 ਹਜ਼ਾਰ ਕਰੋੜ ਦੇ ਕਰੀਬ ਕਰਜ਼ਾ ਹੈ। ਇਸ ਕਰਜ਼ੇ ਦੇ ਵਿਆਜ਼ ਦੀਆਂ ਕਿਸ਼ਤਾਂ ਮੋੜਨੀਆਂ ਵੀ ਔਖੀਆਂ ਹਨ।
ਸੰਤ ਸੀਚੇਵਾਲ ਨੇ ਦੱਸਿਆ ਕਿ ਪੰਜਾਬ ਸਿਰ ਇਹ ਕਰਜ਼ਾ ਉਸ ਵੇਲੇ ਚੜ੍ਹਨਾ ਸ਼ੁਰੂ ਹੋਇਆ ਸੀ ਜਦੋਂ ਪੰਜਾਬ ਵਿੱਚ ਕੇਂਦਰੀ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਸਨ। ਇਹਨਾਂ ਕੇਂਦਰੀ ਸੁਰੱਖਿਆ ਬਲਾਂ ਦਾ ਖਰਚਾ ਪੰਜਾਬ ਸਿਰ ਪਾ ਦਿੱਤਾ ਗਿਆ ਸੀ ਜਦਕਿ ਉਸ ਵੇਲੇ ਸੂਬਾ ਦੇਸ਼ ਦੀ ਏਕਤਾ ਅਤੇ ਆਖੰਡਤਾ ਦੀ ਲੜਾਈ ਲੜ ਰਿਹਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮਸਲਿਆਂ ਨੂੰ ਹੱਲ ਕਰਨ ਵਿੱਚ ਜਿਹੜੀ ਭੂਮਿਕਾ ਕੇਂਦਰ ਸਰਕਾਰ ਦੀ ਬਣਦੀ ਹੈ। ਉਹ ਪਹਿਲ ਦੇ ਅਧਾਰ 'ਤੇ ਨਿਭਾਈ ਜਾਵੇ।
ਪੰਜਾਬ ਦੀ ਖੇਤੀ ਹੀ ਸੰਕਟ ਵਿੱਚ ਫਸ ਚੁੱਕੀ ਹੈ। ਇਸ ਵਕਤ ਪੰਜਾਬ ਵਿੱਚ ਸੂਬੇ ਵਿੱਚ ਸਭ ਤੋਂ ਵੱਡਾ ਮਸਲਾ ਪਾਣੀਆਂ ਦਾ ਹੈ। ਪੰਜਾਬ ਵਿੱਚ ਧਰਤੀ ਹੇਠਲਾ ਪਾਣੀ ਬਹੁਤ ਡੂੰਘਾ ਹੋ ਗਿਆ ਹੈ। ਹਾਲ ਹੀ ਵਿੱਚ ਲੋਕ ਸਭਾ ਵਿੱਚ ਪੇਸ਼ ਕੀਤੀ ਗਈ ਰਿਪੋਰਟ ਦੱਸਦੀ ਹੈ ਕਿ ਪੰਜਾਬ ਦੇ 20 ਜ਼ਿਲ੍ਹਿਆ ਵਿੱਚ ਨਾਈਟਰੇਟ ਦੀ ਮਾਤਰਾ ਵੱਧ ਗਈ ਹੈ ਜੋ ਫਸਲਾਂ ਲਈ ਬਹੁਤ ਹਾਨੀਕਾਰਕ ਹੈ। ਇਸੇ ਤਰ੍ਹਾਂ ਪੰਜਾਬ ਦੇ 12 ਜ਼ਿਲ੍ਹਿਆ ਵਿੱਚ ਆਰਸੈਨਿਕ ਦੀ ਮਾਤਰਾ ਵੱਧ ਪਾਈ ਗਈ ਹੈ ਜਿਹੜੀ ਚਮੜੀ ਤੇ ਕੈਂਸਰ ਦੇ ਰੋਗਾਂ ਵਿੱਚ ਵਾਧਾ ਕਰ ਰਹੀ ਹੈ। ਧਰਤੀ ਹੇਠਲੇ ਪਾਣੀ ਦੇ ਨਾਲ ਨਾਲ ਦਰਿਆਵਾਂ ਦੇ ਪਾਣੀਆਂ ਵਿੱਚ ਵੀ ਘੁੱਲ ਰਹੀਆਂ ਜ਼ਹਿਰਾਂ ਵੱਡੀ ਚਿੰਤਾ ਦਾ ਵਿਸ਼ਾ ਹਨ।
ਸੰਤ ਸੀਚੇਵਾਲ ਨੇ ਕਿਹਾ ਕਿ ਪੰਜਾਬ ਦੀ ਆਰਥਿਕਤਾ ਅਤੇ ਖੇਤੀਬਾੜੀ ਵਿੱਚ ਆਏ ਇਸ ਸੰਕਟ ਨੂੰ ਦੇਖਦਿਆਂ ਕੇਂਦਰ ਸਰਕਾਰ ਪੰਜਾਬ ਦੇ ਉੱਤੇ ਚੜ੍ਹੇ ਕਰਜ਼ੇ ਤੇ ਲੀਕ ਮਾਰੇ ਜਿਵੇਂ ਕਾਰਪੋਰੇਟਾਂ ਦੇ 16 ਲੱਖ ਕਰੋੜ ਤੇ ਮਾਰੀ ਗਈ ਸੀ। ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਕਿਸਾਨ ਜੋ ਦੇਸ਼ ਦਾ ਢਿੱਡ ਭਰਦਾ ਹੈ ਤੇ ਦਿਨ ਰਾਤ ਮੇਹਨਤ ਕਰਦੇ ਹਨ। ਪਰ ਉਹਨਾਂ ਦੀ ਆਮਦਨ ਓਨੀ ਨਹੀਂ ਹੈ। ਸੰਤ ਸੀਚੇਵਾਲ ਨੇ ਸਦਨ ਵਿੱਚ ਕਿਹਾ ਕਿ ਦੇਸ਼ ਦੀ ਅਜ਼ਾਦੀ ਤੋਂ ਬਾਅਦ ਹਰ ਸੈਕਟਰ ਨੇ ਵਿਕਾਸ ਦੀ ਬੁਲੰਦੀਆਂ ਨੂੰ ਛੂਹਿਆ ਪਰ ਕਿਸਾਨ ਤੇ ਮਜ਼ਦੂਰਾਂ ਦੀ ਹਲਾਤ ਲਗਾਤਾਰ ਹੀ ਤਰਸਯੋਗ ਬਣਦੀ ਗਈ। ਸੰਤ ਸੀਚੇਵਾਲ ਨੇ ਸਦਨ ਵਿੱਚ ਪੁਰਜ਼ੋਰ ਮੰਗ ਕੀਤੀ ਕਿ ਪੰਜਾਬ ਸਮੇਤ ਦੇਸ਼ ਦੇ ਸਾਰੇ ਕਿਸਾਨਾਂ ਤੇ ਮਜ਼ਦੂਰਾਂ ਦੀ ਬਾਂਹ ਫੜੀ ਜਾਵੇ। ਕਿਸਾਨਾਂ ਅਤੇ ਮਜ਼ਦੂਰਾਂ ਦੇ ਸਿਰ ਚੜ੍ਹੇ ਹਰ ਤਰ੍ਹਾਂ ਦੇ ਕਰਜ਼ੇ ਮੁਆਫ ਕੀਤੇ ਜਾਣ, ਕਿਉਂਕਿ ਕਿਸਾਨ ਬਚਣਗੇ ਤਾਂ ਹੀ ਉਸ ਤੇ ਨਿਰਭਰ ਮਜ਼ਦੂਰ ਬਚਣਗੇ।